ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੀ ਕਾਰਗਜ਼ਾਰੀ ਵਿੱਚ ਸੁਧਾਰ ਕਰਨ ਲਈ ਪ੍ਰਦਾਨ ਕੀਤੇ ਸੁਨਹਿਰੀ ਮੌਕੇ ਦੀ ਪਰੀਖਿਆ ਦੇਣ ਦੀਆਂ ਸ਼ਰਤਾਂ ਵਿੱਚ ਵਾਧਾ ਕੀਤਾ
ਐੱਸ ਏ ਐੱਸ ਨਗਰ, 01 ਜਨਵਰੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਪਣੀ ਕਾਰਗਜ਼ਾਰੀ ਵਿੱਚ ਸੁਧਾਰ ਕਰਨ ਲਈ ਪ੍ਰਦਾਨ ਕੀਤੇ ਸੁਨਹਿਰੀ ਮੌਕੇ ਦੀ ਪਰੀਖਿਆ ਦੇਣ ਦੀਆਂ ਸ਼ਰਤਾਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਸਾਲ 2004 ਤੋਂ ਸਾਲ 2018 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪਰੀਖਿਆ ਪਾਸ ਕਰਨ ਵਾਲੇ ਪਰੀਖਿਆਰਥੀ ਵੀ ਇਸ ਸੁਨਹਿਰੀ ਮੌਕੇ ਦਾ ਲਾਭ ਉਠਾਉਂਦੇ ਹੋਏ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰ ਸਕਣਗੇ।
ਸਿੱਖਿਆ ਬੋਰਡ ਦੇ ਕੰਟਰੋਲਰ ਪਰੀਖਿਆਵਾਂ ਸ਼੍ਰੀ ਜਨਕ ਰਾਜ ਮਹਿਰੋਕ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਹਿਲਾਂ ਸਾਲ 1970 ਤੋਂ ਲੈ ਕੇ ਸਾਲ 2003 ਤੱਕ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪਰੀਖਿਆ ਪਾਸ ਕਰ ਚੁੱਕੇ ਪਰੀਖਿਆਰਥੀਆਂ ਨੂੰ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਹਿਤ ਨਵੇਂ ਸਿਰਿਓਂ ਪਰੀਖਿਆ ਦੇਣ ਲਈ ਸੁਨਹਿਰੀ ਮੌਕਾ ਦਿੱਤਾ ਗਿਆ ਸੀ। ਹੁਣ ਇਸ ਸੁਨਹਿਰੀ ਮੌਕੇ ਦੀ ਪਰੀਖਿਆ ਦੀ ਹੱਦ ਸਾਲ 2018 ਤੱਕ ਵਧਾ ਦਿੱਤੀ ਗਈ ਹੈ, ਭਾਵ ਹੁਣ ਸਾਲ 1970 ਤੋਂ ਸਾਲ 2018 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪਰੀਖਿਆ ਪਾਸ ਕਰ ਚੁੱਕੇ ਪਰੀਖਿਆਰਥੀ ਆਪਣੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਲਈ ਸੁਨਹਿਰੀ ਮੌਕੇ ਦੀ ਇਹ ਪਰੀਖਿਆ ਦੇ ਸਕਦੇ ਹਨ।
ਕੰਟਰੋਲਰ ਪਰੀਖਿਆਵਾਂ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਸਾਲ 2004 ਤੋਂ ਸਾਲ 2018 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀ ਪਰੀਖਿਆ ਪਾਸ ਕਰਨ ਵਾਲੇ ਪਰੀਖਿਆਰਥੀ ਕੰਮ-ਕਾਜ ਵਾਲੇ ਦਿਨਾਂ ਵਿੱਚ ਆਪਣੇ ਪਰੀਖਿਆ ਫ਼ਾਰਮ ਭਰ ਕੇ ਯੋਗਤਾ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਸਮੇਤ ਬੋਰਡ ਦੇ ਮੁੱਖ ਦਫ਼ਤਰ ਵਿਖੇ ਨਿੱਜੀ ਪਹੁੰਚ ਕਰਕੇ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਕੋਲੋਂ ਪਰੀਖਿਆ ਫ਼ੀਸ ਭਰਨ ਦੀ ਪ੍ਰਵਾਨਗੀ ਪ੍ਰਾਪਤ ਕਰਨਗੇ।
ਸਾਲ 2004 ਤੋਂ ਸਾਲ 2018 ਤੱਕ ਦੇ ਇਨ੍ਹਾਂ ਪਰੀਖਿਆਰਥੀਆਂ ਲਈ ਪਰੀਖਿਆ ਫ਼ਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਉਪਲਬਧ ਕਰਵਾ ਦਿੱਤੇ ਗਏ ਹਨ। ਪਰੀਖਿਆ ਫ਼ੀਸਾਂ ਦਾ ਸ਼ਡਿਊਲ ਅਤੇ ਗਾਈਡਲਾਈਨਜ਼ ਪਹਿਲਾਂ ਪ੍ਰਕਾਸ਼ਿਤ ਪ੍ਰੈੱਸ ਨੋਟ ਵਾਲਾ ਹੀ ਰਹੇਗਾ ਜੋ ਕਿ ਬੋਰਡ ਦੀ ਵੈੱਬ-ਸਾਈਟ ਤੇ ਵੀ ਉਪਲਬਧ ਹੈ। ਇਨ੍ਹਾਂ ਪਰੀਖਿਆਰਥੀਆਂ ਦੀ ਸੁਨਹਿਰੀ ਮੌਕੇ ਦੀ ਪਰੀਖਿਆ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੀ ਕਰਵਾਈ ਜਾਵੇਗੀ।
ਇਸ ਪਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਦਸਵੀਂ ਸ਼੍ਰੇਣੀ ਦੇ ਸਬੰਧਤ ਪਰੀਖਿਆਰਥੀ ਟੈਲੀਫ਼ੋਨ ਨੰਬਰ 0172-5227274, 5227292 ਅਤੇ ਬਾਰ੍ਹਵੀਂ ਸ਼੍ਰੇਣੀ ਦੇ ਸਬੰਧਤ ਪਰੀਖਿਆਰਥੀ ਟੈਲੀਫ਼ੋਨ ਨੰਬਰ 0172-5227319, 5227305 ਤੇ ਸੰਪਰਕ ਕਰ ਸਕਦੇ ਹਨ।