ਗਣਤੰਤਰਤਾ ਦਿਵਸ ਮੌਕੇ ਗੁਰਪ੍ਰੀਤ ਸਿੰਘ ਕਾਂਗੜ ਲਹਿਰਾਉਣਗੇ ਕੌਮੀ ਝੰਡਾ
*ਪੁਲਿਸ ਲਾਈਨ ਸਟੇਡੀਅਮ ’ਚ ਹੋਈ ਫੁੱਲ ਡਰੈਸ ਰਿਹਰਸਲ
*ਡਿਪਟੀ ਕਮਿਸ਼ਨਰ ਰਾਮਵੀਰ ਅਤੇ ਐਸ.ਐਸ.ਪੀ ਵਿਵੇਕਸ਼ੀਲ ਸੋਨੀ ਨੇ ਲਈ ਮਾਰਚ ਪਾਸਟ ਤੋਂ ਸਲਾਮੀ
ਸੰਗਰੂਰ, 24 ਜਨਵਰੀ:
72ਵੇਂ ਗਣਤੰਤਰਤਾ ਦਿਵਸ ਮੌਕੇ 26 ਜਨਵਰੀ ਨੂੰ ਸਥਾਨਕ ਪੁਲਿਸ ਲਾਈਨ ਸਟੇਡੀਅਮ ਸੰਗਰੂਰ ਵਿਖੇ ਹੋਣ ਵਾਲੇ ਜ਼ਿਲਾ ਪੱਧਰੀ ਸਮਾਗਮ ਮੌਕੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਕੌਮੀ ਝੰਡਾ ਲਹਿਰਾਉਣਗੇ। ਜ਼ਿਲਾ ਪ੍ਰਸ਼ਾਸਨ ਵਲੋਂ ਗਣਤੰਤਰਤਾ ਦਿਵਸ ਸਮਾਗਮ ਦੇ ਮੱਦੇਨਜ਼ਰ ਲੋੜੀਂਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ।
ਅੱਜ ਇਥੇ ਪੁਲਿਸ ਲਾਈਨ ਗਰਾਊਂਡ ਵਿੱਚ ਗਣਤੰਤਰਤਾ ਦਿਵਸ ਸਮਾਗਮ ਦੀ ਫੁੱਲ ਡਰੈਸ ਰਿਹਰਸਲ ਦੌਰਾਨ ਤਿਰੰਗਾ ਲਹਿਰਾਉਣ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਦੱਸਿਆ ਕਿ ਸੁਰੱਖਿਆ ਅਤੇ ਹੋਰ ਲੋੜੀਂਦੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ ਅਤੇ ਗਣਤੰਤਰਤਾ ਦਿਵਸ ਸਮਾਗਮ ਕੋਵਿਡ-19 ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਅਤੇ ਸਿਹਤ ਸਲਾਹਕਾਰੀਆਂ ਦੇ ਅਨੁਸਾਰ ਸੁਚੱਜੇ ਢੰਗ ਨਾਲ ਮਨਾਇਆ ਜਾਵੇਗਾ। ਉਨਾਂ ਦੱਸਿਆ ਕਿ ਇਸ ਵਾਰ ਸਮਾਗਮ ਦੌਰਾਨ 5 ਟੁਕੜੀਆਂ, ਜਿਨਾਂ ਵਿੱਚ ਪੰਜਾਬ ਪੁਲਿਸ, ਹੋਮਗਾਰਡ ਦੇ ਜਵਾਨ, ਐਨ.ਸੀ.ਸੀ. ਦੇ ਕੈਡਿਟ ਸ਼ਾਮਲ ਹੋਣਗੇ, ਮਾਰਚ ਪਾਸਟ ਕਰਨਗੀਆਂ ਅਤੇ 8 ਝਾਕੀਆਂ ਵੱਖ-ਵੱਖ ਖੇਤਰਾਂ ਦੀ ਪੇਸ਼ਕਾਰੀ ਕਰਨਗੀਆਂ।
ਫੁੱਲ ਡਰੈਸ ਰਿਹਰਸਲ ਦੌਰਾਨ ਡਿਪਟੀ ਕਮਿਸ਼ਨਰ ਨੇ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਅਤੇ ਪਰੇਡ ਕਮਾਂਡਰ ਸਮੇਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਮਾਰਚ ਪਾਸਟ ਤੋਂ ਸਲਾਮੀ ਲਈ। ਅੰਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਦੀਆਂ ਵਿਦਿਆਰਥਾਂ ਵੱਲੋਂ ਰਾਸ਼ਟਰੀ ਗਾਨ ਪੇਸ਼ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨਮੋਲ ਸਿੰਘ ਧਾਲੀਵਾਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿੰਘ ਬੱਤਰਾ, ਐਸ.ਡੀ.ਐਮ. ਸੰਗਰੂਰ ਯਸ਼ਪਾਲ ਸ਼ਰਮਾ, ਡੀ.ਡੀ.ਪੀ.ਓ ਪਰਮਜੀਤ ਸਿੰਘ, ਆਰ.ਟੀ.ਏ ਕਰਨਬੀਰ ਸਿੰਘ ਛੀਨਾ ਆਦਿ ਮੌਜੂਦ ਸਨ।