ਧਰਮਸੋਤ ਵੱਲੋਂ ਸੂਬੇ ਦੀਆਂ ਸੜਕਾਂ ਕਿਨਾਰੇ ਖੜੇ ਸੁੱਕੇ ਰੁੱਖਾਂ ਨੂੰ ਕੱਟਣ ਦੀ ਹਦਾਇਤ

ਚੰਡੀਗੜ, 6 ਮਾਰਚ: ਪੰਜਾਬ ਭਰ ’ਚ ਸੜਕਾਂ ਕਿਨਾਰੇ ਖੜੇ ਸੁੱਕੇ ਰੁੱਖਾਂ ਨੂੰ ਕੱਟਣ ਸਬੰਧੀ ਛੇਤੀ ਹੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਰੁੱਖ ਡਿੱਗਣ ਨਾਲ ਹੋਣ ਵਾਲੇ ਸੰਭਾਵੀ ਹਾਦਸਿਆਂ ਤੋਂ ਬਚਾਇਆ ਜਾ ਸਕੇ ਅਤੇ ਲੱਕੜ ਨੂੰ ਮਾਰਕੀਟ ਕੀਮਤ ’ਤੇ ਵੇਚ ਕੇ ਸਰਕਾਰੀ ਖ਼ਜਾਨੇ ਨੂੰ ਲਾਭ ਪਹੁੰਚਾਇਆ ਜਾ ਸਕੇ।

ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਮਗਰੋਂ ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬੇ ਭਰ ’ਚ ਜੰਗਲਾਤ ਦੀ ਜ਼ਮੀਨ ਤੋਂ ਵੱਡੀ ਪੱਧਰ ’ਤੇ ਨਾਜਾਇਜ਼ ਕਬਜ਼ੇ ਛੁਡਾਏ ਜਾ ਚੁੱਕੇ ਹਨ। ਉਨਾਂ ਕਿਹਾ ਜੋ ਜ਼ਮੀਨ ਜਾਂ ਖੇਤਰ ਅਜੇ ਵੀ ਨਾਜਾਇਜ ਕਬਜ਼ੇ ਹੇਠ ਹਨ, ਨੂੰ ਮੁਕਤ ਕਰਵਾਉਣ ਲਈ ਕਾਰਵਾਈ ਤੇਜ ਕੀਤੀ ਜਾਵੇ।

ਸ. ਧਰਮਸੋਤ ਨੇ ਕਿਹਾ ਕਿ ਅਧਿਕਾਰੀਆਂ ਨੂੰ ਜੰਗਲਾਤ ਦੀ ਲੱਕੜ ਦੀਆਂ ਵੱਖ-ਵੱਖ ਕੰਮਾਂ ਲਈ ਵਰਤੀਆਂ ਜਾਣ ਵਾਲੀਆਂ ਪਿਥਾਂ, ਸਕੂਲਾਂ ’ਚ ਬੱਚਿਆ ਦੇ ਬੈਠਣ ਲਈ ਬੈਂਚ ਆਦਿ ਬਣਵਾਉਣ ਦੇ ਆਡਰ ਲੈਣ ਲਈ ਸਬੰਧੀ ਵਿਚਾਰ ਕਰਨ ਲਈ ਕਿਹਾ।

ਸ. ਧਰਮਸੋਤ ਨੇ ਅਧਿਕਾਰੀਆਂ ਨੂੰ ਰਾਜਸਥਾਨ ਸਰਕਾਰ ਦੀ ਤਰਜ਼ ’ਤੇ ਆਨਲਾਈਨ ਮੋਨੀਟਰਿੰਗ ਸਿਸਟਮ ਅਪਣਾਉਣ ਦੀ ਦਿਸ਼ਾ ’ਚ ਕਦਮ ਚੁੱਕਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਇਸ ਆਧੁਨਿਕ ਪ੍ਰਣਾਲੀ ਨੂੰ ਅਪਣਾਉਣਾ ਸਮੇਂ ਦੀ ਜ਼ਰੂਰਤ ਹੈ। ਉਨਾਂ ਕਿਹਾ ਜੰਗਲਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਾਉਣ, ਜੰਗਲੀ ਰੁੱਖਾਂ ਦੀ ਕਟਾਈ ਅਤੇ ਜੰਗਲੀ ਜਾਨਵਰਾਂ ਦੇ ਸ਼ਿਕਾਰ ਆਦਿ ਗ਼ੈਰ ਕਾਨੂੰਨੀ ਗਤੀਵਿਧੀਆਂ ਇਸ ਪ੍ਰਣਾਲੀ ਨਾਲ ਰੋਕੀਆਂ ਜਾ ਸਕਦੀਆਂ ਹਨ।

ਸ. ਧਰਮਸੋਤ ਨੇ ਅੱਗੇ ਦੱਸਿਆ ਕਿ ਵਿਭਿੰਨ ਸਕੀਮਾਂ ਤਹਿਤ ਸੂਬੇ ’ਚ ਲਾਏ ਜਾਣ ਵਾਲੇ ਬੂਟਿਆਂ ਨੂੰ ਲਗਾਉਣ ਦੇ ਨਾਲ-ਨਾਲ ਉਨਾਂ ਦੀ ਸੰਭਾਲ ਯਕੀਨੀ ਬਣਾਉਣ ਲਈ ਵੀ ਕਿਹਾ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਦਾ ਉਦੇਸ਼ ਪ੍ਰਾਪਤ ਕਰਨ ਵੱਲ ਵਧਿਆ ਜਾ ਸਕੇ। ਉਨਾਂ ਬੂਟਿਆਂ ਨੂੰ ਬਚਾਉਣ ਲਈ ਸੀਮਿੰਟ ਦੇ ਟਰੀ ਗਾਰਡਾਂ ਸਬੰਧੀ ਤਜਵੀਜ਼ ਬਣਾਉਣ ਲਈ ਵੀ ਕਿਹਾ।

ਇਸ ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਜੰਗਲਾਤ ਸ੍ਰੀਮਤੀ ਰਵਨੀਤ ਕੌਰ, ਪ੍ਰਮੁੱਖ ਮੁੱਖ ਵਣਪਾਲ ਸ੍ਰੀ ਜਤਿੰਦਰ ਸ਼ਰਮਾ, ਪ੍ਰਮੁੱਖ ਮੁੱਖ ਵਣਪਾਲ ਜੰਗਲੀ ਜੀਵ ਸੁਰੱਖਿਆ ਸ੍ਰੀ ਕੁਲਦੀਪ ਕੁਮਾਰ ਅਤੇ ਪੰਜਾਬ ਰਾਜ ਵਣ ਨਿਗਮ ਦੇ ਐਮ.ਡੀ. ਸ੍ਰੀ ਹਰਿੰਦਰ ਸਿੰਘ ਗਰੇਵਾਲ ਹਾਜ਼ਰ ਸਨ।

Read more