ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਵਿਦਿਅਕ ਮੁਕਾਬਲੇ: ਭਾਸ਼ਨ ਪ੍ਰਤੀਯੋਗਤਾ ਸ਼ੁਰੂ
· ਪ੍ਰਤੀਯੋਗੀ 21 ਅਗਸਤ ਰਾਤ 12 ਵਜੇ ਤੱਕ ਆਪਣੀ ਪੇਸ਼ਕਾਰੀ ਦੀਆਂ ਵੀਡੀਓਜ਼ ਸ਼ੋਸ਼ਲ ਮੀਡੀਆ/ਪੋਰਟਲ ਤੇ ਅਪਲੋਡ ਕਰ ਸਕਦੇ ਹਨ
ਫ਼ਿਰੋਜ਼ਪੁਰ 17 ਅਗਸਤ-
ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਚੌਥੀ ਪ੍ਰਤੀਯੋਗਤਾ ਭਾਸ਼ਨ ਮੁਕਾਬਲੇ ਦੀ ਸ਼ੁਰੂਆਤ ਹੋ ਗਈ ਹੈ । ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਇੰਨ੍ਹਾਂ ਮੁਕਾਬਲਿਆਂ ਤਹਿਤ ਸ਼ਬਦ ਗਾਇਨ, ਗੀਤ ਗਾਇਨ ਤੇ ਕਵਿਤਾ ਉਚਾਰਨ ਪ੍ਰਤੀਯੋਗਤਾਵਾਂ ਹੋ ਚੁੱਕੀਆਂ ਹਨ, ਜਿੰਨ੍ਹਾਂ ‘ਚ ਰਾਜ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ 74 ਹਜ਼ਾਰ ਤੋਂ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਉਨ੍ਹਾਂ ਸਬੰਧੀ ਗੀਤ ਤੇ ਕਵਿਤਾਵਾਂ ਦਾ ਉਚਾਰਨ ਕਰਕੇ, ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।