ਜਥੇਦਾਰ ਕੁਲਵੰਤ ਸਿੰਘ ਵੱਲੋਂ ਸਮੂਹ ਸਾਧ ਸੰਗਤ ਨੂੰ ਅਪੀਲ ਕੀ ਕੋਰੋਨਾ ਪੀੜਤਾਂ ਦੀ ਵੱਧ ਤੋਂ ਵੱਧ ਮੱਦਦ ਕੀਤੀ ਜਾਵੇ

ਹਜ਼ੂਰ ਸਾਹਿਬ : 4 ਅਪ੍ਰੈਲ- ( ਕੁਲਦੀਪ ਸਿੰਘ )- ਆਪ ਸਾਰੇ ਇਹ ਜਾਣਦੇ ਹੋ ਕਿ ਅੱਜ ਸਾਰੇ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਨਾਂ ਦੀ ਬਿਮਾਰੀ ਫੈਲ ਚੁੱਕੀ ਹੈ| ਸਾਰੀ ਮਨੁੱਖਤਾਈ ਤੇ ਇਸ ਬਿਮਾਰੀ ਦਾ ਖਤਰਾ ਮੰਡਰਾ ਰਿਹਾ ਹੈ| ਦੇਸ਼ ਵਿਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਇਸ ਬਿਮਾਰੀ ਤੋਂ ਬੱਚਣ ਲਈ ਆਪਣੇ ਆਪਣੇ ਤਰੀਕੇ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ| ਭਾਰਤ ਦੇਸ਼ ਵਿੱਚ ਇਹ ਬਿਮਾਰੀ ਫੈਲ ਰਹੀ ਹੈ| ਇਸ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਪੁਰਜੋਰ ਯਤਨ ਕੀਤੇ ਜਾ ਰਹੇ ਹਨ ਅਤੇ ਸਾਰੇ ਹੀ ਦੇਸ਼ਵਾਸੀ ਆਪਣਾ ਸਹਿਯੋਗ ਦੇ ਰਹੇ ਹਨ|

ਆਪ ਸਾਰਿਆਂ ਪ੍ਰਤੀ ਬੇਨਤੀ ਹੈ ਕਿ ਸਰਕਾਰ ਵੱਲੋਂ ਇਸ ਬਿਮਾਰੀ ਨੂੰ ਰੋਕਣ ਲਈ ਜੋ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਨ੍ਹਾਂ ਦਾ ਪਾਲਣ ਕੀਤਾ ਜਾਵੇ| ਆਪਣੇ ਆਸ-ਪਾਸ ਸਫਾਈ ਦਾ ਧਿਆਨ ਰੱਖਣਾ, ਬਿਨਾ ਕਾਰਨ ਕਿਸੇ ਦੇ ਵੀ ਨਾਲ ਮਿਲਣ ਤੋਂ ਪ੍ਰਹੇਜ ਕਰਨਾ, ਬਿਨਾ ਕਿਸੇ ਜਰੂਰੀ ਕੰਮ ਤੋਂ ਬਾਹਰ ਨਾ ਨਿਕਲਣ ਅਤੇ ਖਾਸ ਕਰ ਬੱਚਿਆਂ ਅਤੇ ਬਜੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ|

ਸਮੂਹ ਸਾਧ ਸੰਗਤਾਂ, ਸਾਰੇ ਗੁਰੂਧਾਮਾਂ ਦੇ ਪ੍ਰਬੰਧਕਾਂ ਅਤੇ ਸੇਵਾ ਸੁਸਾਇਟੀ ਆਦਿ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪ ਜਿਥੇ ਕਿੱਥੇ ਵੀ ਹਨ ਉਥੇ ਇਸ ਰੋਗ ਤੋਂ ਪੀੜਤਾਂ ਦੀ ਵੱਧ ਤੋਂ ਵੱਧ ਮਦਦ ਕਰਨ|

ਜਿਥੇ ਕੋਈ ਦਵਾ ਅਸਰ ਨਹੀਂ ਕਰਦੀ ਉਥੇ ਦੂਆ ਅਸਰ ਕਰਦੀ ਹੈ, ਇਸ ਔਖੀ ਘੜੀ ਵਿੱਚ ਆਪਣੇ ਘਰ ਵਿੱਚ ਹੀ ਰਹਿ ਕੇ ਆਪਣੇ ਪਰਿਵਾਰ ਦੇ ਨਾਲ ਵੱਧ ਤੋਂ ਵੱਧ ਨਾਮ ਬਾਣੀ ਦਾ ਆਸਰਾ ਲੈ ਕੇ, ਬਾਣੀ ਪੜ੍ਹ ਕੇ, ਨਾਮ ਸਿਮਰਨ ਕਰਕੇ ਇਸ ਬਿਮਾਰੀ ਨੂੰ ਰੋਕਣ ਲਈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਜੀ| ਸਿੱਖ ਧਰਮ ਵਿੱਚ ਵਹਿਮਾਂ-ਭਰਮਾਂ ਲਈ ਕੋਈ ਥਾਂ ਨਹੀਂ ਹੈ| ਇਸ ਲਈ ਵਹਿਮਾਂ-ਭਰਮਾਂ ਅਤੇ ਅਫਵਾਹਾਂ ਤੋਂ ਪਰਹੇਜ ਕਰਨ|

ਤਖਤ ਸਚਖੰਡ ਸ੍ਰੀ ਹਜੂਰ ਅਬਿਚਲਨਗਰ ਸਾਹਿਬ, ਨਾਂਦੇੜ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਾਰਿਆਂ ਨੂੰ ਦੇਹ ਅਰੋਗਤਾ ਬਖਸ਼ਣ|

Read more