19 Apr 2021

ਮਿਸ਼ਨ ਸ਼ਤ-ਪ੍ਰਤੀਸਤ ਨੂੰ ਸਫ਼ਲ ਬਣਾਉਣ ਲਈ ਸਕੂਲ ਮੁਖੀ ਉਤਸ਼ਾਹਿਤ – ਸਿੱਖਿਆ ਸਕੱਤਰ

ਐੱਸ.ਏ.ਐੱਸ. ਨਗਰ 13 ਜਨਵਰੀ: ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਹੋ ਰਿਹਾ ਹੈ। ਦਸਵੀਂ ਅਤੇ ਬਾਰ੍ਹਵੀਂ ਜਮਾਤਾਂ ਦੀ ਸਲਾਨਾ ਡੇਟਸ਼ੀਟ ਵੀ ਬੋਰਡ ਵੱਲੋਂ ਨਿਰਧਾਰਿਤ ਹੋ ਗਈ ਹੈ। ਸਕੱਤਰ ਸਕੂਲ ਸਿੱਖਿਆ ਵੱਲੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫ਼ਜ਼ਾਈ ਲਈ ਜ਼ਿਲ਼੍ਹਾ ਪੱਧਰ ‘ਤੇ ਸਕੂਲਾਂ ਵਿੱਚ ਪ੍ਰੇਰਨਾਦਾਇਕ ਦੌਰੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਅਤੇ ਸੰਗਰੂਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਆਈ.ਏ.ਐੱਸ.ਨੇ ਦੌਰਾ ਕੀਤਾ ਅਤੇ ਇਸ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੀ.ਏ.ਯੂ. ਲੁਧਿਆਣਾ ਵਿੱਚ ਜ਼ਿਲ੍ਹਾ ਲੁਧਿਆਣਾ ਅਤੇ ਮੋਗਾ ਦੇ ਸਿੱਖਿਆ ਅਧਿਕਾਰੀਆਂ, ਵੱਖ-ਵੱਖ ਵਿਸ਼ਿਆਂ ਦੇ ਜ਼ਿਲ਼੍ਹਾ ਅਤੇ ਬਲਾਕ ਮੈਂਟਰਾਂ, ਸਿੱਖਿਆ ਸੁਧਾਰ ਟੀਮਾਂ, ਬਲਾਕ ਨੋਡਲ ਅਫ਼ਸਰਾਂ,  ਨਾਲ ਮਿਸ਼ਨ ਸ਼ਤ-ਪ੍ਰਤੀਸ਼ਤ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਮੋਗਾ ਅਤੇ ਲੁਧਿਆਣਾ ਜਿਲ੍ਹੇ ਵੱਲੋਂ ਮਿਸ਼ਨ ਸ਼ਤਪ੍ਰਤੀਸ਼ਤ ਸਬੰਧੀ ਤਿਆਰੀਆਂ ਲਈ ਅੰਕੜਾ ਵਿਸ਼ਲੇਸ਼ਣ ਦੀ ਪੇਸ਼ਕਾਰੀ ਕੀਤੀ ਗਈ। ਇਸਦੇ ਨਾਲ ਹੀ ਫਰਵਰੀ 2021 ਦੇ ਪ੍ਰੀ ਬੋਰਡ ਇਮਤਿਹਾਨਾਂ ਲਈ ਵੀ  ਸਕੂਲ ਮੁਖੀਆਂ ਨੂੰ ਦਿੱਤੀ ਜਾਣ ਵਾਲੀਆਂ ਹਦਾਇਤਾਂ ਅਤੇ ਅਗਵਾਈ ਲੀਹਾਂ ਬਾਰੇ ਵੀ ਜਾਣਕਾਰੀ ਦਿੱਤੀ। 

ਸਕੱਤਰ ਸਕੂਲ ਸਿੱਖਿਆ ਨੇ ਸਮੂਹ ਵਿਸ਼ਾ ਮੈਂਟਰਾਂ ਨੂੰ ਕਿਹਾ ਕਿ ਉਹ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰ ਕੇ ਸਕੂਲ ਦੇ ਵਿਦਿਆਰਥੀਆਂ ਦੇ ਦਸੰਬਰ ਘਰੇਲੂ ਇਮਤਿਹਾਨਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਵਿਦਿਆਰਥੀਆਂ ਦੀ ਪਛਾਣ ਕਰਕੇ ਉਹਨਾਂ ਦੀ ਤਿਆਰੀ ਕਰਵਾਉਣ। ਉਹਨਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਦਾ ਮਤਲਬ ਕਿ ਸਾਲਾਨਾ ਪ੍ਰੀਖਿਆਵਾਂ ਵਿੱਚ ਅਪੀਅਰ ਹੋਣ ਵਾਲੇ ਸਾਰੇ ਵਿਦਿਆਰਥੀ ਪਾਸ ਹੋਣ, ਵੱਧ ਤੋਂ ਵੱਧ ਵਿਦਿਆਰਥੀ 90 ਫੀਸਦੀ ਅੰਕ ਪ੍ਰਾਪਤ ਕਰਨ ਅਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪ੍ਰਾਪਤ ਅੰਕਾਂ ਦੀ ਵੇਟੇਡ ਐਵਰੇਜ ਉਚੀ ਹੋਵੇ। ਇਸ ਲਈ ਸਮੂਹ ਸਕੂਲ ਮੁਖੀਆਂ ਨੂੰ ਅੰਕੜਾ ਵਿਸ਼ਲੇਸ਼ਣ ਕਰਨ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਹੁਤ ਸਾਰੇ ਸਕੂਲ ਮੁਖੀ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਇਹ ਕਾਰਜ ਬਾਖੂਬੀ ਕਰ ਰਹੇ ਹਨ।

ਇਸ ਮੌਕੇ ਸਿੱਖਿਆ ਸਕੱਤਰ ਨੇ ਸਮੂਹ ਮੈਂਟਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਸਕੂਲਾਂ ਵਿੱਚ ਜਾਕੇ ਦੇਖਿਆ ਕਿ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਸਕੂਲ ਵਿੱਚ ਆ ਕੇ ਪੜ੍ਹਣ ਲਈ ਉਤਸੁਕ ਹਨ। ਅਧਿਆਪਕ ਅਤੇ ਸਕੂਲ ਮੁਖੀ ਬੱਚਿਆਂ ਨੂੰ ਵਾਧੂ ਜਮਾਤਾਂ ਲਾ ਕੇ ਪੜ੍ਹਾਉਣ ਲਈ ਉਤਸ਼ਾਹਿਤ ਹਨ ਕਿਉਂਕਿ ਉਹ ਜਾਣਦੇ ਹਨ ਕਿ ਕੋਰੋਨਾ ਕਰਕੇ ਉਹ ਵਿਦਿਆਰਥੀਆਂ ਨੂੰ ਲੰਮਾ ਸਮਾਂ ਇਸ ਸੈਸ਼ਨ ਵਿੱਚ ਮਿਲ ਨਹੀਂ ਸਕੇ ਅਤੇ ਜਿਸ ਕਾਰਨ ਵਿਦਿਆਰਥੀਆਂ ਨੂੰ ਹੋਰ ਜਿਆਦਾ ਮਿਹਨਤ ਕਰਨ ਲਈ ਪ੍ਰੇਰਨਾ ਦੇ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸਿੱਖਿਆ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਵਨ ਸਟਾਪ ਸੋਲਿਊਸ਼ਨ ਐਪ ਪੰਜਾਬ ਐਜੂਕੇਅਰ ਐਪ ਬਹੁਤ ਹੀ ਜਿਆਦਾ ਫਾਇਦੇ ਮੰਦ ਹੈ। ਵਿਦਿਆਰਥੀ ਇਸ ਰਾਹੀ ਆਪਣੀ ਜਮਾਤ ਦੇ ਪਾਠਕ੍ਰਮ ਅਨੁਸਾਰ ਮਾਡਲ ਟੈਸਟ ਪੇਪਰ ਦੇਖ ਕੇ ਦੁਹਰਾਈ ਕਰ ਸਕਦੇ ਹਨ। ਇਸਦੇ ਨਾਲ ਹੀ ਵੱਖ-ਵੱਖ ਵਿਸ਼ਿਆਂ ਦੀਆਂ ਅਧਿਆਪਕਾਂ ਦੁਆਰਾ ਤਿਆਰ ਕੀਤੀਆਂ ਗਈਆਂ ਵੀਡੀਓਜ਼ ਵੀ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਬਾਰੇ ਵੀ ਬਾਖੂਬੀ ਜਾਗਰੂਕ ਕਰਨਾ ਅਧਿਆਪਕਾਂ ਅਤੇ ਮੈਂਟਰ ਅਧਿਆਪਕਾਂ ਦੀ ਇਕ ਵੱਡੀ ਜ਼ਿੰਮੇਵਾਰੀ ਬਣਦੀ ਹੈ।

ਸਕੱਤਰ ਸਕੂਲ ਸਿੱਖਿਆ ਨੇ ਸਮੂਹ ਵਿਸ਼ਾ ਮੈਂਟਰਾਂ ਨੂੰ ਪ੍ਰੇਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ‘ਈਚ ਵਨ-ਆਸਕ ਵਨ’ ਮੁਹਿੰਮ ਤਹਿਤ ਵਿਦਿਆਰਥੀ ਆਪਣੇ ਅਧਿਆਪਕਾਂ, ਸਕੂਲ ਮੁਖੀਆਂ ਇੱਥੌਂ ਤੱਕ ਕਿ ਸਿੱਖਿਆ ਅਧਿਕਾਰੀਆਂ ਪਾਸੋਂ ਵੀ ਸਵਾਲ ਪੁੱਛ ਕੇ ਵੱਖ-ਵੱਖ ਵਿਸ਼ਿਆਂ ਦੀਆਂ ਧਾਰਨਵਾਂ ਦੇ ਸ਼ੰਕੇ ਦੂਰ ਕਰ ਰਹੇ ਹਨ। ਉਹਨਾਂ ਸਕੂਲ ਮੁਖੀਆਂ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਬਹੁਤ ਹੀ ਤਨਦੇਹੀ ਨਾਲ ਕੰਮ ਕੀਤਾ ਹੈ ਅਤੇ ਕਰ ਰਹੇ ਹਨ। ਸਕੂਲਾਂ ਵਿੱਚ ਵਿੱਦਿਅਕ ਪਾਰਕ ਬਣਾ ਕੇ, ਸਕੂਲਾਂ ਦੀ ਇਮਾਰਤ ਨੂੰ ਬਾਲਾ ਮੁਹਿੰਮ ਤਹਿਤ ਸਿੱਖਣ ਸਮੱਗਰੀ ਵੱਜੋਂ ਤਿਆਰ ਕਰਕੇ, ਈ-ਕੰਟੈਂਟ ਦੀ ਉਚਿਤ ਵਰਤੋਂ ਕਰਨ ਲਈ ਜਮਾਤਾਂ ਦੇ ਕਮਰਿਆਂ ਨੂੰ ਸਮਾਰਟ ਬਣਾ ਕੇ ਸਕੂਲਾਂ ਦੀ ਬਾਹਰੀ ਦਿੱਖ ਨੂੰ ਆਕਰਸ਼ਨ ਬਣਾੇ ਕੇ ਬਹੁਤ ਹੀ ਜਿਆਦਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਸਰਕਾਰੀ ਸਕੂਲਾਂ ਵਿੱਚ ਲੋਕਾਂ ਦਾ ਵਿਸ਼ਵਾਸ਼ ਬਣੇਗਾ ਉੱਥੇ ਪਿਛਲੇ ਸਾਲਾਂ ਵਾਂਗ ਅਗਲੇ ਸੈਸ਼ਨ ਵਿੱਚ ਵੀ ਦਾਖਲਾ ਸਾਕਾਰਾਤਮਕ ਦਰ ਨਾਲ ਵਧੇਗਾ।

ਸਕੱਤਰ ਸਕੂਲ ਸਿੱਖਿਆ ਨੇ ਮੀਟਿੰਗ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਦੇ ਕਲਿਆਣ ਅਤੇ ਸੰਦੋੜ ਅਤੇ ਜ਼ਿਲ੍ਹਾ ਲੁਧਿਆਣਾ ਦੇ ਭੰਬੋਹੜ, ਨੂਰਪੁਰਾ ਅਤੇ ਗੋਦਵਾਲ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਵੀ ਕੀਤਾ।

ਇਸ ਮੌਕੇ ਸਲਿੰਦਰ ਸਿੰਘ ਸਹਾਇਕ ਡਾਇਰੈਕਟਰ, 

 ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਸਿੱਖਿਆ ਲੁਧਿਆਣਾ ਰਾਜਿੰਦਰ ਕੌਰ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਲੁਧਿਆਣਾ ਦੇ ਮੈਂਬਰ, ਵੱਖ-ਵੱਖ ਵਿਸ਼ਿਆ ਦੇ ਜ਼ਿਲ੍ਹਾ ਅਤੇ ਬਲਾਕ ਮੈਂਟਰ ਵੀ ਮੌਜੂਦ ਸਨ।

Read more