ਬਾਦਲਾਂ ਤੇ ਢੀਂਡਸਾ ਪਰਿਵਾਰ ਦੀ ‘ਯਾਰੀ’ ਟੁੱਟੀ; ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ ਅਕਾਲੀ ਦਲ ‘ਚੋਂ ਬਰਖਾਸਤ

ਚੰਡੀਗੜ੍ਹ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਉਤੇ ਸਵਾਲ ਉਠਾ ਕੇ ਪਾਰਟੀ ਦੇ ਬਾਗੀਆਂ ਨਾਲ ਮਿਲ ਕੇ ਵੱਖਰਾ ਧੜਾ ਬਣਾਉਣ ਵਾਲੇ ਰਾਜ ਸਭਾ ਮੈਂਬਰ ਸੁਖੇਦਵ ਸਿੰਘ ਢੀਂਡਸਾ ਅਤੇ ਉਨ੍ਹਾਂ ਦੇ ਵਿਧਾਇਕ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਪਾਰਟੀ ਲੀਡਰਸ਼ਿਪ ਨੇ ਇਹ ਵੱਡਾ ਫੈਸਲਾ ਕੋਰ ਕਮੇਟੀ ਦੀ ਇੱਕ ਅਹਿਮ ਮੀਟਿੰਗ ਦੌਰਾਨ ਲਿਆ। ਦੋਵੇਂ ਪਿਉ-ਪੁੱਤਰ  ਖਿਲਾਫ਼ ਕਾਰਵਾਈ ਕਰਨ ਦਾ ਮਤਾ  ਬੀਤੇ ਕਲ੍ਹ ਹੀ ਸੰਗਰੂਰ ਵਿਖੇ ਹੋਈ ਵਿਸ਼ਾਲ ਰੈਲੀ ਦੌਰਾਨ ਪਾਸ ਕੀਤਾ ਗਿਆ ਸੀ ਜਿਸ ਉਤੇ ਇੱਕ ਦਿਨ ਬਾਅਦ ਹੀ ਅੱਜ ਕੋਰ ਕਮੇਟੀ ਨੇ ਮੋਹਰ ਲਗਾਉਂਦਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਢੀਂਡਸਾ ਪਿਉ ਪੁੱਤ ਖਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ 15 ਦਿਨਾਂ ਦਾ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਫੈਸਲਾ ਪਿਛਲੀ ਕੋਰ ਕਮੇਟੀ ਮੀਟਿੰਗ ਵਿਚ ਕੀਤਾ ਗਿਆ ਸੀ ਪ੍ਰੰਤੂ ਬਿਨ੍ਹਾਂ ਨੋਟਿਸ ਭੇਜੇ ਹੀ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ। ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਢੀਂਡਸਾ ਪਿਉ ਪੁੱਤਰ ਖਿਲਾਫ਼ ਪਾਰਟੀ ਦੀ ਸੰਗਰੂਰ ਵਿਖੇ ਹੋਈ ਵਿਸ਼ਾਲ ਰੈਲੀ ਵਿਚ ਵਰਕਰਾਂ ਨੇ ਮਤਾ ਪਾਸ ਕਰਕੇ ਕਾਰਵਾਈ ਕਰਨ ਦੀ ਮੰਗ ਉਠਾਈ ਸੀ। ਜਿਸ ਉਤੇ ਅੱਜ ਪਾਰਟੀ ਦੀ ਕੋਰ ਕਮੇਟੀ ਨੇ ਮੋਹਰ ਲਗਾਉਂਦਿਆਂ ਕਾਰਵਾਈ ਕੀਤੀ ਹੈ। 

ਅੱਜ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ ਹੋਈ ਜਿਸ ‘ਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਚੀਮਾ ਨੇ  ਕਿਹਾ ਕਿ ਕੋਰ ਕਮੇਟੀ  ਬੈਠਕ ‘ਚ ਕਈ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਐਸਜੀਪੀਸੀ ਨੂੰ ਤੋੜਨਾ ਚਾਹੁੰਦੀ ਹੈ। ਉਨ੍ਹਾਂ ਦਾ ਮਕਸਦ ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੂਬਾ ਸਰਕਾਰ ਨੇ ਐਫੀਡੈਵਿਟ ਲਿਖ ਹਰਿਆਣਾ ਦੀ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਇਸ ਦੀ ਸਾਜ਼ਿਸ਼ ਪਹਿਲਾਂ ਵੀ ਕਰ ਚੁੱਕੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਦੀ ਮੌਤ ‘ਤੇ ਵੀ ਟਿੱਪਣੀ ਕੀਤੀ। ਇਸ ‘ਚ ਮੰਤਰੀ ਗੁਰਪ੍ਰੀਤ ਕਾਂਗੜਾ ਤੇ ਸੀਐਮ ਦੇ ਸਲਾਹਕਾਰ ਕੁਸ਼ਲਦੀਪ ਢਿੱਲੋਂ ਦਾ ਨਾਂ ਲਿਆ ਜਿਸ ‘ਤੇ ਚੀਮਾ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ। ਇਸ ਲਈ ਉਨ੍ਹਾਂ ਕਿਹਾ ਕਿ ਉਹ ਰਾਜਪਾਲ ਨੂੰ ਮਿਲ ਇੱਕ ਮੰਗ ਪੱਤਰ ਵੀ ਸੌਂਪਣਗੇ।

ਅਕਾਲੀ ਦਲ ਪੰਜਾਬ ਸਰਕਾਰ ਖਿਲਾਫ ਰੋਸ ਰੈਲੀਆਂ ਕਰ ਰਿਹਾ ਹੈ ਜਿਸ ‘ਚ 25 ਨੂੰ ਫ਼ਿਰੋਜ਼ਪੁਰ, 11 ਫਰਵਰੀ ਨੂੰ ਅੰਮ੍ਰਿਤਸਰ ਤੇ 9 ਮਾਰਚ ਨੂੰ ਹੋਲਾ ਮੱਹਲਾ ਮੌਕੇ ਰੈਲੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਪਰਮਿੰਦਰ ਤੇ ਸੁਖਦੇਵ ਢੀਂਡਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਹੀ ਪਾਰਟੀ ‘ਚ ਸਾਫ਼ ਹੋ ਗਿਆ ਹੈ ਕਿ ਹੁਣ ਉਹ ਪਾਰਟੀ ਦਾ ਹਿੱਸਾ ਨਹੀਂ ਹਨ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ ‘ਤੇ ਸਿੱਧਾ ਹੱਲਾ ਬੋਲਦਿਆਂ ਪੱਕੀ ਲਕੀਰ ਖਿੱਚ ਦਿੱਤੀ ਹੈ। ਹੁਣ ਮਾਲਵੇ ਵਿੱਚ ਬਾਦਲ ਪਰਿਵਾਰ ਤੇ ਢੀਂਡਸਾ ਪਰਿਵਾਰ ਦੀ ਸਿੱਧੀ ਜੰਗ ਸ਼ੁਰੂ ਹੋ ਗਈ ਹੈ। ਇੱਥੇ ਇਹ ਦੱਸਣਯੋਗ ਹੈ  ਕਿ ਅਕਾਲੀ ਦਲ ਨੇ  ਬੀਤੇ ਦਿਨੀਂ  ਢੀਂਡਸਾ ਦੇ ਗੜ੍ਹ ਸੰਗਰੂਰ ਵਿੱਚ ਕਾਂਗਰਸ ਖ਼ਿਲਾਫ਼ ਹੱਲਾ ਬੋਲ ਰੈਲੀ ਕੀਤੀ ਪਰ ਨਿਸ਼ਾਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਜਾਏ ਢੀਂਡਸਾ ਪਰਿਵਾਰ ‘ਤੇ ਹੀ ਲਾਏ। ਰੈਲੀ ਵਿੱਚ ਲੰਮੇ ਸਮੇਂ ਮਗਰੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ। ਉਹ ਵੀ ਢੀਂਡਸਾ ਪਰਿਵਾਰ ‘ਤੇ ਖੂਬ ਵਰ੍ਹੇ। ਉਂਝ ਉਨ੍ਹਾਂ ਦੀ ਸੁਰ ਸੁਖਬੀਰ ਬਾਦਲ ਜਿੰਨੀ ਤਿੱਖੀ ਨਹੀਂ ਸੀ। ਵੱਡੇ ਬਾਦਲ ਅੱਧੇ ਘੰਟੇ ਦੇ ਭਾਸ਼ਨ ਦੌਰਾਨ ਸਿਰਫ਼ ਪੰਜ ਮਿੰਟ ਹੀ ਢੀਂਡਸਾ ਖ਼ਿਲਾਫ਼ ਬੋਲੇ ਜਦਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ 26 ਮਿੰਟ ਦੇ ਭਾਸ਼ਣ ਦੌਰਾਨ ਕਰੀਬ 20 ਮਿੰਟ ਸੁਖਦੇਵ ਸਿੰਘ ਢੀਂਡਸਾ ‘ਤੇ ਹੀ ਸ਼ਬਦੀ ਹੱਲਾ ਬੋਲਿਆ।

ਸੁਖਬੀਰ ਬਾਦਲ ਨੇ ਢੀਂਡਸਾ ਨੂੰ ‘ਗੱਦਾਰ’ ਤੇ ‘ਤਾਨਾਸ਼ਾਹ’ ਕਰਾਰ ਦਿੱਤਾ। ਉਨ੍ਹਾਂ ਨੇ ਐਤਵਾਰ ਦੇ ਇਕੱਠ ਨੂੰ ਢੀਂਡਸਾ ਪਰਿਵਾਰ ਦਾ ‘ਭੋਗ ਤੇ ਅੰਤਿਮ ਅਰਦਾਸ’ ਕਰਾਰ ਦਿੱਤਾ ਸੀ। ਰੈਲੀ ਦੌਰਾਨ ਸਿਰਫ਼ ਪ੍ਰਕਾਸ਼ ਸਿੰਘ ਬਾਦਲ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੀ ਤਕਰੀਰ ਹੀ ਜ਼ਿਆਦਾਤਰ ਕਾਂਗਰਸ ਸਰਕਾਰ ਖ਼ਿਲਾਫ਼ ਸੀ ਜਦਕਿ ਬਾਕੀ ਸਾਰੇ ਬੁਲਾਰਿਆਂ ਨੇ ਸੁਖਦੇਵ ਤੇ ਪਰਮਿੰਦਰ ਢੀਂਡਸਾ ਨੂੰ ਹੀ ਘੇਰਿਆ।

ਸੁਖਬੀਰ ਬਾਦਲ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਉਨ੍ਹਾਂ ਨੂੰ ਤਾਨਾਸ਼ਾਹ ਦੱਸਦੇ ਹਨ ਜਦਕਿ ਖ਼ੁਦ ਉਨ੍ਹਾਂ ਆਪਣੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਰਜ਼ੀ ਅਨੁਸਾਰ ਫ਼ੈਸਲਾ ਨਹੀਂ ਲੈਣ ਦਿੱਤਾ। ਪਰਮਿੰਦਰ ‘ਤੇ ਦਬਾਅ ਪਾਇਆ ਕਿ ਜੇਕਰ ਉਹ ਪਿਤਾ ਨਾਲ ਨਾ ਚੱਲਿਆ ਤਾਂ ਉਸ ਨੂੰ ਬੇਦਖ਼ਲ ਕਰ ਦਿੱਤਾ ਜਾਵੇਗਾ। ਬਾਦਲ ਨੇ ਕਿਹਾ ਕਿ ਪਾਰਟੀ ਲਈ ਕੁਰਬਾਨੀ ਢੀਂਡਸਾ ਨੇ ਨਹੀਂ ਸਗੋਂ ਪਾਰਟੀ ਨੇ ਢੀਂਡਸਾ ਲਈ ਵੱਡੀ ਕੁਰਬਾਨੀ ਦਿੱਤੀ ਹੈ। ਪਿਛਲੇ 30 ਸਾਲਾਂ ‘ਚ ਚੋਣਾਂ ਹਾਰਨ ਦੇ ਬਾਵਜੂਦ ਰਾਜ ਸਭਾ ਮੈਂਬਰ ਤੇ ਹੋਰ ਅਹੁਦੇ ਦੇ ਕੇ ਉਨ੍ਹਾਂ ਨੂੰ ਨਿਵਾਜਿਆ ਗਿਆ।

Read more