21 Apr 2021

ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਨੇ ਕੱਢਿਆ ਟਰੈਕਟਰ ਮਾਰਚ

ਪੰਜਾਬਅੱਪਡੇਟ,ਚੰਡੀਗੜ੍ਹ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ‘ਤੇ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ।ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਸਖ਼ਤ ਸੁਰੱਖਿਆ ਦੇ ਵਿਚਕਾਰ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰਾਂ ਤੋਂ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਟਰੈਕਟਰ ਰੈਲੀ ਕੱਢ ਕੇਂਦਰ ਸਰਕਾਰ ‘ਤੇ ਦੁਬਾਅ ਪਾਉਣ ਦਾ ਯਤਨ ਕੀਤਾ।

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਦੇ ਕਿਸਾਨ ਮਾਰਚ ਵਿੱਚ 3 ਹਜ਼ਾਰ ਤੋਂ ਵੱਧ ਟਰੈਕਟਰ ਟਰਾਲੀਆਂ ਭਾਗ ਲੈ ਰਹੀਆਂ ਹਨ।ਅੱਜ ਵੱਖ-ਵੱਖ ਬਾਰਡਰਾਂ ਤੋਂ ਸ਼ੁਰੂ ਹੋ ਕੇ ਟਰੈਕਟਰ ਮਾਰਚ ਵੱਖ-ਵੱਖ ਰਸਤਿਆਂ ਤੋਂ ਗੁਜ਼ਰ ਕੇ ਆਪਣੇ ਟਿਕਾਣਿਆਂ ‘ਤੇ ਪਹੁੰਚਣਗੇ।

ਕਿਸਾਨ ਆਗੂਆਂ ਨੇ ਕਿਹਾ ਕਿ ਇਹ 26 ਜਨਵਰੀ ਨੂੰ ਹਰਿਆਣਾ, ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਰਾਜਧਾਨੀ ਦਿੱਲੀ ਲਈ ਆਉਣ ਵਾਲੇ ਟਰੈਕਟਰਾਂ ਵੱਲੋਂ ਇਹ ਇੱਕ “ਰਿਹਰਸਲ” ਕੀਤੀ ਗਈ ਹੈ।ਉਨ੍ਹਾਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅੱਜ ਕਿਸਾਨ ਵੱਲੋਂ ਸਰਕਾਰ ਨੂੰ 26 ਜਨਵਰੀ ਦੀ ਪਰੇਡ ਦੀ ਫਿਲਮ ਤੋਂ ਪਹਿਲਾਂ ਟਰੇਲਰ ਹੀ ਦਿਖਾਇਆ ਹੈ।ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦਾ ਸਬਰ ਪਰਖ ਰਹੀ ਹੈ, ਜੇਕਰ ਸਰਕਾਰ ਕਿਸਾਨਾਂ ਦੇ ਸਬਰ ਦੀ ਪਰਖ ਹੀ ਕਰਨਾ ਚਾਹੁੰਦੀ ਹੈ, ਤਾਂ ਉਹ ਵੀ ਪ੍ਰੀਖਿਆ ਦੇਣ ਲਈ ਤਿਆਰ ਹਨ ਅਤੇ ਉਨ੍ਹਾਂ ਸਮਾਂ ਸੰਘਰਸ਼ ਵਾਪਿਸ ਨਹੀਂ ਲੈਣਗੇ।ਜਦੋਂ ਤੱਕ ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਿਸ ਨਹੀਂ ਕਰ ਲੈਂਦੀ।

ਦੱਸਣਯੋਗ ਹੈ ਕਿ ਜਨਵਰੀ ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਮੀਟੰਗ ਬੇਸਿੱਟਾ ਰਹੀ ਸੀ।ਜਿਸਤੋਂ ਬਾਅਦ ਕਿਸਾਨ ਆਗੂਆਂ ਨੇ  6 ਜਨਵਰੀ ਨੂੰ ਟਰੈਕਟਰ ਮਾਰਚ ਕਰਨ ਦਾ ਐਲਾਨ ਕੀਤਾ ਸੀ, ਪਰ ਮੌਸਮ ਖਰਾਬ ਹੋਣ ਕਰਨ ਟਰੈਕਟਰ ਮਾਰਚ 6 ਜਨਵਰੀ ਦੀ ਬਜਾਏ 7 ਜਨਵਰੀ ਨੂੰ ਕਰਨ ਦਾ ਫੈਸਲਾ ਕੀਤਾ ਸੀ।6 ਜਨਵਰੀ ਨੂੰ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਹੁਣ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਅਗਲੀ ਮੀਟਿੰਗ 8 ਜਨਵਰੀ ਨੂੰ ਹੋਵੇਗੀ।

ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਔਰਤਾਂ 26 ਜਨਵਰੀ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਟਰੈਕਟਰ ਚਲਾਉਣਟ ਸਿੱਖ ਰਹੀਆਂ ਹਨ।

   

Read more