ਇੰਟਰਪੋਲ ਵਲੋਂ ਰੋਮਾਨੀਆ ‘ਚ ਗੈਂਗਸਟਰ ਸੁਖਪ੍ਰੀਤ ਬੁੱਢਾ ਗ੍ਰਿਫਤਾਰ

ਚੰਡੀਗੜ੍ਹ, 17 ਅਗਸਤ : ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ ਬੁੱਢਾ ਨੂੰ ਰੋਮਾਨੀਆ ‘ਚ ਇੰਟਰਪੋਲ ਪੁਲਿਸ ਵਲੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਗ੍ਰਿਫਤਾਰੀ ਤੋਂ ਤਕਰੀਬਨ 5 ਦਿਨ ਬਾਅਦ ਪੰਜਾਬ ਪੁਲਿਸ ਨੂੰ ਬੁੱਢਾ ਦੀ ਗ੍ਰਿਫਤਾਰੀ ਸਬੰਧੀ ਆਪਣੇ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ। ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੰਜਾਬ ਪੁਲਿਸ ਵਲੋਂ  ਸੀਬੀਆਈ ਰਾਹੀਂ ਇੰਟਰਪੋਲ ਤੱਕ ਪਹੁੰਚ ਕਰ ਕੇ ਬੁੱਢਾ ਬਾਰੇ ਕਾਫੀ ਸਮਾਂ ਪਹਿਲਾਂ ਜਾਣਕਾਰੀ ਸਾਂਝੀ ਕੀਤੀ ਸੀ। ਸੀਬੀਆਈ ਹੀ ਇੱਕ ਅਜਿਹੀ ਏਜੰਸੀ ਹੈ ਜਿਹੜੀ ਇੰਟਰਪੋਲ ਨਾਲ ਅਜਿਹੇ ਕੇਸਾਂ ਵਿਚ ਸਿੱਧੀ ਗੱਲਬਾਤ ਕਰਦੀ ਹੈ। 

ਪੰਜਾਬ ਪੁਲਿਸ  ਦਾ ਇਹ ਵੀ ਦਾਅਵਾ ਹੈ ਕਿ ਬੁੱਢਾ ਨੇ ਆਪਣੇ ਸੰਪਰਕ ਤੇ ਸਬੰਧ ਕੁਝ ਖ਼ਾਲਿਸਤਾਨ–ਪੱਖੀ ਤੱਤਾਂ ਨਾਲ ਵੀ ਕਾਇਮ ਕਰ ਲਏ ਸਨ। ਦੱਸਣਯੋਗ ਹੈ ਕਿ ਸੁਖਪ੍ਰੀਤ ਸਿੰਘ ਬੁੱਢਾ ਨੇ 20 ਮਾਰਚ, 2011 ਨੂੰ ਆਪਣੇ ਹੀ ਪਿੰਡ ਕੁੱਸਾ (ਮੋਗਾ) ‘ਚ ਇਕ ਕਤਲ ਕੀਤਾ ਸੀ। ਇਸ ਕਤਲ–ਕੇਸ ਵਿਚ ਉਸ ਨੂੰ 5 ਅਗਸਤ, 2015 ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਗਲੇ ਸਾਲ 2016 ਦੌਰਾਨ ਉਹ ਪੈਰੋਲ ਦੌਰਾਨ ਫ਼ਰਾਰ ਹੋ ਗਿਆ ਸੀ। ਫਿਰ ਉਸ ਨੂੰ ਭਗੌੜਾ ਵੀ ਐਲਾਨ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਜੂਨ 2017 ਦੌਰਾਨ ਸੁਖਪ੍ਰੀਤ ਸਿੰਘ ਬੁੱਢਾ ਨੇ ਆਪਣੇ ਇਕ ਹੋਰ ਸਾਥੀ ਨਾਲ ਮਿਲ ਕੇ ਇਕ ਪੋਲਟਰੀ–ਫਾਰਮ ਦੇ ਮਾਲਕ ਹਰਦੇਵ ਸਿੰਘ ਗੋਗੀ ਜਟਾਣਾ ਵਾਸੀ ਰਾਮਪੁਰਾ ਫੂਲ ਦਾ ਕਤਲ ਕਰ ਦਿੱਤਾ ਸੀ।

ਕਤਲ, ਇਰਾਦਾ ਕਤਲ, ਫ਼ਿਰੌਤੀ ਆਦਿ ਤਕਰੀਬਨ 20 ਤੋਂ ਵੱਧ ਕੇਸਾਂ ‘ਚ ਲੋੜੀਂਦਾ ਦਵਿੰਦਰ ਬੰਬੀਹਾ ਗਰੁੱਪ ਦਾ ਖ਼ਤਰਨਾਕ ਗੈਂਗਸਟਰ ਸੁਖਪ੍ਰੀਤ ਬੁੱਢਾ ਪੰਜਾਬ ਪੁਲੀਸ ਲਈ ਪਿਛਲੇ ਕਈ ਸਾਲਾਂ ਤੋਂ ਸਿਰਦਰਦੀ ਬਣਿਆ ਹੋਇਆ ਸੀ। ਉਹ ਕਤਲ ਕੇਸ ‘ਚੋਂ ਪੈਰੋਲ ਉੱਤੇ ਬਾਹਰ ਆਉਣ ਬਾਅਦ ਖ਼ਤਰਨਾਕ ਗੈਂਗਸਟਰ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ। ਮੋਗਾ ਦੇ ਥਾਣਾ ਬੱਧਨੀ ਕਲਾਂ ਪੁਲੀਸ ਨੇ ਸੁਪਰਡੈਂਟ ਕੇਂਦਰੀ ਜੇਲ੍ਹ ਫਰੀਦਕੋਟ ਦੀ ਸ਼ਿਕਾਇਤ ਉੱਤੇ ਸੁਖਪ੍ਰੀਤ ਸਿੰਘ (ਸੁਖਪ੍ਰੀਤ ਬੁੱਢਾ) ਪੁੱਤਰ ਮੇਜਰ ਸਿੰਘ ਵਾਸੀ ਪਿੰਡ ਕੁੱਸਾ ਖ਼ਿਲਾਫ਼ 8/9 ਦ ਪੰਜਾਬ ਗੁੱਡ ਕੰਡਕਟ ਐਕਟ, 1962 ਤਹਿਤ ਕੇਸ ਦਰਜ ਕੀਤਾ ਸੀ । ਥਾਣਾ ਬੱਧਨੀ ਕਲਾਂ ਮੁਤਾਬਕ ਬੁੱਢਾ ਖ਼ਿਲਾਫ਼ ਕਤਲ, ਇਰਾਦਾ ਕਤਲ, ਫ਼ਿਰੌਤੀ ਆਦਿ ਤਕਰੀਬਨ 10 ਤੋਂ ਵੱਧ ਕੇਸ ਵੱਖ ਵੱਖ ਥਾਣਿਆਂ ‘ਚ ਦਰਜ ਹਨ।  ਸੁਖਪ੍ਰੀਤ ਸਿੰਘ ਬੁੱਢਾ 01-ਜੁਲਾਈ 2016 ਨੂੰ ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਦੇ ਹੁਕਮਾਂ ਅਨੁਸਾਰ 6 ਹਫਤੇ ਦੀ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ। ਉਸ ਤੋਂ ਬਾਅਦ  ਬੁੱਢਾ ਦੀ ਪੁਲੀਸ ਨੂੰ ਲੰਮੇ ਸਮੇਂ ਤੋਂ ਤਲਾਸ਼ ਸੀ। 

ਦੱਸਣਯੋਗ ਹੈ ਕਿ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਨੇ ਰਾਜਸਥਾਨ ਦੇ ਹਿੰਦੂਮਲਕੋਟ ਥਾਣੇ ਅਧੀਨ ਪੈਂਦੇ ਇਲਾਕੇ ‘ਚ ਪੰਜਾਬ ਪੁਲੀਸ ਦੇ ਇਕ ਵਿਸ਼ੇਸ਼ ਦਸਤੇ ਨਾਲ ਗੈਂਗਸਟਰ ਵਿੱਕੀ ਗੌਂਡਰ ਦਾ ਉਸ ਦੇ ਸਾਥੀਆਂ ਪ੍ਰੇਮਾ ਲਾਹੌਰੀਆ ਦੇ ਮੁਕਾਬਲੇ ‘ਚ ਮਾਰੇ ਜਾਣ ਬਾਅਦ ਪੰਜਾਬ ਪੁਲੀਸ ਨੇ ਬਾਕੀ ਗੈਂਗਸਟਰਾਂ ‘ਤੇ ਆਤਮ-ਸਮਰਪਣ ਕਰਵਾਉਣ ਲਈ ਉਨ੍ਹਾਂ ਦੇ ਮਾਪਿਆਂ ‘ਤੇ ਦਬਾਅ ਪਾਉਣ ਲਈ ਸੀਨੀਅਰ ਪੁਲੀਸ ਅਧਿਕਾਰੀ ਗੈਂਗਸਟਰਾਂ ਦੇ ਮਪਿਆਂ ਕੋਲ ਉਨ੍ਹਾਂ ਦੇ ਘਰਾਂ ‘ਚ ਗਏ ਸਨ। ਡੇਢ ਸਾਲ ਪਹਿਲਾਂ ਮੋਗਾ ਦੇ ਤਤਕਾਲੀ ਐੱਸਐੱਸਪੀ. ਰਾਜਜੀਤ ਸਿੰਘ ਹੁੰਦਲ ਪਿੰਡ ਕੁੱਸਾ ‘ਚ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੇ ਘਰ ਪਹੁੰਚੇ ਸਨ। ਉਨ੍ਹਾਂ ਬੁੱਢਾ ਦੇ ਪਰਿਵਾਰਕ ਮੈਂਬਰਾਂ ਨੂੰ ਕਿਹਾ ਸੀ ਕਿ ਉਹ ਆਪਣੇ ਪੁੱਤਰ ਨੂੰ ਕਹਿਣ ਕਿ ਉਹ ਗੁਨਾਹਾਂ ਦਾ ਰਾਹ ਛੱਡ ਦੇਵੇ ਤਾਂ ਉਸ ਨਾਲ ਨਰਮੀ ਵਰਤੀ ਜਾਵੇਗੀ।

ਸੁਖਪ੍ਰੀਤ ਸਿੰਘ ਬੁੱਢਾ ਗੈਂਗਸਟਰ ਕਤਲਾਂ, ਲੁੱਟਾਂ–ਖੋਹਾਂ ਤੇ ਫਿਰੌਤੀਆਂ ਵਸੂਲਣ ਦੇ ਕੇਸਾਂ ਵਿੱਚ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ। ਇਸ ਗੈਂਗਸਟਰ ਨੇ ਅਜਿਹੀਆਂ ਵਾਰਦਾਤਾਂ ਪੰਜਾਬ ਵਿੱਚ ਹੀ ਨਹੀਂ, ਸਗੋਂ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਅੰਜਾਮ ਦਿੱਤੀਆਂ ਹਨ।

ਇਸੇ ਵਰ੍ਹੇ ਜੂਨ ਮਹੀਨੇ ਪੰਜਾਬੀ ਗਾਇਕ ਕਰਨ ਔਜਲਾ ਉੱਤੇ ਹਮਲੇ ਪਿੱਛੇ ਵੀ ਕਥਿਤ ਤੌਰ ਉੱਤੇ ਬੁੱਢਾ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ।

ਸੁਖਪ੍ਰੀਤ ਸਿੰਘ ਬੁੱਢਾ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਦਾ ਜੰਮਪਲ਼ ਹੈ ਤੇ ਉਹ ਦਵਿੰਦਰ ਸਿੰਘ ਬੰਬੀਹਾ ਗੈਂਗ ਦੇ ਆਪੂੰ–ਥਾਪੇ ਮੁਖੀ ਵਜੋਂ ਵਿਚਰਦਾ ਰਿਹਾ ਹੈ। ਸਾਲ 2016 ਦੌਰਾਨ ਬੰਬੀਹਾ ਇੱਕ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਕਿਸੇ ਵੇਲੇ ਇਹ ਇੱਕ ਹੋਰ ਗੈਂਗਸਟਰ ਵਿਕੀ ਗੌਂਡਰ ਨਾਲ ਵੀ ਰਿਹਾ ਹੈ।

ਪਿਛਲੇ ਸਾਲ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਵਿਰੁੱਧ ਸ਼ਿਕੰਜਾ ਕਸਿਆ ਸੀ, ਤਦ ਸੁਖਪ੍ਰੀਤ ਸਿੰਘ ਬੁੱਢਾ ਵਿਦੇਸ਼ ਭੱਜ ਗਿਆ ਸੀ। ਪੰਜਾਬ ਪੁਲਿਸ ਨੇ ਤਦ ਤੋਂ ਲੈ ਕੇ ਹੁਣ ਤੱਕ ਕਈ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਕੁਝ ਮਾਰੇ ਵੀ ਗਏ ਹਨ।

ਇੱਥੇ ਇਹ ਦੱਸਣਯੋਗ ਹੈ ਕਿ 26 ਜਨਵਰੀ 2018  ਨੂੰ ਰਾਜਸਥਾਨ ਦੇ ਹਿੰਦੂਮਲਕੋਟ ਥਾਣੇ ਦੇ ਹਲਕੇ ਅਧੀਨ ਪੈਂਦੇ ਇਲਾਕੇ ‘ਚ ਪੰਜਾਬ ਪੁਲਿਸ ਦੇ ਇਕ ਵਿਸ਼ੇਸ਼ ਦਸਤੇ ਨੇ ਗੈਂਗਸਟਰ ਵਿੱਕੀ ਗੌਂਡਰ ਦਾ ਉਸ ਦੇ ਸਾਥੀਆਂ ਪ੍ਰੇਮਾ ਲਾਹੋਰੀਆ ਅਤੇ ਸੁਖਪ੍ਰੀਤ ਸਿੰਘ ਸੁੱਖਾ ਸਮੇਤ ਐਨਕਾਉਂਟਰ ਕਰ ਦਿੱਤਾ ਸੀ। ਇਨ੍ਹਾਂ ਦੇ ਐਨਕਾਊਂਟਰ ਤੋਂ ਬਾਅਦ ਪੰਜਾਬ ਪੁਲਿਸ ਨੇ ਬਾਕੀ ਗੈਂਗਸਟਰਾਂ ‘ਤੇ ਸਰੈਂਡਰ ਕਰਨ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। 

ਕੀ ਕਹਿਣਾ ਹੈ ਡੀਜੀਪੀ ਦਾ

ਬੁੱਢਾ ਦੀ ਗ੍ਰਿਫਤਾਰੀ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰੋਮਾਨੀਆ ‘ਚ ਬੁੱਢਾ ਦੀ ਗ੍ਰਿਫਤਾਰੀ ਦੇ ਪੂਰੇ ਵੇਰਵਿਆਂ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਾਰੀ ਜਾਣਕਾਰੀ ਮਿਲਣ ਉਤੇ ਹੀ ਉਹ ਇਸ ਸਬੰਧੀ ਕੁੱਝ ਕਹਿ ਸਕਣਗੇ। ਡੀਜੀਪੀ ਨੇ ਕਿਹਾ ਕਿ ਗੈਂਗਸਟਰ ਬੁੱਢਾ ਪਿਛਲੇ ਕਈ ਸਾਲਾਂ ਤੋਂ ਸਾਨੂੰ ਕਤਲ, ਇਰਾਦਾ ਕਤਲ, ਫਿਰੌਤੀ ਸਮੇਤ ਕਈ ਕੇਸਾਂ ਵਿਚ ਲੋੜੀਂਦਾ ਸੀ ਅਤੇ ਭਗੌੜਾ ਚੱਲਿਆ ਆ ਰਿਹਾ ਸੀ।

Read more