ਆਤਮਿਕ ਖੁਸ਼ੀਆਂ ਤੇ ਗੁਰਮਤਿ ਜੀਵਨ-ਜਾਚ ਲਈ ਬੰਦਾ ਵਖਤੁ ਵੀਚਾਰੇ

ਰੂਹਾਨੀ ਊਰਜਾ ਲਈ ਗਾਡੀ ਰਾਹੁ ਚਲਦਿਆਂ ਸਵਾਸ ਸਵਾਸ ਸਿਮਰਨ ਦੀ ਲੋੜ

• ‘ਨਿੰਦਾ ਕਰਹਿ ਸਿਰਿ ਭਾਰ ਉਠਾਏ’ ਨਾਲ ਭਜਨ-ਬੰਦਗੀ ’ਤੇ ਪੈਂਦਾ ਹੈ ਅਸਰ

–ਹਰਜੀਤ ਸਿੰਘ ਗਰੇਵਾਲ–

ਮਾਨਵ ਉਪਰ ਕਰੋਨਾ ਦੇ ਆਲਮੀ ਸੰਕਟ ਦੌਰਾਨ ਪੜਚੋਲ ਕਰਦਿਆਂ ਕਿਸੇ ਸਿਆਣੇ ਦਾ ਕਿਹਾ ਇਹ ਸੱਚ ਅੱਜ ਸਹੀ ਸਾਬਤ ਹੋ ਰਿਹਾ ਹੈ ਕਿ ਚੰਗੇ ਵੇਲਿਆਂ ਦੌਰਾਨ ਜਮਾਂ ਕੀਤੀ ਹੋਈ ਪੂੰਜੀ, ਘਰ ਪਿਆ ਲੋੜੀਂਦਾ ਸਮਾਨ ਅਤੇ ਚੰਗੇ ਸਬੰਧ ਹਰ ਬੁਰੇ ਵਕਤ ਵੇਲੇ ਕੰਮ ਆਉਂਦੇ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਚਾਹੇ ਬੈਂਕ ਜਾਂ ਘਰ ਪਿਆ ਪੈਸਾ ਹੋਵੇ, ਘਰ ਵਿੱਚ ਲੋੜੀਂਦਾ ਸਾਮਾਨ ਹੋਵੇ, ਦੋਸਤ-ਰਿਸ਼ਤੇਦਾਰ ਜਾਂ ਆਂਢੀ-ਗੁਆਂਢੀ ਹੋਣ, ਮੁਸੀਬਤ ਵੇਲੇ ਔਖੀ ਘੜੀ ਨੂੰ ਸੌਖਿਆ ਲੰਘਾ ਦਿੰਦੇ ਹਨ।

ਇਸੇ ਤਰਾਂ ਹੀ ਚੰਗੇ ਵਕਤ ਵੇਲੇ ਕੀਤੀ ਭਜਨ-ਬੰਦਗੀ, ਸਿਮਰਨ-ਕੀਰਤਨ ਅਤੇ ਕੰਠ ਕੀਤੀ ਗੁਰਬਾਣੀ ਮਾੜੇ ਸਮੇਂ ਵਿੱਚ ‘ਸਿਮਰਤ ਨਾਮੁ ਦੋਖ ਸਭਿ ਲਾਥੇ’ ਅਨੁਸਾਰ ਜ਼ਰੂਰ ਇਨਸਾਨ ਦਾ ਆਸਰਾ ਬਣਕੇ ਦੁੱਖਾਂ ਦੀ ਦਵਾ ਬਣਦੀ ਹੈ। ਇਸ ਤਰਾਂ ਮਨੁੱਖ ਵੱਲੋਂ ਆਤਮਿਕ ਤੌਰ ’ਤੇ ਜਮਾਂ ਕੀਤੀ ਕਾਸਮਿਕ (ਰੂਹਾਨੀ) ਊਰਜਾ (ਕਰਮਾਂ ਦੀ ਪੂੰਜੀ) ਵੀ ‘ਕਰਮ ਖੰਡ ਕੀ ਬਾਣੀ ਜੋਰੁ’ ਦੇ ਮਹਾਂਵਾਕ ਅਨੁਸਾਰ ਉਸਨੂੰ ਬਿਪਤਾ ਦੇ ਭਵਸਾਗਰ ਤੋਂ ਪਾਰ ਲੰਘਾਉਂਦੀ ਹੈ ਅਤੇ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਸਦਕਾ ਭਵਿੱਖ ਖੁਸ਼ਹਾਲ ਅਤੇ ਉੱਜਲਾ ਹੋ ਜਾਂਦਾ ਹੈ। 

ਤੁਸੀਂ ਅੰਦਾਜ਼ਾ ਲਾਓ, ਜੇਕਰ ਇਨਸਾਨ ਕੋਲ ਖਰਚੇ ਲਈ ਪੈਸਾ ਨਾ ਹੋਵੇ, ਘਰੇ ਜਰੂਰੀ ਸਮਾਨ ਮੁੱਕ ਜਾਵੇ ਅਤੇ ਭਾਈਚਾਰੇ ਵਿੱਚੋਂ ਦੋਸਤ-ਰਿਸ਼ਤੇਦਾਰ, ਆਂਢ-ਗੁਆਂਢ ਮੁੱਖ ਮੋੜ ਲੈਣ ਤਾਂ ਸੋਚੋ ਕਿ ਉਸ ਆਦਮੀ ਜਾਂ ਟੱਬਰ ਉਤੇ ਕਿੰਨਾ ਭਿਆਨਕ ਸਮਾਂ ਗੁਜ਼ਰੇਗਾ ਅਤੇ ਬੁਰੇ ਵਕਤ ਵੇਲੇ ਅਜਿਹੀ ਬਿਪਤਾ ਵਿੱਚ ਘਿਰਿਆ ਬੰਦਾ ਚਿੰਤਾ ਤੇ ਨਿਰਾਸ਼ਾ ਦੇ ਘੋਰ ਆਲਮ ਵਿੱਚ ‘ਜਿਉ ਪਕਾ ਰੋਗੀ ਵਿਲਲਾਇ’ ਮੁਤਾਬਿਕ ਮਾਨਸਿਕ ਰੋਗੀ ਬਣਕੇ ਇੱਕ ਦਿਨ ਫਾਨੀ ਸੰਸਾਰ ਤੋਂ ਹੀ ਰੁਖ਼ਸਤ ਹੋ ਸਕਦਾ ਹੈ ਜਾਂ ਖ਼ੁਦਕਸ਼ੀ ਵਰਗੀ ਮਾਨਸਿਕਤਾ ਅਪਣਾ ਸਕਦਾ ਹੈ।

ਸੋ ‘ਵਖਤੁ ਵੀਚਾਰੇ ਸੁ ਬੰਦਾ ਹੋਇ’ ਦੇ ਗੁਰਵਾਕ ਅਨੁਸਾਰ ਇਨਾਂ ਸਾਰੀਆਂ ਚੰਗੀਆਂ ਗੱਲਾਂ ਉਪਰ ਅਮਲ ਕਰਕੇ ‘ਸਫਲ ਜੀਵਨੁ ਸਫਲੁ ਤਾ ਕਾ ਸੰਗੁ’ ਮੁਤਾਬਿਕ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਸਫਲਾ ਕੀਤਾ ਜਾ ਸਕਦਾ ਹੈ। ਗੁਰੂ ਸਾਹਿਬ ਵੱਲੋਂ ਲੋਕਾਈ ਨੂੰ ‘ਸਮਝ ਲੇਹੁ ਸਭ ਜਨ ਮਨ ਮਾਹੀ’ ਦੀ ਬਖਸ਼ੀ ਸੁਮੱਤਿ ਮੁਤਾਬਿਕ ‘ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ’ ਉਪਰ ਅਮਲ ਕਰਦਿਆਂ ਜਦੋਂ ਸਮਾਂ ਮਿਲੇ ‘ਮਨ ਰੇ ਗੁਰ ਕੀ ਕਾਰ ਕਮਾਇ’ ਦੇ ਫ਼ੁਰਮਾਨ ਅਨੁਸਾਰ ਜ਼ਰੂਰ ਭਜਨ-ਬੰਦਗੀ ਕਰੋ, ਗੁਰਮਤਿ ਵਿਚਾਰਾਂ ਕਰੋ-ਸੁਣੋ ਅਤੇ ‘ਗੁਰਬਾਣੀ ਗਾਵਹ ਭਾਈ’। ਇਸ ਤਰਾਂ ‘ਧੁਰ ਕੀ ਬਾਣੀ’ ਉਪਰ ਅਮਲ ਕਰਦਿਆਂ ‘ਸਾਧਸੰਗਤਿ ਗੁਰਮਤਿ ਸਾਬਾਸੀ’ ਮਿਲਦੀ ਹੈ ਤੇ ‘ਗੁਰਸਿਖਾ ਸਾਬਾਸ ਜਨੁਮ ਸਵਾਰਿਆ’ ਜਾਂਦਾ ਹੈ। ਅਜਿਹਾ ਮਨੁੱਖ ‘ਚੰਨਣੁ ਬਿਰਖੁ ਸੁਬਾਸੁ ਦੇ ਚੰਨਣੁ ਕਰਦਾ ਬਿਰਖ ਸਬਾਏ’ ਅਨੁਸਾਰ ਜਿਵੇਂ ਚੰਦਨ ਦਾ ਰੁੱਖ ਲਾਗੇ ਰੁੱਖਾਂ ਨੂੰ ਖੁਸ਼ਬੁਈ ਵੰਡਦਾ ਹੈ ਠੀਕ ਉਤੇ ਤਰਾਂ ਹੀ ‘ਗੁਰਮੁਖ ਗਾਡੀ ਰਾਹੁ ਚਲੰਦਾ’ ਹੋਇਆ ਸਤਸੰਗੀਆਂ ਦਾ ਵੀ ਜਨਮ ਸਫਲਾ ਕਰਨ ਵਿੱਚ ਮੱਦਦ ਕਰ ਸਕਦਾ ਹੈ ਤੇ ‘ਇਹ ਲੋਕ ਸੁਖੀਏ ਪਰਲੋਕ ਸੁਹੇਲੇ’ ਹੋ ਜਾਣਗੇ।

‘ਪੰਥਿ ਸੁਹੇਲੈ ਜਾਵਹੁ’ ਲਈ ਖੁਸ਼ਹਾਲ ਅਤੇ ਗੁਰਮੁੱਖਾਂ ਵਾਲਾ ਜੀਵਨ ਬਸਰ ਕਰਨ ਖਾਤਰ ਕਰਮਾਂ ਅਤੇ ਸਵਾਸਾਂ ਦੀ ਪੂੰਜੀ ਨੂੰ ਰੋਜ਼ਾਨਾ ਜਮਾਂ ਕਰਨ ਲਈ ‘ਹਰਿ ਧਿਆਵਹੁ ਸਾਸਿ ਗਿਰਾਸਿ’ ਕਿਉਂਕਿ ਇਹ ਮਨੁੱਖ ਦੇ ਆਪਣੇ ਹੱਥ-ਵੱਸ ਹੈ ਅਤੇ ਸੁਖਾਲਾ ਕਾਰਜ ਹੈ। ਰੋਜ਼ਾਨਾ ਕੀਤੀ ਜਾਂਦੀ ਨਿੰਦਾ-ਚੁਗਲੀ, ਝੂਠ-ਫਰੇਬ, ਲੋਭ-ਲਾਲਚ, ਠੱਗੀ-ਠੋਰੀ, ਪਰਾਇਆ ਹੱਕ ਖਾਣਾ, ਬੇਈਮਾਨੀ, ਲੜਾਈ, ਡਰ, ਵੈਰ-ਵਿਰੋਧ, ਤਣਾਅ-ਚਿੰਤਾ ਆਦਿ ਮਨੁੱਖ ਦੀ ਕਾਸਮਿਕ ਤੇ ਆਤਮਿਕ ਊਰਜਾ ਸਮੇਤ ਅਧਿਆਤਮ ਨੂੰ ਖੋਰਾ ਲਾਉਂਦੇ ਹਨ ਜਿਵੇਂ ਬਾਣੀ ਵਿੱਚ ਫੁਰਮਾਇਆ ਹੈ ਕਿ ‘ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ।।’ ਇਸ ਤਰਾਂ ਮਨੱਖ ਦੀ ਕਾਰਜਸ਼ੈਲੀ ‘ਜੇਵੇਹੇ ਕਰਮ ਕਮਾਵਦਾ ਤੇਵੇਹੇ ਫਲਤੇ’ ਵਾਂਗ ਹੋ ਜਾਂਦੀ ਹੈ।

ਸੋ ਓਅੰਕਾਰ ਪਰਵਦਿਗਾਰ ਤੋਂ ਆਤਮਿਕ ਊਰਜਾ ਤੇ ਰਹਿਮਤਾਂ ਦੀ ਬਖਸ਼ ‘ਅਨਹਦ ਬਾਣੀ ਪੂੰਜੀ’ ਪ੍ਰਾਪਤ ਕਰਨ ਲਈ ਅੱਠੇ ਪਹਿਰ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਸ਼ੁਕਰਾਨਾ ਕਰੋ, ‘ਸਭੇ ਸਾਝੀਵਾਲ ਸਦਾਇਨਿ’ ਅਨੁਸਾਰ ਸਰਬੱਤ ਦਾ ਭਲਾ ਕਰੋ, ਸਮਾਜਿਕ ਰਿਸ਼ਤਿਆਂ ਵਿੱਚ ਨੇੜਤਾ ਅਤੇ ਮਜ਼ਬੂਤੀ ਲਿਆਓ, ਜ਼ੁਬਾਨ ਦੀ ਮਿਠਾਸ ਵਧਾਓ, ਚੰਗੇ ਕੰਮਾਂ ਮੌਕੇ ਦੂਜਿਆਂ ਨੂੰ ਸ਼ਾਬਾਸ਼ੀ ਦਿਓ ਅਤੇ ਹਰੇਕ ਨੂੰ ਦਿਲੋਂ ਮੁਆਫ ਕਰੋ ਕਿਉਂਕਿ ‘ਹਰਿ ਸਭਨਾ ਵਿਚਿ ਤੂੰ ਵਰਤਦਾ’ ਹੈ। ਮੰਦੇ ਕੰਮਾਂ ਤੋਂ ਦੂਰ ਰਹੋ, ਹਊਮੇ, ਪੰਜੇ ਵਿਕਾਰਾਂ ਅਤੇ ‘ਪਰ ਧਨ ਪਰ ਦਾਰਾ ਪਰ ਨਿੰਦਾ’ ਨੂੰ ਖਤਮ ਕਰਦਿਆਂ ‘ਪਰ ਕਾ ਬੁਰਾ ਨਾ ਰਾਖਹੁ ਚੀਤ’ ਤਹਿਤ ਵੈਰ-ਵਿਰੋਧ ਨੂੰ ਬਿਲਕੁੱਲ ਖਤਮ ਕਰ ਦਿਓ। ਹਮੇਸ਼ਾਂ ਪ੍ਰਮਾਤਮਾ ਦੀ ਰਜ਼ਾ ਵਿੱਚ ‘ਗੁਰਸਿਖੀ ਭਾਣਾ ਮੰਨਿਆ’ ਤਹਿਤ ਅਨੰਦ-ਵਿਸਮਾਦ ਵਿਚ ਵਿਚਰਨਾ ਸ਼ੁਰੂ ਕਰੋਗੇ ਤਾਂ ‘ਖਸਮੈ ਸੋਈ ਭਾਵਦਾ ਖਸਮੈ ਦਾ ਜਿਸੁ ਭਾਣਾ ਭਾਵੈ’ ਮੁਤਾਬਿਕ ਪ੍ਰਮਾਤਮਾ ਦੀ ਮਿਹਰ ਦੇ ਪਾਤਰ ਬਣਦੇ ਹੋਏ ‘ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ’ ਰਾਹੀਂ ਮਨੁੱਖ ਦਾ ਜੀਵਨ ‘ਮਿਠਾ ਬੋਲਣੁ ਨਿਵ ਚਲਣੁ ਹਥਹੁ ਦੇਣਾ ਸਹਜ ਸੁਹੇਲਾ’ ਹੋ ਨਿੱਬੜਦਾ ਹੈ ਅਤੇ ‘ਜਹ ਜਾਈਐ ਤਹਾ ਸੁਹੇਲੇ’ ਹੁੰਦੇ ਹਨ।

‘ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ’ ਦੇ ਮਹਾਂਵਾਕ ਅਨੁਸਾਰ ਬੇਈਮਾਨੀ ਤੇ ਪਾਪਾਂ ਨਾਲ ਇਕੱਤਰ ਮਾਇਆ ਨਾਲ ਨਹੀਂ ਜਾਂਦੀ ਪਰ ਕੀਤੇ ਹੋਏ ਪਾਪ ‘ਲੇਖਾ ਰਬੁ ਮਗੇਸੀਆ ਬੈਠਾ ਕਢਿ ਵਹੀ’ ਮੁਤਾਬਿਕ ‘ਲੇਖਾ ਧਰਮ ਭਇਆ ਤਿਲ ਪੀੜੈ ਧਾਣੀ ਰਾਮ’ ਵਾਂਗ ਭੁਗਤਣਾ ਪੈਂਦਾ ਹੈ। ਤੁਹਾਡੇ ਵੱਲੋਂ ਕੀਤੀ ਨਿੰਦਾ-ਚੁਗਲੀ ਨਾਲ ਸਬੰਧਤ ਵਿਅਕਤੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ‘ਨਿੰਦਾ ਕਰਹਿ ਸਿਰਿ ਭਾਰ ਉਠਾਏ’ ਅਨੁਸਾਰ ਤੁਹਾਡੇ ਕਾਸਮਿਕ ਊਰਜਾ, ਕਰਮਾਂ ਦੀ ਪੂੰਜੀ ਮਨਫੀ ਹੋ ਜਾਂਦੀ ਹੈ ਅਤੇ ‘ਨਿੰਦਕ ਕੀ ਗਤਿ ਕਤਹੂੰ ਨਾਹੀ ਖਸਮੈ ਏਵੈ ਭਾਣਾ’ ਮੁਤਾਬਿਕ ‘ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ’ ਵਾਂਗ ਕਰਮਾਂ ਦਾ ਫਲ ਹਰ ਹੀਲੇ ਭੁਗਤਣਾ ਪੈਂਦਾ ਹੈ।

ਸੋ ‘ਸਿਮਰਤ ਨਾਮੁ ਭਰਮੁ ਭਉ ਭਾਗੈ’ ਦੇ ਫ਼ੁਰਮਾਨ ਮੁਤਾਬਿਕ ਵਖਤ ਵਿਚਾਰਦਿਆਂ ਹੁਣੇ ਤੋਂ ਹੀ ਖੁਸ਼ਹਾਲ ਰਹਿਣ, ਬਿਹਤਰ ਜ਼ਿੰਦਗੀ ਜਿਊਣ, ਉੱਜਲ ਭਵਿੱਖ ਅਤੇ ਅੱਗਾ ਸੰਵਾਰਨ ਲਈ ਹੋਰਨਾਂ ਉਸਾਰੂ ਗੱਲਾਂ ਦੇ ਨਾਲ-ਨਾਲ ਰੋਜ਼ਾਨਾ ਇੱਕ ਮਨਚਿੱਤ ਹੋ ਕੇ ਸਿਮਰਨ ਕਰੋਗੇ ਤਾਂ ‘ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ’ ਤਹਿਤ ਇਹ ਪੂੰਜੀ ਔਖੇ ਵੇਲੇ ਕੰਮ ਆਵੇਗੀ ਅਤੇ ‘ਸਮਰਥ ਗੁਰੂ ਸਿਰਿ ਹਥੁ ਧਰੵਉ’ ਰਾਹੀਂ ਜੀਵਨ ਸਫ਼ਲਾ ਹੋ ਜਾਵੇਗਾ ਅਤੇ ‘ਗੁਰੁ ਸਿਖੀ ਦੀ ਏਹੀ ਨੀਸਾਣੀ’ ਹੈ। 

ਹਰਜੀਤ ਸਿੰਘ ਗਰੇਵਾਲ

Writer Mobile number : +91- 76588-0000

—————————————————————————————————

(ਅਸੀਂ ਆਪਣੇ ਪਾਠਕਾਂ ਨੂੰ ਦੱਸਣਾ ਚਾਹੁੰਦੇ ਹਾਂ  ਕਿ ਲੇਖਕ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸੀਨੀਅਰ ਅਧਿਕਾਰੀ ਹਨ ਅਤੇ ਜੁਆਇੰਟ ਡਾਇਰੈਕਟਰ ਦੇ ਅਹੁਦੇ ਉਤੇ ਤੈਨਾਤ ਹਨ। ਹਰਜੀਤ ਸਿੰਘ ਗਰੇਵਾਲ ਇੱਕ ਅਫਸਰ ਹੋਣ ਦੇ ਨਾਲ-ਨਾਲ ਸਿੱਖ ਖੇਡਾਂ ਗੱਤਕਾ ਕੱਪ ਅਤੇ ਸਿੱਖ ਫੁੱਟਬਾਲ ਕੱਪ ਵੀ ਕਰਵਾਉਂਦੇ ਆ ਰਹੇ ਹਨ। ਉਨ੍ਹਾਂ ਸਿੱਖ ਕੌਮ ਦੀ ਹਰਮਨ ਪਿਆਰੀ ਗੱਤਕਾ ਖੇਡ ਨੂੰ ਕੌਮਾਂਤਰੀ ਪੱਧਰ ਉਤੇ ਪ੍ਰਫੁੱਲਿਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਹੈ-Thanks)

—————————————————————————————————

Read more