06 May 2021

ਕੌਮਾਂਤਰੀ ਮਾਂ-ਬੋਲੀ ਪੰਜਾਬੀ ਦਿਵਸ ਵਿਸ਼ੇਸ਼-ਆਖਰ ਮਾਂ-ਬੋਲੀ ਨਾਲ ਵਿਤਕਰਾ ਕਿਉਂ ???

ਗੁਰਵਿੰਦਰ ਸਿੰਘ ਸਿੱਧੂ, ਚੰਡੀਗੜ੍ਹ

ਪੰਜਾਬੀ ਗਾਇਕ ਗੁਰਦਾਸ ਮਾਨ ਦੇ ਗੀਤ ਦੇ ਬੋਲ “ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ” ਪੰਜਾਬ ਅੰਦਰ ਮਾਂ-ਬੋਲੀ ਪੰਜਾਬੀ ਦੀ ਹਾਲਤ ‘ਚ ਆਉਂਦੇ ਨਿਗਾਰ ਨੂੰ ਬਾਖੂਬੀ ਬਿਆਨ ਕਰ ਰਹੇ ਹਨ।ਪੰਜਾਬੀ ਸੂਬੇ ਦੇ ਨਾਂ ਨਾਲੇ ਜਾਂਦੇ ਪੰਜਾਬ ਅੰਦਰ ਅੰਗਰੇਜ਼ੀ ਭਾਸ਼ਾ ਦੀ ਅਜਿਹੀ ਹਨੇਰੀ ਚਲੀ, ਕਿ ਇਸਨੇ ਮਾਂ-ਬੋਲੀ ਦੇ ਬੋਹੜ ਦੀਆਂ ਜੜ੍ਹਾਂ ਹਲਾ ਕੇ ਰਖ ਦਿਤੀਆਂ।ਜਿਸ ਕਾਰਨ ਪੰਜਾਬ ਦਾ ਹਰ ਵਰਗ ਅਜ ਮਾਂ-ਬੋਲੀ ਦੀ ਗੋਦ ਦਾ ਨਿਘ ਭੁੱਲਦਾ ਜਾ ਰਿਹਾ ਹੈ।ਮਾਂ ਬੋਲੀ ਨੂੰ ਇਕ ਅਜਿਹੀ ਉਪਜਾਊ ਜ਼ਮੀਨ ਮੰਨਿਆ ਜਾਂਦਾ ਹੈ, ਜਿਸ ਹਰ ਇਕ ਭਾਸ਼ਾ ਦਾ ਦਰਖਤ ਦੀਆਂ ਜੜ੍ਹਾਂ ਅਸਾਨੀ ਨਾਲ ਫੈਲ ਜਾਂਦੀਆਂ ਹਨ।ਪਰ ਅਜੌਕੇ ਸਮੇਂ ਅਸੀ ਮਾਂ ਬੋਲੀ ਦੀ ਜ਼ਮੀਨ ਨੂੰ ਬੰਜ਼ਰ ਕਰਨ ਦੇ ਰਸਤੇ ‘ਤੇ ਚਲ ਰਹੇ ਹਾਂ।

ਪੰਜਾਬ ਦੇ ਮੌਜੂਦਾ ਹਲਾਤਾਂ ਅਨੁਸਾਰ ਹਰ ਇਕ ਇਨਸਾਨ ਆਪਣੇ ਬਚਿਆਂ ਨੂੰ ਪੰਜਾਬੀ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਸਿਖਾਉਣਾ ਜ਼ਰੂਰੀ ਸਮਝ ਰਿਹਾ ਹੈ। ਜਿਸ ਕਾਰਨ ਸਾਡੇ ਬਚੇ ਮਾਂ-ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ।ਬੇਹਦ ਸਿਤਮ ਦੀ ਗਲ ਹੈ ਕਿ ਅਜ ਸਾਡੇ ਸਮਾਜ ਵਿਚ ‘ਖੂਬਸੂਰਤੀ ਦਾ ਮਤਲਬ ਸੋਹਣੀ ਸੂਰਤ ਅਤੇ ਬੁਧੀਮਾਨ ਹੋਣ ਦਾ ਮਤਲਬ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣ ਨੂੰ ਮੰਨਿਆ ਜਾਂਦਾ ਹੈ।ਜੇਕਰ ਪਿਛਲੇ ਕੁਝ ਸਾਲਾਂ ‘ਚ ਪੰਜਾਬੀਆਂ ਦੀ ਮਾਨਸਿਕਤਾ ‘ਚ ਆਏ ਬਦਲਾਅ ‘ਤੇ ਝਾਤ ਮਾਰੀ ਜਾਵੇ ਤਾਂ ਲੋਕ ਇਸ ਤਰ੍ਹਾਂ ਦੀ ਮਾਨਸਿਕਤ ‘ਚ ਇਸ ਕਦਰ ਤਕ ਨਿਗਾਰ ਆ ਗਿਆ ਹੈ ਕਿ ਉਹ ਮਾਂ-ਬੋਲੀ ਵਿਚ ਗਲ ਕਰਨ ਤੇ ਆਪਣੇ ਆਪ ਨੂੰ ਘਟੀਆ ਮਹਿਸੂਸ ਕਰਦੇ ਹਾਂ ਅਤੇ ਅੰਗਰੇਜ਼ੀ ਭਾਸ਼ਾ ਵਿਚ ਵਾਰਤਾਲਾਪ ਕਰਨ ‘ਚ ਆਪਣੀ ਸ਼ਾਨ ਮਹਿਸੂਸ ਕਰਦੇ ਹਾਂ ।

ਮਨੋ-ਵਿਗਿਆਨੀਆਂ ਨੇ ਪਰਿਵਾਰ ਬਚੇ ਦਾ ਪਹਿਲਾਂ ਸਕੂਲ ਮੰਨਿਆ ਹੈ ਅਤੇ ਪਰਿਵਾਰ ‘ਚ ਹੀ ਬਚਾ ਮਾਂ-ਬੋਲੀ ਦੀ ਗੋਦ ਦਾ ਨਿਘ ਮਹਿਸੂਸ ਕਰਦਾ ਹੈ।ਅਸੀਂ ਬਚੇ ਨੂੰ ਬਚਪਨ ਤੋਂ ਹੀ ਬਚੇ ਨੂੰ ਪੰਜਾਬੀ ਤੋਂ ਜ਼ਿਆਦਾ ਅੰਗਰੇਜ਼ੀ ਭਾਸ਼ਾ ਦੇ ਅਖਰ ਦੇਣ ਲਗ ਜਾਂਦੇ ਹਾਂ।ਸਾਡੇ ਪਰਿਵਾਰਾਂ ਅੰਦਰ ਇਹ ਵਤੀਰਾ ਆਮ ਹੀ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਬਚੇ ਨੂੰ ‘ੳ.ਅ.ੲ’ ਤੋਂ ਪਹਿਲਾਂ ‘ਏ.ਬੀ.ਸੀ’ ਸਿਖਾਉਣ ਦਾ ਯਤਨ ਕਰਦੇ ਹਾਂ।ਜਿਸ ਕਾਰਨ ਬਚੇ ਦਾ ਮਾਂ-ਬੋਲੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਵਲ ਜ਼ਿਆਦਾ ਅਕਰਸ਼ਿਤ ਹੋਣ ਲਹ ਜਾਂਦੇ ਹਨ ਅਤੇ ਇਸ ਵਤੀਰੇ ਲਈ ਮਾਪਿਆਂ ਨੂੰ ਸਿਧੇ ਜ਼ਿੰਮੇਵਾਰ ਠਹਿਰਾਈਆਂ ਜਾ ਸਕਦਾ ਹੈ।ਅਸੀਂ ਆਪਣੇ ਬਚਿਆਂ ਦਾ ਦਾਖ਼ਲਾ ਕਰਵਾਉਣ ਦੇ ਸਮੇਂ ਅਜਿਹੇ ਸਕੂਲਾਂ ਨੂੰ ਤਰਜ਼ੀਹ ਦਿੰਦੇ ਹਾਂ ਜਿੰਨਾਂ ਵਿਚ ਅੰਗਰੇਜ਼ੀ ਭਾਸ਼ਾ ਨੂੰ ਜ਼ਿਆਦਾ ਤਵਜ਼ੋ ਦਿਤੀ ਜਾਂਦੀ ਹੋਵੇ।

ਮੰਨਿਆ ਜਾਂਦਾ ਹੈ ਕਿ ਬਚਾ ਮਾਂ-ਬੋਲੀ ਦੀਆਂ ਜੜ੍ਹਾਂ ਨਾਲ ਜੋੜਨ ‘ਚ ਸਕੂਲ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ, ਪਰ ਅਜੌਕੇ ਸਮੇਂ ਸਾਡੇ ਬਹੁਤ ਸਕੁਲ ਬਚਿਆਂ ਨੂੰ ਜੜ੍ਹਾਂ ਨਾਲੋਂ ਤੋੜਨ ਲਗੇ ਹੋਏ ਹਨ।ਜੇਕਰ ਸਿਖਿਆ ਦੇ ਖੇਤਰ ਦੀ ਗਲ ਕੀਤੀ ਜਾਵੇ ਤਾਂ ਪੰਜਾਬੀ ਭਾਸ਼ਾ ਆਪਣੀ ਹੋਂਦ ਬਚਾਉਣ ਬਹੁਤ ਸੰਘਰਸ਼ ਦੇ ਰਸਤੇ ‘ਤੇ ਚਲ ਰਹੀ ਹੈ ਅਤੇ ਇਸਦੇ ਸੰਘਰਸ਼ ਨੂੰ ਵੀ ਜ਼ਿਆਦਾ ਸਫ਼ਲਤਾ ਮਿਲਦੀ ਨਜ਼ਰ ਨਹੀਂ ਆ ਰਹੀ।ਸਭ ਤੋਂ ਪਹਿਲਾਂ ਜੇਕਰ ਸੂਬੇ ਦੇ ਸਰਕਾਰੀ ਸਕੂਲਾਂ ਦੀ ਗਲ ਕੀਤੀ ਜਾਵੇਂ ਤਾਂ ਸਰਕਾਰੀ ਸਕੂਲਾਂ ਅੰਦਰ ਵੀ ਪੰਜਾਬੀ ਭਾਸ਼ਾ ਤੋਂ ਜ਼ਿਆਦਾ ਤਵਜ਼ੋਂ ਅੰਗਰੇਜ਼ੀ ਭਾਸ਼ਾ ਨੂੰ ਦਿਤੀ ਜਾਂਦੀ ਹੈ।ਬੇਸ਼ਕ ਸਿਖਿਆ ਵਿਭਾਗ ਵਲੋਂ ਸਰਕਾਰੀ ਸਕੁਲਾਂ ਨੂੰ ਸਮੇਂ ਦਾ ਹਾਣੀ ਬਣਾਉਂਦਾ ਹੋਏ ਬਚਿਆਂ ਨੂੰ ਅੰਗਰੇਜ਼ੀ ਮਾਧਿਆਮ ‘ਚ ਪੜਾਉਣ ਦਾ ਸ਼ਲਾਘਾਯੋਗ ਕਦਮ ਜ਼ਰੂਰ ਚੁਕਿਆ ਹੈ, ਪਰ ਸਰਕਾਰ ਇਸਨੂੰ ਸਹੀ ਢੰਗ ਨਾਲ ਪ੍ਰੀਭਾਸ਼ਿਤ ਨਹੀਂ ਕਰ ਸਕੀ।ਦੇਖਣ ਵਿਚ ਆਇਆ ਹੈ ਕਿ ਸੂਬੇ ਦੇ ਕੁਝ ਸਕੂਲਾਂ ਵਿਚ ਬਚਿਆਂ ਨੂੰ ਅੰਗਰੇਜ਼ੀ ਮਧਿਅਮ ‘ਚ ਪੜ੍ਹਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।ਜਿਸ ਕਾਰਨ ਬਚਿਆਂ ਦੇ ਭਵਿਖ ਨਾਲ ਹੁੰਦੇ ਖਿਲਵਾੜ ਲਈ ਕੋਣ ਜ਼ਿੰਮੇਵਾਰ ਹੈ? ਇਹ ਸਵਾਲ ਜਿਉਂ ਦੀ ਤਿਉਂ ਬਰਕਰਾਰ ਹੈ। 

ਨਿਜੀ ਸਕੂਲ ਵਲ ਝਾਤ ਮਾਰਨ’ਤੇ ਸਥਿਤੀ ਹੋਰ ਵੀ ਭਿਆਨਕ ਜਾਪਦੀ ਹੈ ਅਤੇ ਬਹੁ-ਗਿਣਤੀ ਸਕੂਲਾਂ ਵਲੋਂ ਬਚਿਆਂ ਨੂੰ ਮਾਂ-ਬੋਲੀ ਤੋਂ ਵਖ ਕਰਕੇ ਉਨ੍ਹਾਂ ਦੀ ਜੜ੍ਹਾਂ ਨੂੰ ਖੌਖਲੀਆਂ ਕਰਨ ਦੇ ਰਸਤੇ ‘ਤੇ ਚਲ ਰਹੇ ਹਨ।ਸੂਬੇ ਦੇ ਬਹੁਤੇ ਨਿਜੀ ਸਕੂਲਾਂ ਅੰਦਰ ਪੰਜਾਬੀ ਬੋਲਣ ਦੀ ਮਨਾਹੀ ਹੈ ਅਤੇ ਜੇਕਰ ਕੋਈ ਅਣਜਾਣੇ ‘ਚ ਪੰਜਾਬੀ ਬੋਲਦਾ ਹੈ, ਤਾਂ ਉਸਨੂੰ ਭਾਰੀ ਜ਼ੁਰਮਾਨੇ ਕਰਨ ਦੀਆਂ ਵੀਡੀਓ ਸ਼ੌਸ਼ਲ ਮੀਡੀਆਂ ‘ਤੇ ਲਗਭਗ ਹਰ ਰੋਜ਼ ਵਾਇਰਲ ਹੁੰਦੀਆਂ ਹਨ। ਸੂਬੇ ਦੇ ਬਹੁਤੇ ਨਿਜੀ ਸਕੂਲ ਬਚਿਆਂ ਨੂੰ ਮੁਢਲੀ ਸਿਖਿਆ ਮਾਤ ਭਾਸ਼ਾ ਵਿਚ ਨਾ ਦੇ ਕੇ ਰਾਜ ਸਰਕਾਰ ਅਤੇ ਐਨਸੀਐਫ (ਰਾਸ਼ਟਰੀ ਪਾਠਕ੍ਰਮ ਯੋਜਨਾਬੰਦੀ) ਦੇ ਨਿਯਮਾਂ ਨੂੰ ਛਿਕੇ ਟੰਗੀਆਂ ਜਾ ਰਿਹਾ ਹੈ।ਬੇਸ਼ਕ ਸਰਕਾਰ ਵਲੋਂ ਪੰਜਾਬੀ ਭਾਸ਼ਾ ਨੂੰ ਬਣਦਾ ਸਤਿਕਾਰ ਦਵਾਉਣ ਲਈ ਸਮੇਂ-ਸਮੇਂ ‘ਤੇ ਫਰਮਾਨ ਜ਼ਰੂਰ ਜਾਰੀ ਕੀਤੇ ਜਾਂਦੇ ਹਨ, ਪਰ ਹਾਲੇ ਤਕ ਇੰਨ੍ਹਾਂ ਫਰਮਾਨਾਂ ਨੂੰ ਅਮਲੀ ਜਾਮਾਂ ਨਹੀਂ ਪਹਿਨਾਇਆ ਜਾ ਸਕਿਆ ਹੈ। ਹਾਲ ਦੀ ਘੜ੍ਹੀ ਸਿਖਿਆ ਵਿਭਾਗ ਵਲੋਂ ਵੀ ਸਕੂਲਾਂ ਨੂੰ ਅੰਗਰੇਜ਼ੀ ਭਾਸ਼ਾ ਵਿਚ ਬਹ-ਗਿਣਤੀ ਚਿਠੀ ਪਤਰ ਭੇਜ ਕੇ ਪੰਜਾਬੀ ਭਾਸ਼ਾ ਨਾਲ ਮਤਰੇਈ ਮਾਂ ਜਿਹਾ ਸਲੂਕ ਕੀਤਾ ਜਾ ਰਿਹਾ ਹੈ। 

ਇਸੇ ਤਰ੍ਹਾਂ ਜੇਕਰ ਸਰਕਾਰੀ ਅਤੇ ਨਿਜੀ ਖੇਤਰ ਦੇ ਦਫਤਰਾਂ ਦੀ ਗਲ ਕੀਤੀ ਜਾਵੇ ਤਾਂ ਇਥੇ ਵੀ ਪੰਜਾਬੀ ਭਾਸ਼ਾ ਆਪਣੀ ਹੋਂਦ ਕਿਧਰੇ ਗਾਇਬ ਹੁੰਦੀ ਨਜ਼ਰੀ ਪੈਂਦੀ ਹੈ।ਵਰਤਮਾਨ ਹਾਲਤਾਂ ਅੰਦਰ ਸਰਕਾਰੀ ਅਤੇ ਨਿਜੀ ਦਫਤਰਾਂ ਵਿਚ ਅੰਗਰੇਜ਼ੀ ਭਾਸ਼ਾ ਨੇ ਆਪਣਾ ਦਬਦਬਾ ਬਣਾਇਆ ਹੋਇਆ ਹੈ।ਸੂਬੇ ਦੇ ਸਰਕਾਰੀ ਅਤੇ ਨਿਜੀ ਦਫਤਰਾਂ ਦਾ ਜ਼ਿਆਦਾਤਰ ਕਾਗਜ਼ੀ ਕੰਮ-ਕਾਰ ਪੰਜਾਬੀ ਦੀ ਬਜਾਏ ਅੰਗਰੇਜ਼ੀ ਭਾਸ਼ਾ ਵਿਚ ਕੀਤੇ ਜਾਂਦੇ ਹਨ, ਜਿਸ ਤੋਂ ਪੰਜਾਬੀ ਸੂਬੇ ਅੰਦਰ ਹੀ ਪੰਜਾਬੀ ਭਾਸ਼ਾ ਦੀ ਤਰਸਯੋਗ ਸਥਿਤੀ ਬਾਖੂਬੀ ਬਿਆਨ ਹੁੰਦੀ ਹੈ। 

ਇਸਦੇ ਨਾਲ ਹੀ ਜੇਕਰ ਰਿਸ਼ਤਿਆਂ ਦੀ ਵੀ ਪੰਜਾਬੀ ਭਾਸ਼ਾ ਵਿੱਚ ਆਪਣੀ ਵੱਖਰੀ ਪਛਾਣ ਹੈ।ਪੰਜਾਬੀ ਵਿੱਚ ਹਰ ਇਕ ਰਿਸ਼ਤੇ ਲਈ ਅਲੱਗ-ਅਲੱਗ ਸ਼ਬਦਾਂ ਦਾ ਅਧਾਂਹ ਭੰਡਾਰ ਹੈ। ਜਿਸਦੀ ਵਰਤੋਂ ਲੋਕਾਂ ਵੱਲੋਂ ਸਹਿਜੇ ਹੀ ਕੀਤੀ ਜਾਂਦੀ ਹੈ, ਪਰ ਅੰਗਰੇਜ਼ੀ ਭਾਸ਼ਾ ਵਿੱਚ ਅਲੱਗ-ਅਲੱਗ ਰਿਸ਼ਤਿਆਂ ਲਈ ਅੰਕਲ ਜਾਂ ਅੰਟੀ ਜਿਹੇ ਸ਼ਬਦਾਂ ਵਰਤੋਂ ਹੀ ਕੀਤੀ ਜਾਂਦੀ ਹੈ।

ਗੀਤਾਂ ਨੂੰ ਕਿਸੇ ਵੀ ਸਭਿਆਚਾਰ ਦਾ ਮੁਹਾਂਦਰਾ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ਵਿਚੋਂ ਸਭਿਆਚਾਰ ਦੀ ਝਲਕ ਆਮ ਹੀ ਦੇਖਣ ਨੂੰ ਮਿਲ ਜਾਂਦੀ ਹੈ।ਸਾਡੇ ਅਜੌਕੇ ਗੀਤਾਂ ਵਿਚੋਂ ਸਾਡੇ ਅਮੀਰ ਪੰਜਾਬੀ ਸਭਿਆਚਾਰ ਦੀ ਮਹਿਕ ਗਾਇਬ ਹੋਣ ਲਗੀ ਹੈ ਅਤੇ ਪਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਆ ਕੇ ਸਾਡੇ ਗੀਤਾਂ ਦੀ ਸ਼ੈਲੀ ਅਤੇ ਪਧਰ ‘ਚ ਵਧੇਰੇ ਨਿਗਾਰ ਆਉਣ ਲਗਾ ਹੈ।ਅਜੌਕੇ ਸਮੇਂ ਜ਼ਿਆਦਾਤਰ ਗੀਤ ਜਿਥੇ ਸਭਿਆਚਾਰ ਦਾ ਘਾਣ ਕਰ ਰਹੇ ਹਨ, ਉਥੇ ਹੀ ਨੌਜਵਾਨਾਂ ਪੀੜ੍ਹੀ ਨੂੰ ਗਲ਼ਤ ਰਸਤੇ ‘ਤੇ ਧਕ ਰਹੇ ਹਨ। 

ਸੂਬੇ ਅੰਦਰ ਪੰਜਾਬੀ ਭਾਸ਼ਾ ਨਾਲ ਹੁੰਦੇ ਵਿਤਕਾਰੇ ਨੂੰ ਦੂਰ ਕਰਨ ਲਈ ਪੂਰੇ ਸਾਡੀ ਸਮੂਹਿਕ ਜ਼ਿੰਮੇਵਾਰੀ ਬਣਦੀ ਹੈ ਕਿ ਮਾਂ-ਬੋਲੀ ਨੂੰ ਬਚਉਣ ਲਈ ਸਖ਼ਤ ਕਦਮ ਚੁਕੀਏ, ਤਾਂ ਕਿ ਅਗਲੀ ਪੀੜੀ ਵੀ ਮਾਂ-ਬੋਲੀ ਦਾ ਨਿਘ ਮਾਣ ਸਕੇ। ਸਮੇਂ ਦੀ ਨਿਜ਼ਾਕਤ ਨੂੰ ਮੁਖ ਰਖਦਿਆਂ ਸਾਨੂੰ ਘਰੇਲੂ ਵਾਤਾਵਰਣ ਅਜਿਹਾ ਸਿਰਜਣਾ ਦੀ ਲੋੜ ਹੈ ਕਿ ਬਚੇ ਮਾਂ-ਬੋਲੀ ਦੀ ਮਹਤਤਾ ਨੂੰ ਸਮਝਦੇ ਹੋਏ ਇਸ ਵਲ ਅਕਰਸ਼ਿਤ ਹੋਣ।ਬਚੇ ਮਾਂ-ਬੋਲੀ ਦੀਆਂ ਗਹਿਰਾਈਆਂ ਸਕੂਲ ‘ਚੋਂ ਹੀ ਸਿਖਦਾ ਹੈ। ਇਸ ਲਈ ਆਪਣੇ ਬਚਿਆਂ ਲਈ ਅਜਿਹੇ ਸਕੂਲ ਦੀ ਚੋਣ ਕਰਨੀ ਚਾਹੀਦੀ ਹੈ, ਜੋ ਬਚਿਆਂ ਨੂੰ ਮਾਂ-ਬੋਲੀ ਨਾਲ ਜੋੜ ਕੇ ਹੋਰਨਾਂ ਭਾਸ਼ਾਵਾਂ ਦਾ ਗਿਆਨ ਵੀ ਦੇਣ।  ਅਜਿਹੇ ਸਕੂਲਾਂ ਵਿਚ ਦਾਖਲਾ ਕਰਵਾਉਣ ਤੋਂ ਪ੍ਰਹੇਜ਼ ਹੀ ਕਰਨਾ ਚਾਹੀਦਾ ਜੋ ਸਿਖਿਆ ਦੇਣ ਸਮੇਂ ਮਾਂ-ਬੋਲੀ ਨੂੰ ਅਖੋਂ-ਪਰੋਖੇ ਕਰਦੇ ਹੋਣ।ਪੰਜਾਬੀ ਭਾਸ਼ਾ ਦੇ ਹਿਤੈਸ਼ੀਆਂ ਨੂੰ ਮਾਂ-ਬੋਲੀ ਨੂੰ ਬਣਦਾ ਸਤਿਕਾਰ ਦਵਾਉਣ ਲਈ ਇਕਠੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ।

ਇਹ ਵੀ ਸਚ ਹੈ ਕਿ ਸਾਨੂੰ ਵਰਤਮਾਨ ‘ਚ ਜੀਉਣ ਲਈ ਸਮੇਂ ਦੀ ਚਾਲ ਮੁਤਾਬਿਕ ਚਲਣਾ ਜ਼ਰੂਰੀ ਹੈ ਅਤੇ ਵਿਸ਼ਵੀਕਰਨ ਦੇ ਇਸ ਦੌਰ ‘ਚ ਅੰਗਰੇਜ਼ੀ ਭਾਸ਼ਾ ਦਾ ਗਿਆਨ ਹੋਣਾ ਅਤਿ ਜ਼ਰੂਰੀ ਹੈ।ਪਰ ਅਸੀਂ ਹੋਰਨਾਂ ਭਾਸ਼ਾਵਾਂ ਦਾ ਗਿਆਨ ਤਾਂ ਹੀ ਹਾਸਿਲ ਕਰ ਸਕਦੇ ਹਾਂ, ਜੇਕਰ ਮਾਂ-ਬੋਲੀ ਦੀਆਂ ਗਹਿਰਾਈਆਂ ਤੋਂ ਜਾਣੂ ਹੋਵਾਗੇ। ਇਸ ਲਈ ਅੰਗਰੇਜ਼ੀ ਜਾਂ ਹੋਰਨਾਂ ਭਾਸ਼ਾਵਾਂ ਤੋਂ ਪਹਿਲਾਂ ਮਾਂ-ਬੋਲੀ ਸਿਖਣਾ ਜ਼ਰੂਰੀ ਹੈ। ਜੇਕਰ ਅਸੀਂ ਇਸੇ ਤਰ੍ਹਾਂ ਵਿਸ਼ਵੀਕਰਨ ਦੀ ਅੰਨ੍ਹੀ ਦੌੜ ‘ਚ ਭਜਦੇ ਹੋਏ ਮਾਂ-ਬੋਲੀ ਨੂੰ ਵਿਸਾਰਦੇ ਰਹੇ, ਤਾਂ ਉਹ ਸਮਾਂ ਬਹੁਤੀ ਦੂਰ ਨਹੀਂ ਜਦੋਂ ਸਾਡੀ ਆਉਣ ਵਾਲੀ ਪੀੜੀ ਦੇ ਲਈ “ਪੰਜਾਬੀ ਭਾਸ਼ਾ ਹੈ” ਦੀ ਬਜਾਏ “ਹੁੰਦੀ ਸੀ” ਹੋ ਜਾਵੇਗੀ।ਅਖਿਰ ਵਿਚ ਕਿਸੇ ਸ਼ਾਇਰ ਦਾ ਲਿਖਿਆਂ ਸਤਰ੍ਹਾਂ ਸੁਣ ਜਾਂ ਪੜ੍ਹ ਕੇ ਹਮੇਸ਼ਾ ਸ਼ਰਮਸ਼ਾਰ ਹੁੰਦੇ ਰਹਾਂਗੇ।

ਓਹਨੂੰ ਜੀਉਂਦੀ ਨੂੰ ਵਿਚ ਚਿਖਾ ਦੇ ਚਿਣ ਦਿਤਾ

ਕੋਲ ਬੈਠ ਕੇ ਸੀਵਾ ਅਸੀਂ ਸੇਕਦੇ ਰਹੇ,

ਦਹਾਕਿਆਂ ਬਾਅਦ ਲਿਖੂ ਸਾਡਾ ਇਤਿਹਾਸ ਕੋਈ

ਮਾਂ-ਬੋਲੀ ਮਰਦੀ ਰਹੀ ਤੇ ਬੱਚੇ ਦੇਖਦੇ ਰਹੇ।

 

     

Spread the love

Read more

© Copyright 2021, Punjabupdate.com