ਕੈਨੇਡਾ ਚੋਣਾਂ 2019 ਨਤੀਜੇ : ਟਰੂਡੋ ਦੀ ਲਿਬਰਲ ਪਾਰਟੀ ਨੇ ਮੁੜ ਬਾਜ਼ੀ ਮਾਰੀ ਪਰ ਸਰਕਾਰ ਬਣਾਉਣ ਲਈ ਕਰਨਾ ਪਵੇਗਾ ਗਠਜੋੜ–338 ਵਿਚੋਂ ਮਿਲੀਆਂ 156 ਸੀਟਾਂ, ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ

ਟੋਰਾਂਟੋ/22 ਅਕਤੂਬਰ/2019
ਕੈਨੇਡਾ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਇੱਕ ਵਾਰ ਫੇਰ ਜਿੱਤ ਦੇ ਝੰਡੇ ਗੱਡਦਿਆਂ ਆਪਣੀ ਸਰਕਾਰ ਬਣਾਉਣ ਦੇ ਨਜ਼ਦੀਕ ਪਹੁੰਚ ਗਈ ਹੈ। ਪ੍ਰੰਤੂ ਇਸ ਵਾਰ ਲਿਬਰਲ ਪਾਰਟੀ ਨੂੰ ਭਾਵੇਂ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਸੀਟਾਂ ਉਤੇ ਜਿੱਤ ਪ੍ਰਾਪਤ ਹੋਈ ਹੈ ਪ੍ਰੰਤੂ ਸਰਕਾਰ ਬਣਾਉਣ ਲਈ 170 ਸੀਟਾਂ ਦੀ ਲੋੜ ਹੁੰਦੀ ਹੈ ਇਸ ਲਈ ਹੁਣ ਲਿਬਰਲ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਿਚੋਂ ਕਿਸੇ ਇੱਕ ਪਾਰਟੀ ਨਾਲ ਗਠਜੋੜ ਕਰਨਾ ਪਵੇਗਾ।  ਲਿਬਰਲ ਪਾਰਟੀ ਨੂੰ  ਇਸ ਵਾਰ 2015 ਵਾਲਾ ਬਹੁਮਤ ਨਹੀਂ ਮਿਲਿਆ ਹੈ 

ਕੈਨੇਡਾ ਦੇ 338 ਪਾਰਲੀਮੈਂਟ ਚੋਣ ਹਲਕਿਆਂ ਵਿਚੋਂ ਲਿਬਰਲ ਪਾਰਟੀ ਨੇ 156 ਦੇ ਕਰੀਬ ਹਲਕਿਆਂ ਵਿਚ ਜਿੱਤ ਹਾਸਲ ਕੀਤੀ ਹੈ। ਦੂਜੇ ਨੰਬਰ ਉਤੇ ਕੰਜਰਵੇਟਿਵ ਪਾਰਟੀ ਨੂੰ 122 ਸੀਟਾਂ, ਬੀ ਕਿਊਬਿਕ ਪਾਰਟੀ ਨੂੰ 32, ਜਗਮੀਤ ਸਿੰਘ ਦੀ ਐਨਡੀਪੀ ਪਾਰਟੀ ਨੂੰ 25, ਜੀਆਰਐਨ ਨੂੰ 3 ਸੀਟਾਂ ਅਤੇ ਹੋਰਨਾਂ ਨੂੰ 1 ਸੀਟ ਮਿਲੀ ਹੈ। ਚੋਣ ਨਤੀਜਿਆਂ ਦੀ ਗਿਣਤੀ ਖ਼ਬਰ ਲਿਖੇ ਜਾਣ ਤੱਕ ਚੱਲ ਰਹੀ ਸੀ।

ਕੈਨੇਡਾ ਪਾਰਲੀਮੈਂਟ ਚੋਣਾਂ ਵਿਚ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ, ਕੌਣ ਕਿੱਥੋਂ ਜਿੱਤਿਆ :
ਕੈਨੇਡਾ ਦੀ ਸਰਕਾਰ ਬਣਾਉਣ ਵਿਚ ਪੰਜਾਬੀਆਂ ਦੇ ਹਮੇਸ਼ਾਂ ਹੀ ਵੱਡੀ ਭੂਮਿਕਾ ਰਹੀ ਹੈ। ਇਸ ਵਾਰ ਵੀ ਪਾਰਲੀਮੈਂਟ ਚੋਣਾਂ ਵਿਚ 18 ਪੰਜਾਬੀਆਂ ਨੇ ਆਪਣੀ ਜਿੱਤ ਦਰਜ ਕਰਵਾਈ ਹੈ। ਇਨ੍ਹਾਂ ਵਿਚੋਂ ਸਭ ਤੋਂ ਜ਼ਿਆਦਾ ਲਿਬਰਲ ਪਾਰਟੀ ਨਾਲ ਹੀ ਸਬੰਧਿਤ ਹਨ।
ਮਿਲੀਆਂ ਖ਼ਬਰਾਂ ਮੁਤਾਬਕ ਬਰੈਂਪਟਨ ਵਿੱਚ  ਕਮਲ ਖੈਹਰਾ, ਸੋਨੀਆ ਸਿੱਧੂ, ਰੂਬੀ ਸਹੋਤਾ, ਮਨਦੀਪ ਸਿੱਧੂ, ਰਾਮੇਸ਼ਵਰ ਸੰਘਾ ਦੀ ਜਿੱਤ ਹੋਈ ਹੈ। ਮਿਸੀਸਾਗਾ ਮਾਲਟਨ ਤੋਂ ਫੈਡਰਲ ਮੰਤਰੀ ਨਵਦੀਪ ਬੈਂਸ ਅਤੇ ਮਿਸੀਸਾਗਾ ਸਟਰੀਟਸਵਿੱਲ ਤੋਂ ਗਗਨ ਸਿੰਕਦ ਆਪੋ ਆਪਣੀ ਸੀਟ ਜਿੱਤ ਗਏ ਹਨ। ਕਿਉਬਿੱਕ ਵਿੱਚ ਲਸੀ਼ਨ ਲਾਸੈਲ ਤੋਂ  ਅੰਜੂ ਢਿੱਲੋਂ ਨੇ  ਜਿੱਤ ਗਏ ਹਨ।

ਅਲਬਰਟਾ ਵਿੱਚ ਐਡਮਿੰਟਨ ਮਿਲ ਵੁੱਡਜ਼ ਤੋਂ ਫੈਡਰਲ ਮੰਤਰੀ ਅਮਰਜੀਤ ਸੋਹੀ ਨੂੰ ਸਾਬਕਾ ਟੋਰੀ ਮੰਤਰੀ ਟਿਮ ਉੱਪਲ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਹੈ।
ਐਨਡੀਪੀ ਲੀਡਰ ਜਗਮੀਤ ਸਿੰਘ ਆਪਣੀ ਰਾਈਡਿੰਗ ਬਰਨਬੀ ਸਾਊਥ ਤੋਂ  ਅੱਗੇ ਚੱਲ ਰਿਹਾ ਹੈ। ਕਿਚਰਨ ਸੈਂਟਰ ਤੋਂ ਲਿਬਰਲ ਰਾਜ ਸੈਣੀ ਦੀ ਜਿੱਤ ਹੋਈ ਹੈ ਅਤੇ ਇਵੇਂ ਹੀ ਫੈਡਰਲ ਮੰਤਰੀ ਬਰਦੀਸ਼ ਚੱਗੜ ਮੁੜ ਐਮ ਪੀ ਚੁਣੀ ਗਈ ਹੈ।
ਓਕਵਿੱਲ ਤੋਂ ਅਨੀਤਾ ਆਨੰਦ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਆਪੋ ਆਪਣੀਆਂ ਸੀਟਾਂ ਜਿੱਤ ਗਏ ਹਨ ਜਦੋਂ ਕਿ ਫਲੀਟਵੁੱਡ ਪੋਰਟ ਵੈਲਸ ਤੋਂ ਟੋਰੀ ਉਮੀਦਵਾਰ ਸਿੰ਼ਦਰ ਪੁਰੇਵਾਲ ਨੂੰ ਲਿਬਰਲ ਦੇ ਕੈਨ ਹਾਰਡੀ ਤੋਂ ਹਾਰ ਗਏ ਹਨ। ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਜਗਦੀਪ ਸਹੋਤਾ ਨੇ ਲਿਬਰਲ ਦੀ ਨਿਰਮਲਾ ਨਾਇਡੂ ਨੂੰ ਹਰਾ ਦਿੱਤਾ ਹੈ।  ਟੋਰਾਂਟੋ ਵਿੱਚ ਪਾਰਕਡੇਲ ਹਾਈਪਾਰਕ ਤੋਂ ਭਾਰਤੀ ਮੂਲ ਦੇ ਲਿਬਰਲ ਆਰਿਫ਼ ਵਿਰਾਨੀ ਦੁਬਾਰਾ ਆਪਣੀ ਸੀਟ ਜਿੱਤ ਗਏ ਹਨ । ਕੈਂਬਰਿਜ ਉਂਟੇਰੀਓ ਤੋਂ ਕੰਜ਼ਰਵੇਟਿਵ ਉਮੀਦਵਾਰ ਸੱਨੀ ਅਟਵਾਲ ਲਿਬਰਲ ਬਰਾਈਨ ਮੇਅ ਤੋਂ ਹਾਰ ਗਿਆ ਹੈ।
ਗਰੇਟਰ ਟੋਰਾਂਟੋ/ ਮਿਸੀਸਾਗਾ ਸੈਂਟਰ ਤੋਂ ਲਿਬਰਲ ਓਮਰ ਅਲਘਬਰਾ, ਮਿਸੀਸਾਗਾ ਐਰਿਨ ਮਿਲਜ਼ ਤੋਂ ਇਕਰਾ ਖਾਲਿਦ, ਮਿਸੀਸਾਗਾ ਕੁੱਕਸਵਿੱਲ ਤੋਂ ਪੀਟਰ ਫੋਂਸੈਕਾ ਅਤੇ ਮਿਸੀਸਾਗਾ ਲੇਕਸ਼ੋਰ ਤੋਂ ਸਵੈਨ ਸਪੈਂਜਮਾਨ ਜਿੱਤ ਗਏ ਹਨ । ਈਟੋਬੀਕੋ ਨੌਰਥ ਤੋਂ ਫੈਡਰਲ ਮੰਤਰੀ ਕ੍ਰਿਸਟੀ ਡੰਕਨ ਨੇ ਟੋਰੀ ਉਮੀਦਵਾਰ ਸਰਬਜੀਤ ਕੌਰ ਨੂੰ ਹਰਾ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੀਆਂ ਇਨ੍ਹਾਂ ਪਾਰਲੀਮੈਂਟ ਚੋਣਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਤੇ ਭਾਰਤੀ ਉਮੀਦਵਾਰ ਜਿੱਤੇ ਹਨ। ਟੋਰਾਂਟੋਂ, ਵੈਂਨਕੂਵਰ, ਬੀਸੀ ਸਮੇਤ ਹੋਰਨਾਂ ਸੂਬਿਆਂ ਵਿਚ ਵੀ ਪੰਜਾਬੀਆਂ ਨੇ ਆਪਣਾ ਲੋਹਾ ਮਨਵਾਇਆ ਹੈ।

ਵੋਟ ਪ੍ਰਤੀਸ਼ਤ ਕੌਣ ਉਤੇ ਇੱਕ ਨਜ਼ਰ:

ਲਿਬਰਲ ਪਾਰਟੀ ਨੂੰ 33% ਫੀਸਦੀ ਵੋਟਾਂ
ਕੰਜਰਵੇਟਿਵ ਪਾਰਟੀ ਨੂੰ 34.4% ਫੀਸਦੀ ਵੋਟਾਂ

—————————————————–
ਕਿਸ ਨੂੰ ਕਿੰਨੀਆਂ ਸੀਟਾਂ ਮਿਲੀਆਂ
ਲਿਬਰਲ ਪਾਰਟੀ ਨੂੰ 156 ਸੀਟਾਂ
ਕੰਜਰਵੇਟਿਵ ਪਾਰਟੀ ਨੂੰ 121 ਸੀਟਾਂ
——————————————————-

2019 ਦੇ ਮੁਕਾਬਲੇ ਸਾਲ 2015 ਦੇ ਨਤੀਜਿਆਂ ਉਤੇ ਇੱਕ ਝਾਤ
ਲਿਬਰਲ ਪਾਰਟੀ ਨੂੰ 39.5% ਫੀਸਦੀ ਵੋਟਾਂ ਨਾਲ 184 ਸੀਟਾਂ ਉਤੇ ਜਿੱਤ ਮਿਲੀ ਸੀ।

ਕੰਜਰਵੇਟਿਵ ਪਾਰਟੀ ਨੂੰ  31.9% ਫੀਸਦੀ ਵੋਟਾਂ 99 ਸੀਟਾਂ ਉਤੇ ਜਿੱਤ ਮਿਲੀ ਸੀ।

————————————————–

ਚੋਣ ਨਤੀਜਿਆਂ ਮੁਤਾਬਕ ਕਿਸਦਾ ਵੋਟ ਪ੍ਰਤੀਸ਼ਤ ਘਟਿਆ

ਲਿਬਰਲ ਪਾਰਟੀ ਦੇ ਵੋਟ ਪ੍ਰਤੀਸ਼ਤ ਵਿਚ 6.5% ਫੀਸਦੀ ਦੀ ਗਿਰਾਵਟ ਆਈ ਹੈ। ਸਾਲ 2015 ਦੇ ਮੁਕਾਬਲੇ ਇਸ ਵਾਰ 2019 ਦੀਆਂ ਚੋਣਾਂ ਵਿਚ 28 ਸੀਟਾਂ ਘਟੀਆਂ ਹਨ। ਐਨਡੀਪੀ ਦਾ ਵੋਟ ਪ੍ਰਤੀਸ਼ਤ ਤੇ ਸੀਟਾਂ ਇਸ ਵਾਰ ਘਟੀਆਂ ਹਨ। ਐਨਡੀਪੀ ਨੂੰ ਪਿਛਲੀਆਂ ਚੋਣਾਂ ਵਿਚ 44 ਸੀਟਾਂ ਮਿਲੀਆਂ ਸਨ ਜਦੋਂ ਕਿ ਇਸ ਵਾਰ ਸਿਰਫ਼ 25 ਸੀਟਾਂ ਉਤੇ ਜਿੱਤ ਮਿਲੀ ਹੈ।  

Read more