ਹਰਦੀਪ ਢਿੱਲੋਂ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਬਣੇ

 

-ਮੁੱਖ ਮੰਤਰੀ ਕੈਪਟਨ ਦੇ ਨਜ਼ਦੀਕੀ ਪੁਲਿਸ ਅਫਸਰ ਹਨ ਢਿੱਲੋਂ

ਚੰਡੀਗੜ੍ਹ, 20 ਅਗਸਤ
ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਕੇ ਸਾਬਕਾ ਡੀਜੀਪੀ ਹਰਦੀਪ ਸਿੰਘ ਢਿੱਲੋਂ ਨੂੰ ਪੰਜਾਬ ਪੁਲਿਸ ਹਾਊਸਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਜਦੋਂ ਕਿ ਇਸ ਅਹੁਦੇ ਉਤੇ ਤੈਨਾਤ ਡੀਜੀਪੀ ਐਮ.ਕੇ. ਤਿਵਾਰੀ ਨੂੰ ਬਦਲ ਕੇ ਡੀਜੀਪੀ (ਇੰਟਰਨਲ ਵਿਜੀਲੈਂਸ) ਅਤੇ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਐਮ.ਡੀ. ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। 
1985 ਬੈਚ ਦੇ ਆਈਪੀਐਸ ਅਧਿਕਾਰੀ ਢਿੱਲੋਂ ਇਸੇ ਸਾਲ 31 ਮਾਰਚ ਨੂੰ ਡੀਜੀਪੀ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਢਿੱਲੋਂ ਬਹੁਤ ਹੀ ਇਮਾਨਦਾਰ ਅਤੇ ਧਾਕੜ ਪੁਲਿਸ ਅਫਸਰ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਪੰਜਾਬ ਪੁਲਿਸ ‘ਚ ਸੇਵਾ ਨਿਭਾਉਂਦਿਆਂ ਅਹਿਮ ਅਹੁਦਿਆਂ ਉਤੇ ਕੰਮ ਕੀਤਾ। ਢਿੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਸੂਬੇ ਦੇ ਇੰਟੈਂਲੀਜੈਂਸ ਚੀਫ ਦੇ ਅਹੁਦੇ ਉਤੇ ਵੀ ਤੈਨਾਤ ਰਹੇ। ਉਹ ਇੱਕੋ-ਇੱਕ ਅਜਿਹੇ ਪੁਲਿਸ ਅਫਸਰ ਹਨ ਜਿਹੜੇ ਅੱਧੀ ਰਾਤ ਨੂੰ ਵੀ ਆਪਣਾ ਮੋਬਾਇਲ ਫੋਨ ਚੁੱਕ ਕੇ ਹਰ ਕਿਸੇ ਦੀ ਮਦਦ ਲਈ ਤਿਆਰ ਰਹਿੰਦੇ ਸਨ। ਇਸ ਲਈ ਪੰਜਾਬ ਪੁਲਿਸ ਮਹਿਕਮੇ ਵਿਚ ਉਨ੍ਹਾਂ ਨੂੰ ਅੱਧਾ ਰਾਤ ਤੱਕ ਜਾਗਣ ਵਾਲਾ ਡੀਜੀਪੀ ਵੀ ਕਿਹਾ ਜਾਂਦਾ ਹੈ। 
ਡੀਜੀਪੀ ਸੁਰੇਸ਼ ਅਰੋੜਾ ਦੀ ਸੇਵਾਮੁਕਤੀ ਤੋਂ ਬਾਅਦ ਹਰਦੀਪ ਢਿੱਲੋਂ ਦਾ ਨਾਮ ਸੂਬੇ ਦਾ ਪੁਲਿਸ ਮੁਖੀ ਬਣਨ ਲਈ ਸਭ ਤੋਂ ਉਪਰ ਸੀ। ਪ੍ਰੰਤੂ ਨਵਾਂ ਪੁਲਿਸ ਐਕਟ ਬਣਨ ਨਾਲ ਸੇਵਾਮੁਕਤੀ ‘ਚ ਇੱਕ ਸਾਲ ਤੋਂ ਘੱਟ ਦਾ ਸਮਾਂ ਰਹਿੰਦਿਆਂ ਉਹ ਸੂਬੇ ਦਾ ਪੁਲਿਸ ਮੁਖੀ ਨਹੀਂ ਲੱਗ ਸਕੇ ਅਤੇ ਢਿੱਲੋਂ ਦੇ ਜੂਨੀਅਰ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਕੈਪਟਨ ਸਰਕਾਰ ਨੇ ਸੂਬੇ ਦਾ ਪੁਲਿਸ ਮੁਖੀ ਨਿਯੁਕਤ ਕਰ ਦਿੱਤਾ ਸੀ।

ਇੱਥੇ ਇਹ ਦੱਸਣਯੋਗ ਹੈ ਕਿ ਹਰਦੀਪ ਸਿੰਘ ਢਿੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਪੁਲਿਸ ਅਧਿਕਾਰੀ ਮੰਨੇ ਜਾਂਦੇ ਹਨ। ਉਨ੍ਹਾਂ ਦੇ ਸਬੰਧ ਸਾਰੇ ਹੀ ਸਿਆਸੀ ਪਾਰਟੀਆਂ ਨਾਲ ਸੁਖਾਵੇਂ ਰਹੇ ਹਨ। ਚਾਹੇ ਸਰਕਾਰ ਅਕਾਲੀਆਂ ਦੀ ਹੋਵੇ ਜਾਂ ਫੇਰ ਕਾਂਗਰਸ ਦੀ ਢਿੱਲੋਂ ਹਮੇਸ਼ਾਂ ਹੀ ਅਹਿਮ ਅਹੁਦਿਆਂ ਉਤੇ ਰਹੇ ਹਨ।  

Read more