02 December 2020 02:41 pm

ਕੇਂਦਰ ਦੀ ਪੰਜਾਬ ਉਤੇ ਦੋਹਰੀ ਮਾਰ : ਪੰਜਾਬ ‘ਚ ਖਾਦ ਦੀ ਕਿੱਲਤ ਵਧੀ, ਖਾਦਾਂ ਦੀ ਕਮੀ ਕਾਰਨ ਬਿਜਾਈ ਦਾ ਸੰਕਟ

- Posted on 29 October 2020

ਮਾਲ ਗੱਡੀਆਂ ਬੰਦ ਕਰਕੇ ਕਿਸਾਨੀ ਉਤੇ ਦਬਾਅ ਵਧਾਉਣ ਲੱਗੀ ਕੇਂਦਰ ਸਰਕਾਰ
-ਆਲੂਆਂ ਤੇ ਕਣਕ ਦੀ ਬਿਜਾਈ ਖਾਦਾਂ ਦੀ ਘਾਟ ਕਰਨ ਪੱਛੜਣ ਲੱਗੀ
ਚੰਡੀਗੜ੍ਹ, 29 ਅਕਤੂਬਰ
ਆਰਥਿਕ ਮੰਦਹਾਲੀ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਚੱਲਦਿਆਂ ਕਿਸਾਨਾਂ ਉਤੇ ਦੋਹਰੀ ਮਾਰ ਪੈ ਰਹੀ ਹੈ। ਕੇਂਦਰ ਸਰਕਾਰ ਵਲੋਂ ਪੰਜਾਬ ਵਿਚ ਰੇਲਾਂ, ਮਾਲ ਗੱਡੀਆਂ ਦੀ ਆਵਾਜਾਈ ਉਤੇ ਰੋਕ ਲਗਾਉਣ ਦੇ ਚੱਲਦਿਆਂ ਸੂਬੇ ਵਿਚ ਹੁਣ ਖਾਦਾਂ ਦੀ ਕਮੀ ਕਾਰਨ ਫਸਲਾਂ ਦੀ ਬਿਜਾਈ ਪਿੱਛੜਣੀ ਸ਼ੁਰੂ ਹੋ ਗਈ ਹੈ। ਆਲੂਆਂ ਦੀ ਫਸਲ ਲਈ ਬਿਜਾਈ ਦੇ ਚੱਲਦਿਆਂ ਕਿਸਾਨਾਂ ਨੂੰ ਖਾਦਾਂ ਦੀ ਸਪਲਾਈ ਪੂਰੀ ਨਾ ਮਿਲਣ ਕਾਰਨ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਲੂਆਂ ਦੀ ਬਿਜਾਈ ਦੇ ਇਲਾਵਾ ਕਣਕ ਦੀ ਬਿਜਾਈ ਵੀ ਸ਼ੁਰੂ ਹੋ ਗਈ ਹੈ ਅਤੇ ਖਾਦਾਂ ਦੀ ਕਿੱਲਤ ਕਾਰਨ ਡੀਏਪੀ ਖਾਦ ਦੀਆਂ ਕੀਮਤਾਂ ਅਸਮਾਨੀ ਚੜ੍ਹਨ ਲੱਗੀਆਂ ਹਨ। ਪੰਜਾਬ ਵਿਚ ਖਾਦ ਨਾ ਪੁੱਜਣ ਕਾਰਨ ਜਿੱਥੇ ਫਸਲਾਂ ਦੀ ਬਿਜਾਈ ਦਾ ਵੱਡਾ ਸੰਕਟ ਖੜ੍ਹਾ ਹੋਣ ਦੇ ਆਸਾਰ ਬਣਦੇ ਜਾਂਦੇ ਹਨ ਅਤੇ ਜੇਕਰ ਕੁੱਝ ਦਿਨ ਹੋਣ ਕੇਂਦਰ ਸਰਕਾਰ ਨੇ ਆਪਣਾ ਪੰਜਾਬ ਵਿਰੋਧੀ ਫੈਸਲਾ ਨਾ ਬਦਲਿਆ ਤਾਂ ਹਾਲਾਤ ਗੰਭੀਰ ਹੋ ਸਕਦੇ ਹਨ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਡੰਡੇ ਦੇ ਜ਼ੋਰ ਉਤੇ ਕਿਸਾਨਾਂ ਦਾ ਸੰਘਰਸ਼ ਦਬਾਉਣਾ ਚਾਹੁੰਦੀ ਹੈ, ਜੋ ਕਿ ਉਸਦਾ ਬਹੁਤ ਵੱਡਾ ਭੁਲੇਖਾ ਹੈ। ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਮਝ ਕੇ ਕਿਸਾਨ ਵਿਰੋਧੀ ਤਾਨਾਸ਼ਾਹੀ ਨੀਤੀਆਂ ਉਤੇ ਉਤਰ ਆਈ ਹੈ। ਪੰਜਾਬ ਦੇ ਕਿਸਾਨ ਆਪਣਾ ਹੱਕ ਲੈਣਾ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਜ਼ੁਲਮ ਦਾ ਟਾਕਰਾ ਕਰਨਾ ਵੀ ਸਾਨੂੰ ਚੰਗੀ ਤਰ੍ਹਾਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਸਮਝਦੀ ਹੈ ਕਿ ਕਿਸਾਨਾਂ ਦੀ ਖਾਦ ਰੋਕ ਕੇ ਅਤੇ ਪੰਜਾਬ ਲਈ ਹੋਰਨਾਂ ਵਸਤੂਆਂ ਤੇ ਮਾਲ ਗੱਡੀਆਂ ਦੀ ਸਪਲਾਈ ਰੋਕ ਕੇ ਝੁਕਾਅ ਲਵੇਗੀ, ਪ੍ਰੰਤੂ ਇਹ ਉਸਦਾ ਬਹੁਤ ਵੱਡਾ ਭਰਮ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇੱਕ ਤੋਂ ਬਾਅਦ ਇੱਕ ਕਿਸਾਨ ਵਿਰੋਧੀ ਫੈਸਲੇ ਕਰ ਰਹੀ ਹੈ। ਝੋਨੇ ਦੀ ਪਰਾਲੀ ਸਾੜਣ ਸਬੰਧੀ ਮੋਦੀ ਸਰਕਾਰ ਵਲੋਂ ਲਿਆਂਦਾ ਜਾਣ ਵਾਲਾ ਇੱਕ ਹੋਰ ਆਰਡੀਨੈਂਸ ਵੀ ਪੰਜਾਬ ਤੇ ਕਿਸਾਨ ਵਿਰੋਧੀ ਹੈ ਅਤੇ ਜ਼ਮੀਨੀ ਹਕੀਕਤਾਂ ਦੇ ਬਿਲਕੁਲ ਉਲਟ ਹੈ। ਝੋਨਾ ਸਾੜਣ ਵਾਲੇ ਕਿਸਾਨਾਂ ਨੂੰ ਇੱਕ ਕਰੋੜ ਰੁਪਏ ਦਾ ਜੁਰਮਾਨਾ ਅਤੇ 5 ਸਾਲ ਦੀ ਕੈਦ ਦਾ ਫੈਸਲਾ ਕਰਕੇ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਕੁਚਲਣਾ ਚਾਹੁੰਦੀ ਹੈ, ਜੋ ਕਿ ਕਿਸੇ ਵੀ ਕੀਮਤ ਉਤੇ ਨਹੀਂ ਹੋਣ ਦਿੱਤਾ ਜਾਵੇਗਾ। ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਨੇ 24 ਅਕਤੂਬਰ ਨੂੰ ਪੰਜਾਬ ਸਰਕਾਰ ਦੀ ਅਪੀਲ ਉਤੇ ਮਾਲ ਗੱਡੀਆਂ ਚਲਾਉਣ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ ਸਨ ਅਤੇ ਕਿਸਾਨ ਰੇਲ ਪੱਟੜੀਆਂ ਉਤੋਂ ਉਠ ਕੇ ਰੇਲਵੇ ਸਟੇਸ਼ਨਾਂ ਉਤੇ ਇੱਕ ਪਾਸੇ ਬੈਠ ਕੇ ਸ਼ਾਂਤਮਈ ਧਰਨੇ ਦੇ ਰਹੇ ਹਨ। ਪ੍ਰੰਤੂ 2 ਦਿਨ ਮਾਲ ਗੱਡੀਆਂ ਚਲਾਉਣ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਪੂਰੇ ਪੰਜਾਬ ਲਈ ਮਾਲ ਗੱਡੀਆਂ ਉਤੇ ਰੋਕ ਲਗਾ ਕੇ ਪੰਜਾਬ ਵਿਰੋਧੀ ਹੋਣ ਦਾ ਇੱਕ ਹੋਰ ਸਬੂਤ ਪੇਸ਼ ਕਰ ਦਿੱਤਾ ਹੈ।
ਫਸਲਾਂ ਦੀ ਬਿਜਾਈ ਲਈ ਖਾਦਾਂ ਦੀ ਸਪਲਾਈ ਬੰਦ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਰਾਜੇਵਾਲ ਨੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਆਪਣਾ ਦੁਸ਼ਮਣ ਮਿਥ ਹੀ ਲਿਆ ਹੈ ਤਾਂ ਪੰਜਾਬ ਦੇ ਕਿਸਾਨ ਦੁਸ਼ਮਣ ਨਾਲ ਮੱਥਾ ਲਾਉਣਾ ਵੀ ਚੰਗੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇੱਕ ਸਾਲ ਲਈ ਕਿਸਾਨਾਂ ਨੂੰ ਆਪਣੀਆਂ ਫਸਲਾਂ ਲਈ ਕੇਂਦਰ ਸਰਕਾਰ ਦਾ ਜ਼ੁਲਮ ਸਹਿਣਾ ਪਿਆ ਤਾਂ ਉਹ ਸਹਿਣ ਲਈ ਤਿਆਰ ਹਨ।
ਸੂਬੇ ਦੀਆਂ ਖਾਦ ਏਜੰਸੀਆਂ ਕੋਲ ਡੀਏਪੀ ਖਾਦ ਦਾ ਸਟਾਕ ਲਗਭਗ ਖ਼ਤਮ ਹੋਣ ਕਿਨਾਰੇ ਪੁੱਜ ਚੁੱਕਾ ਅਤੇ ਖਾਦਾਂ ਦੀ ਕਿੱਲਤ ਕਾਰਨ ਕੀਮਤਾਂ ਵੀ ਅਸਮਾਨੀ ਚੜ੍ਹਨ ਲੱਗੀਆਂ ਹਨ। ਸਰਕਾਰ ਨੇ 16 ਅਕਤੂਬਰ ਤੋਂ ਡੀਏਪੀ ਖਾਦ ਦੀ ਕੀਮਤ ਵਿੱਚ 50 ਰੁਪਏ ਪ੍ਰਤੀ ਥੈਲੇ ਦਾ ਵਾਧਾ ਕਰ ਦਿੱਤਾ ਹੈ। ਇਫ਼ਕੋ ਕੇਂਦਰ ‘ਚੋਂ ਪ੍ਰਾਪਤ ਜਾਣਕਾਰੀ ਮੁਤਾਬਕ ਡੀਏਪੀ ਖਾਦ ਦਾ ਸਟਾਕ ਖ਼ਤਮ ਹੋ ਚੁੱਕਾ ਹੈ। ਡਾਇਅਮੋਨੀਅਮ ਫ਼ਾਸਫ਼ੇਟ ਭਾਵ ਡੀਏਪੀ ਖਾਦ ਥੈਲੇ ਦੀ 15 ਅਕਤੂਬਰ ਤੱਕ ਕੀਮਤ ਪਹਿਲਾਂ 1,150 ਰੁਪਏ ਸੀ, ਜੋ ਹੁਣ 1,200 ਰੁਪਏ ਹੋ ਗਈ ਹੈ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਕਿਸਾਨ ਰੇਲ ਮਾਰਗ ਜਾਮ ਕਰ ਕੇ ਆਰ ਪਾਰ ਦੀ ਲੜਾਈ ਲੜ ਰਹੇ ਹਨ। ਰਸਾਇਣਕ ਖਾਦਾਂ ਨਾਲ ਖੇਤੀ ਕਰਦੇ ਕਿਸਾਨਾਂ ਦੀ ਆਰਥਿਕਤਾ ‘ਤੇ ਇਸ ਦਾ ਵੱਡਾ ਅਸਰ ਪੈਣ ਦੇ ਅਸਾਰ ਹਨ।


ਉਧਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ, ਏਕਤਾ) ਦੇ ਸੀਨੀਅਰ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਜੋਗਿੰਦਰ ਸਿੰਘ ਉਗਰਾਹਾਂ ਹੋਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ। ਸੂਬੇ ਵਿਚ ਮਾਲ ਗੱਡੀਆਂ ਦੀ ਸਪਲਾਈ ਰੋਕ ਕੇ ਕੇਂਦਰ ਸਰਕਾਰ ਪੰਜਾਬ ਨਾਲ ਸਿੱਧਾ ਮੱਥਾ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਦਾਂ ਦੀ ਸਪਲਾਈ ਬੰਦ ਕਰਨਾ ਪੰਜਾਬ ਦੀ ਕਿਸਾਨੀ ਲਈ ਸਿੱਧੀ ਚੁਣੌਤੀ ਹੈ ਜਿਸ ਦਾ ਜਵਾਬ ਸੰਘਰਸ਼ ਦੇ ਰੂਪ ਵਿਚ ਕਿਸਾਨ ਦੇਣਗੇ।
ਸੂਬੇ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਰਾਜੇਸ਼ ਵਸ਼ਿਸ਼ਟ ਦਾ ਕਹਿਣਾ ਹੈ ਕਿ ਖਾਦਾਂ ਦੀ ਕਿੱਲਤ ਕਾਰਨ ਆਲੂਆਂ ਅਤੇ ਕਣਕ ਦੀਆਂ ਫਸਲਾਂ ਦੀ ਬਿਜਾਈ ਵਿਚ ਦੇਰੀ ਹੋ ਰਹੀ ਹੈ ਜਿਸ ਨਾਲ ਫਸਲਾਂ ਦੀ ਝਾੜ ਉਤੇ ਵੀ ਮਾੜਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਮਾਲ ਗੱਡੀਆਂ ਨਾ ਚਲਦੀਆਂ ਹੋਣ ਕਾਰਨ ਖਾਦ ਦੀ ਸਪਲਾਈ ਰੁਕ ਗਈ ਹੈ। ਉਨਾਂ ਕਿਹਾ ਕਿ ਪੰਜਾਬ ਨੂੰ ਆਉਣ ਵਾਲੀ ਖਾਦ ਗੁਆਂਢੀ ਸੂਬਿਆਂ ਵਿੱਚ ਰੁਕ ਗਈ ਹੈ, ਮਾਲ ਗੱਡੀਆਂ ਦੇ ਚੱਲਣ ਨਾਲ ਹੀ ਪੰਜਾਬ ਪਹੁੰਚ ਸਕੇਗੀ। ਜੇ ਖਾਦ ਦੀ ਕਿੱਲਤ ਹੁੰਦੀ ਹੈ ਤਾਂ ਅਗਲੀ ਫਸਲ ਦੀ ਬਿਜਾਈ ਲੇਟ ਹੋ ਸਕਦੀ ਹੈ, ਫਸਲ ਨੂੰ ਨੁਕਸਾਨ ਹੋ ਸਕਦਾ ਹੈ ਅਤੇ ਕਿਸਾਨਾਂ ਵਿੱਚ ਪੈਨਿਕ ਦੀ ਸਥਿਤੀ ਬਣ ਸਕਦੀ ਹੈ। ਪੰਜਾਬ ਵਿੱਚ ਵੀ ਜੋ ਫਰਟੀਲਾਈਜ਼ਰ ਪਲਾਂਟ ਹਨ, ਉਨ੍ਹਾਂ ਦਾ ਕੰਮ ਕਾਜ ਚਲਦੇ ਰਹਿਣ ਲਈ ਵੀ ਕੱਚਾ ਮਾਲ ਰੇਲਾਂ ਜ਼ਰੀਏ ਆਉਂਦਾ ਹੈ। ਜੇ ਸੂਬੇ ਵਿੱਚ ਕੋਲੇ ਦੀ ਕਿੱਲਤ ਆਈ ਅਤੇ ਬਿਜਲੀ ਪ੍ਰਭਾਵਿਤ ਹੋਈ ਤਾਂ ਵੀ ਖੇਤੀ ਪ੍ਰਭਾਵਿਤ ਹੋਵੇਗੀ, ਕਿਉਂਕਿ ਬਿਜਾਈ ਦੇ ਸੀਜ਼ਨ ਵਿੱਚ ਪਾਣੀ ਚਾਹੀਦਾ ਹੈ ਅਤੇ ਪਾਣੀ ਵਾਲੀਆਂ ਮੋਟਰਾਂ ਨੂੰ ਬਿਜਲੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਖਰੀਦੀ ਹੋਈ ਫਸਲ ਜੋ ਗੋਦਾਮਾਂ ਵਿੱਚ ਪਈ ਹੈ, ਉਹ ਵੀ ਮਾਲ ਗੱਡੀਆਂ ਜ਼ਰੀਏ ਹੀ ਬਾਹਰ ਭੇਜੀ ਜਾਣੀ ਹੈ। ਇਸ ਲਈ ਮਾਲ-ਗੱਡੀਆਂ ਦੀ ਆਵਾਜਾਈ ਨਿਰਵਿਘਨ ਹੋਣਾ ਬਹੁਤ ਅਹਿਮ ਹੈ। ਰੇਲ ਸੇਵਾ ਪੂਰੇ ਦੇਸ਼ ਦੀ ਆਰਥਿਕਤਾ ਵਿੱਚ ਵੱਡੀ ਭੂਮਿਕਾ ਨਿਭਾਉਂਦੀ ਹੈ। ਪੰਜਾਬ ਦੇ ਅਰਥ-ਚਾਰੇ ਵਿੱਚ ਵੀ ਰੇਲਾਂ ਦਾ ਖਾਸ ਰੋਲ ਹੈ।

ਅਰਥਸ਼ਾਸਤਰੀ ਸੁੱਚਾ ਸਿੰਘ ਗਿੱਲ ਨੇ ਗੱਲਬਾਤ ਦੌਰਾਨ ਕਿਹਾ ਕਿ ਇਹ ਫੈਸਲਾ ਕਿਸਾਨਾਂ ਅਤੇ ਵਪਾਰੀਆਂ, ਦੋਹਾਂ ਲਈ ਹੀ ਨੁਕਸਾਨਦਾਇਕ ਹੈ ਅਤੇ ਕੇਂਦਰ ਵੱਲੋਂ ਕਿਸਾਨੀ ਸੰਘਰਸ਼ ਕਮਜ਼ੋਰ ਕਰਨ ਲਈ ਵਰਤਿਆ ਪ੍ਰੈਸ਼ਰ ਟੈਕਟਿਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਅਗਲੀ ਫਸਲ ਬੀਜਣੀ ਹੈ ਅਤੇ ਸੂਬੇ ਅੰਦਰ ਖਾਦ ਪੂਰੀ ਨਹੀਂ ਹੈ। ਮਾਲ-ਗੱਡੀਆਂ ਜ਼ਰੀਏ ਹੀ ਖਾਦ ਸੂਬੇ ਵਿੱਚ ਲਿਆਂਦੀ ਜਾਣੀ ਹੈ। ਪਰ, ਰੇਲਵੇ ਵਿਭਾਗ ਨੇ ਇਸ ਸੰਜੀਦਾ ਮੌਕੇ ‘ਤੇ ਮਾਲ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਅਗਲੀ ਫਸਲ ਦੀ ਖਰੀਦ ਕਰਨ ਤੋਂ ਪਹਿਲਾਂ ਪੰਜਾਬ ਦੇ ਗੋਦਾਮਾਂ ਵਿੱਚ ਪਿਆ ਅਨਾਜ ਜੋ ਮਾਲ ਗੱਡੀਆਂ ਜ਼ਰੀਏ ਬਾਹਰੀ ਸੂਬਿਆਂ ਵਿੱਚ ਜਾਣਾ ਸੀ ਉਹ ਨਹੀਂ ਜਾ ਪਾ ਰਿਹਾ। ਕਿਸਾਨੀ ਤੋਂ ਇਲਾਵਾ ਉਦਯੋਗਿਕ ਖੇਤਰ ਨੂੰ ਕਾਫੀ ਘਾਟਾ ਪੈਣ ਵਾਲਾ ਹੈ। ਇਸ ਸੀਜ਼ਨ ਵਿੱਚ ਲੁਧਿਆਣਾ ਦੀ ਹੌਜ਼ਰੀ ਇੰਡਸਟਰੀ ਦਾ ਬਹੁਤ ਮਾਲ ਬਣ ਕੇ ਤਿਆਰ ਹੈ, ਜੋ ਕਿ ਸੂਬੇ ਤੋਂ ਬਾਹਰ ਜਾਣਾ ਸੀ ਪਰ ਮਾਲ-ਗੱਡੀਆਂ ਨਾ ਚਲਦੀਆਂ ਹੋਣ ਕਾਰਨ ਉਹ ਵੀ ਨਹੀਂ ਜਾ ਪਾਏਗਾ।
ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਦਾ ਇਹ ਫੈਸਲਾ ਦਬਾਅ ਬਣਾਉਣ ਵਾਲਾ ਅਤੇ ਗੈਰ-ਜਿੰਮੇਦਾਰਾਨਾ ਹੈ। ਕਿਸਾਨਾਂ ਦੇ ਸੰਘਰਸ਼ ਦਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਸਰਕਾਰ ਨੇ ਵੀ ਸਾਥ ਦਿੱਤਾ ਅਤੇ ਕੇਂਦਰ ਦੇ ਇਸ ਫੈਸਲੇ ਨਾਲ ਪੂਰੇ ਪੰਜਾਬ ਨੂੰ ਪਰੇਸ਼ਾਨੀ ਹੋਏਗੀ। ਮਾਲ ਗੱਡੀਆਂ ਰੋਕਣ ਦਾ ਇਹ ਫੈਸਲਾ ਪੰਜਾਬ ਦੀ ਆਰਥਿਕ ਤਰੱਕੀ ਦੇ ਰਾਹ ਵਿੱਚ ਰੋੜਾ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਅਪੀਲਾਂ ਕੀਤੀਆਂ ਕਿ ਮਾਲ ਗੱਡੀਆਂ ਦਾ ਰਾਹ ਛੱਡ ਦਿੱਤਾ ਜਾਵੇ, ਜਿਸ ਤੋਂ ਬਾਅਦ ਕਿਸਾਨਾਂ ਨੇ ਮਾਲ ਗੱਡੀਆਂ ਲਈ ਰੇਲਵੇ ਟਰੈਕ ਖਾਲੀ ਕਰ ਦਿੱਤੇ ਸਨ ਅਤੇ ਰੇਲਵੇ ਸਟੇਸ਼ਨਾਂ ਉਤੇ ਸ਼ਾਂਤਮਈ ਧਰਨੇ ਲਗਾ ਕੇ ਹੀ ਸਿਰਫ਼ ਯਾਤਰੀ ਰੇਲ ਗੱਡੀਆਂ ਦਾ ਵਿਰੋਧ ਸ਼ੁਰੂ ਕੀਤਾ ਸੀ। ਇਸ ਦੌਰਾਨ ਕੇਂਦਰ ਸਰਕਾਰ ਨੇ ਸਿਰਫ 2 ਦਿਨ ਲਈ ਹੀ ਮਾਲ ਗੱਡੀਆਂ ਚਲਾ ਕੇ ਮੁੜ ਬੰਦ ਕਰ ਦਿੱਤੀਆਂ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਸੂਬੇ ਅੰਦਰ ਮਾਲ ਗੱਡੀਆਂ ਦੀ ਬਹਾਲੀ ਕਰਨ ਲਈ ਚਿੱਠੀ ਲਿਖੀ ਸੀ। ਮੁੱਖ ਮੰਤਰੀ ਨੇ ਰੇਲ ਮੰਤਰੀ ਨੂੰ ਕਿਹਾ ਕਿ ਕਿਸਾਨਾਂ ਵੱਲੋਂ ਰੇਲ ਟਰੈਕ ਖਾਲ੍ਹੀ ਕਰਨ ਦੇ ਬਾਵਜੂਦ ਸੂਬੇ ਅੰਦਰ ਮਾਲ ਗੱਡੀਆਂ ਦੀ ਆਵਾਜਾਈ ‘ਤੇ ਰੋਕ ਕਿਸਾਨਾਂ ਨੂੰ ਫਿਰ ਭੜਕਾ ਸਕਦੀ ਹੈ। ਕੈਪਟਨ ਨੇ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਚਿੱਠੀ ਵਿੱਚ ਲਿਖਿਆ ਸੀ ਕਿ ਮਾਲ ਗੱਡੀਆਂ ਦੀ ਆਵਾਜਾਈ ਰੁਕਣ ਨਾਲ ਸਿਰਫ ਪੰਜਾਬ ਦੀ ਆਰਥਿਕਤਾ ਪ੍ਰਭਾਵਿਤ ਨਹੀਂ ਹੋਵੇਗੀ, ਸਗੋਂ ਜੰਮੂ-ਕਸ਼ਮੀਰ ਅਤੇ ਲੇਹ-ਲੱਦਾਖ ਨੂੰ ਵੀ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com