ਸਿੱਖਿਆ ਵਿਭਾਗ ਵੱਲੋਂ ‘ਅਸੀਂ ਵੀ ਸੋਹਣਾ ਲਿਖ ਸਕਦੇ ਹਾਂ’ ਮੁਹਿੰਮ ਲਈ ਰਿਸੋਰਸ ਗਰੁੱਪ ਤਿਆਰ
ਪਟਿਆਲਾ, 9 ਦਸੰਬਰ:
ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਅੱਖਰਾਂ ਦੀ ਸਹੀ ਬਣਾਵਟ ਸਿੱਖਣ ਦੀ ਅਤਿਅੰਤ ਰੁਚੀ ਦੇ ਪ੍ਰਗਟਾਵੇ ਤੋਂ ਬਾਅਦ ਸਿੱਖਿਆ ਵਿਭਾਗ ਪੰਜਾਬ ਨੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਸਰਕਾਰੀ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹਾ ਰਹੇ ਲੈਕਚਰਾਰਾਂ, ਮਾਸਟਰ/ਮਿਸਟ੍ਰੈਸ ਦੇ ਨਾਲ-ਨਾਲ ਸਕੂਲ ਮੁਖੀਆਂ ਵਿੱਚ ਵੀ ਅੱਖਰਾਂ ਦੀਬਣਤਰ, ਸੁਲੇਖ ਲਿਖਣ ਸਬੰਧੀ ਮੂਲ ਨਿਯਮਾਂ ਅਤੇ ਹੋਰ ਸਬੰਧਤ ਜਾਣਕਾਰੀ ਦੇਣ ਲਈ ਸਕੱਤਰ ਸਕੂਲ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਰਾਜ ਪੱਧਰ ਭਰ ‘ਚ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤਹਿਤ ਜ਼ਿਲ੍ਹਾ ਪਟਿਆਲਾ ‘ਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹਰਿੰਦਰ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਮੈਂਟਰ ਪੰਜਾਬੀ ਅਤੇ ਹੋਰ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਪਾਸੋਂ ਆਨ-ਲਾਈਨ ਪੰਜ ਰੋਜ਼ਾ ਸਿਖਲਾਈ ਪ੍ਰਾਪਤ ਕੀਤੀ ਹੈ। ਅਗਲੇ ਪੜਾਅ ਤਹਿਤ ਜ਼ਿਲ੍ਹੇ ਵਿੱਚ ਮਾਹਿਰ ਅਧਿਆਪਕਾਂ ਦਾ ਇੱਕ ਰਿਸੋਰਸ ਗਰੁੱਪ ਤਿਆਰ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਮੈਂਟਰ ਪੰਜਾਬੀ ਰਮਨਜੀਤ ਸਿੰਘ ਨੇ ਦੱਸਿਆ ਕਿ ਪੰਜਾਬੀ ਦੇ ਪੈਂਤੀ ਅੱਖ਼ਰਾਂ ਨੂੰ 9 ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਜਿਹੜੇ ਅੱਖਰਾਂ ਦੀ ਬਣਾਵਟ ਇੱਕੋ ਜਿਹੇ ਪੈਟਰਨ ‘ਤੇ ਹੈ ਉਹਨਾਂ ਵਿੱਚੋਂ ਇੱਕ ਅੱਖਰ ਨੂੰ ਸੋਹਣਾ, ਸੁੰਦਰ ਅਤੇ ਸਹੀ ਲਿਖਣਾ ਸਿੱਖ ਜਾਣ ‘ਤੇ ਅਧਿਆਪਕ ਬਾਕੀ ਦੇ ਅੱਖਰਾਂ ਦੀ ਬਣਾਵਟ ਵੀ ਸੋਹਣੀ ਬਣਾ ਸਕਦਾ ਹੈ। ਇਸ ਲਈ ਬਹੁਤ ਸਾਰੇ ਅਧਿਆਪਕਾਂ ਵੱਲੋਂ ਮੰਗ ਆ ਰਹੀ ਸੀ ਕਿ ਸੁਲੇਖ ਕੈਂਪ ਲਗਾਏ ਜਾਣ ਅਤੇ ਅੱਖਰਾਂ ਦੀ ਬਣਾਵਟ ਬਾਰੇ ਜਾਣਕਾਰੀ ਸਾਂਝੀ ਕਤੀ ਜਾਵੇ। ਨੈਸ਼ਨਲ ਐਵਾਰਡੀ ਅਤੇ ਪ੍ਰਸਿੱਧ ਚਿੱਤਰਕਾਰ ਅਧਿਆਪਕ ਗੁਰਪ੍ਰੀਤ ਸਿੰਘ ਨਾਮਧਾਰੀ ਨਾਭਾ ਨੇ ਕਿਹਾ ਕਿ ਅਧਿਆਪਕ ਕਲਾ ਦਾ ਖ਼ਜ਼ਾਨਾ ਹੈ। ਉਸ ਨੂੰ ਜਦੋਂ ਅੱਖਰ ਸੋਹਣਾ ਲਿਖਣ ਦੀ ਜਾਚ ਆ ਜਾਂਦੀ ਹੈ ਤਾਂ ਉਹ ਬਹੁਤ ਵਧੀਆ ਢੰਗ ਨਾਲ ਅੱਖਰ ਦੇ ਨਿਵੇਕਲੇ ਰੂਪ ਸਿਰਜ ਸਕਦਾ ਹੈ। ਇਹਨਾਂ ਸਿਖਲਾਈ ਵਰਕਸ਼ਾਪਾਂ ਦੌਰਾਨ ਜਿੱਥੇ ਗੁਰਮੁਖੀ ਨੂੰ ਲਿਖਣ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਵੇਗਾ ਉੱਥੇ ਲੱਖਾਂ ਵਿਦਿਆਰਥੀਆਂ ਲਈ ਇਹ ਅਧਿਆਪਕ ਚਾਨਣ ਮੁਨਾਰੇ ਦਾ ਕੰਮ ਕਰਨਗੇ।
ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਅਮਨ ਕਿਹਾ ਕਿ ਪੰਜਾਬੀ ਮਾਂ-ਬੋਲੀ ਦੀ ਸੇਵਾ ਲਈ ਸਿੱਖਿਆ ਵਿਭਾਗ ਵੱਲੋਂ ਕੀਤਾ ਜਾਣ ਵਾਲਾ ਇਹ ਕਾਰਜ ਬਹੁਤ ਹੀ ਜਿਆਦਾ ਮਹੱਤਤਾ ਰੱਖਦਾ ਹੈ। ਉਹਨਾਂ ਨੇ ਇੱਛਾ ਜਤਾਈ ਕਿ ਜੇਕਰ ਵਿਭਾਗ ਵੱਲੋਂ ਉਹਨਾਂ ਨੂੰ ਇਸ ਵਰਕਸ਼ਾਪ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲੇਗਾ ਤਾਂ ਉਹ ਜ਼ਰੂਰ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅਧਿਆਪਕਾਂ ਵੱਲੋਂ ਲਿਖੀ ਜਾ ਰਹੀ ਸੁੰਦਰ ਗੁਰਮੁਖੀ ਅਤੇ ਅੱਖਰਕਾਰੀ ਤੋਂ ਉਹ ਬਹੁਤ ਪ੍ਰਭਾਵਿਤ ਹਨ ਅਤੇ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀ ਇਸ ਉੱਦਮ ਲਈ ਵਧਾਈ ਦੇ ਪਾਤਰ ਹਨ। ਡਿਪਟੀ ਡੀ.ਈ.ਓ. (ਸੈ.) ਸੁਖਵਿੰਦਰ ਖੋਸਲਾ ਨੇ ਕਿਹਾ ਕਿ ਅਧਿਆਪਕਾਂ ਨੂੰ ਸਿਖਲਾਈ ਵਰਕਸ਼ਾਪ ਦੌਰਾਨ ਅਭਿਆਸ ਲਈ ਵਰਕਸ਼ੀਟਾਂ ਉਪਲਬਧ ਕਰਵਾਈਆਂ ਗਈਆਂ ਹਨ। ਵਿਭਾਗ ਵੱਲੋਂ ਸੁੰਦਰ ਅੱਖਰਾਂ ਦੀ ਬਣਾਵਟ ਲਈ ਮੈਨੂਅਲ ‘ਅਸੀਂ ਵੀ ਸੁੰਦਰ ਲਿਖ ਸਕਦੇ ਹਾਂ’ ਵੀ ਭੇਜਿਆ ਜਾ ਰਿਹਾ ਹੈ। ਰਾਜ ਪੱਧਰੀ ਸਿਖਲਾਈ ਵਰਕਸ਼ਾਪ ਵਿੱਚ ਦਵਿੰਦਰ ਸਿੰਘ ਪੰਜਾਬੀ ਮਾਸਟਰ ਸਸਸਸ ਭਾਂਖਰ, ਅਮਰਜੀਤ ਸਿੰਘ ਪੰਜਾਬੀ ਮਾਸਟਰ ਹਰਿਆਊ ਕਲਾਂ ਨੇ ਵੀ ਸ਼ਮੂਲੀਅਤ ਕੀਤੀ।