ਸਿੱਖਿਆ ਵਿਭਾਗ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ ਵਾਲੇ ਸੇਵਾ-ਮੁਕਤ ਹੋਏ ਸਕੂਲ ਮੁਖੀ ਅਤੇ ਅਧਿਆਪਕ ਸਨਮਾਨਿਤ

– ਸਿੱਖਿਆ ਸਕੱਤਰ ਨੇ ਸੇਵਾ-ਮੁਕਤ ਹੋਏ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਦਿੱਤੀ ਮੁਬਾਰਕਬਾਦ

ਐੱਸ.ਏ.ਐੱਸ.ਨਗਰ 19 ਫਰਵਰੀ : ਸਿੱਖਿਆ ਵਿਭਾਗ ਵੱਲੋਂ ਹਰ ਮਹੀਨੇ ਵਿਭਾਗ ਵਿੱਚ ਵੱਖ-ਵੱਖ ਕਾਡਰਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੇਵਾ ਮੁਕਤ ਹੋਣ ਵਾਲੇ ਸਕੂਲ ਮੁਖੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। 

ਇਸੇ ਲੜੀ ਤਹਿਤ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿਖੇ  ਨਵੰਬਰ-ਦਸੰਬਰ ਮਹੀਨੇ ਦੌਰਾਨ ਸੇਵਾ ਮੁਕਤ ਹੋਣ ਵਾਲੇ ਸਕੂਲ ਮੁਖੀਆਂ ਸਮੇਤ  ਵੱਖ-ਵੱਖ ਕਾਡਰਾਂ ਦੇ 69 ਅਧਿਆਪਕਾਂ ਨੂੰ ਸੇਵਾ ਮੁਕਤੀ ਉਪਰੰਤ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਨਿਵਾਜ਼ਿਆ ਗਿਆ।  ਸਿੱਖਿਆ ਵਿਭਾਗ ਵੱਲੋਂ ਸਨਮਾਨਿਤ ਹੋਏ ਕਰਮਚਾਰੀਆਂ ਵਿੱਚ 4 ਪ੍ਰਿੰਸੀਪਲ, 5 ਹੈੱਡ ਮਾਸਟਰ/ ਮਿਸਟ੍ਰੈਸ, 11 ਲੈਕਚਰਾਰ, 1 ਵੋਕੇਸ਼ਨਲ ਲੈਕਚਰਾਰ, 30 ਮਾਸਟਰ/ਮਿਸਟ੍ਰੈਸ, 1 ਡੀ.ਪੀ.ਈ., 04 ਪੀ.ਟੀ.ਆਈ.,9 ਆਰਟ ਐਂਡ ਕਰਾਫਟ ਟੀਚਰ, 3 ਹੈੱਡ ਟੀਚਰ ਅਤੇ 1 ਜੇ.ਬੀ.ਟੀ. ਅਧਿਆਪਕ ਸ਼ਾਮਲ ਸਨ।

ਇਸ ਮੌਕੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੇਵਾ ਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਚੰਗੀ ਸਿਹਤਯਾਬੀ ਦੀ ਕਾਮਨਾ ਕਰਦਿਆਂ ਕਿਹਾ ਕਿ ਸੇਵਾ ਮੁਕਤੀ ਦਾ ਨਾਮ ਜ਼ਿੰਦਗੀ ਦੀ ਖੜੋਤ ਨਹੀਂ ਹੈ।ਉਹਨਾਂ ਸਮੂਹ ਅਧਿਆਪਕਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਵੀ ਵਧੇਰੇ ਚੁਸਤ-ਦਰੁੱਸਤ ਰਹਿਣ, ਆਪਣੇ ਸਕੂਲਾਂ ਨਾਲ ਪਹਿਲਾਂ ਵਾਂਗ ਹੀ ਜੁੜੇ ਰਹਿਣ ਅਤੇ ਸਕਾਰਾਤਮਕ ਸੋਚ ਅਪਣਾਉਣ ਲਈ ਕਿਹਾ। ਉਹਨਾਂ ਨੇ ਸੇਵਾ ਮੁਕਤ ਹੋਏ ਅਧਿਆਪਕਾਂ ਨੂੰ ਉਹਨਾਂ ਦੁਆਰਾ ਆਪਣੀ ਸੇਵਾ ਦੌਰਾਨ ਗੁਣਾਤਮਿਕ ਸਿੱਖਿਆ ਲਈ ਕੀਤੇ ਕਾਰਜਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਉਹਨਾਂ ਦਾ ਸਨਮਾਨ ਕਰਨਾ ਵਿਭਾਗ ਦਾ ਫ਼ਰਜ਼ ਹੈ। ਇਸ ਮੌਕੇ ਇੰਦਰਜੀਤ ਸਿੰਘ ਡਾਇਰੈਕਟਰ ਐੱਸ.ਸੀ.ਈ.ਆਰ.ਟੀ ਨੇ ਵੀ ਸੇਵਾ ਮੁਕਤ ਹੋਏ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ|

ਸੇਵਾ ਮੁਕਤ ਹੋਏ ਮੈਡਮ ਕਮਲੇਸ਼ ਰਾਣੀ ਲੈਕਚਰਾਰ ਅਰਥ-ਸ਼ਾਸਤਰ ਨੇ ਸਿੱਖਿਆ ਵਿਭਾਗ  ਦੁਆਰਾ ਸੇਵਾ ਮੁਕਤ ਅਧਿਆਪਕਾਂ ਨੂੰ ਸਨਮਾਨਿਤ ਕਰਨ ਦੇ ਵਿਸ਼ੇਸ਼ ਉੱਦਮ ਦੀ ਸਰਾਹਨਾ ਕੀਤੀ ਅਤੇ ਸਮੂਹ ਸੇਵਾ-ਮੁਕਤ ਸਕੂਲ ਮੁਖੀਆਂ ਨੇ ਭਵਿੱਖ ਵਿੱਚ ਵੀ ਆਪਣੀ ਕਰਮ-ਭੂਮੀ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿਣ ਦਾ ਅਹਿਦ ਲਿਆ।

ਇਸ ਮੌਕੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਡਾਇਰੈਕਟਰ ਟ੍ਰੇਨਿੰਗਾਂ, ਸੰਜੀਵ ਭੂਸ਼ਣ , ਸੁਰੇਖਾ ਠਾਕੁਰ ,ਅੰਮ੍ਰਿਤਜੀਤ ਸਿੰਘ ਅਤੇ ਸੇਵਾ ਮੁਕਤ ਹੋਣ ਵਾਲੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੇ ਰਿਸ਼ਤੇਦਾਰ ਵੀ ਮੌਜੂਦ ਸਨ।

Read more