ਡਿਪਟੀ ਕਮਿਸ਼ਨਰ ਵੱਲੋਂ ਸੈਂਪਲਿੰਗ ਲਈ ਅੱਗੇ ਆਉਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਵਾਲੀਆ ਪੰਚਾਇਤਾਂ ਅਤੇ ਸਮੂਹ ਜੱਥੇਬੰਦੀਆਂ ਦਾ ਧੰਨਵਾਦ
*ਅਗਾਮੀ ਝੋਨੇ ਦੀ ਕਟਾਈ ਦੌਰਾਨ ਪਰਾਲੀ ਨੂੰ ਅੱਗ ਨਾ ਲਗਾਉਣ ਕਿਸਾਨ-ਡਿਪਟੀ ਕਮਿਸ਼ਨਰ
*ਡੀ.ਸੀ. ਨੇ ਫੇਸਬੁੱਕ ਲਾਈਵ ਦੌਰਾਨ ਲੋਕਾਂ ਦੇ ਸਵਾਲਾਂ ਦੇ ਦਿੱਤੇ ਜਵਾਬ
ਸੰਗਰੂਰ, 10 ਸਤੰਬਰ:
ਜ਼ਿਲੇ ਅੰਦਰ ਕੋਰੋਨਾਵਾਇਰਸ ਦੇ ਖਾਤਮੇ ਲਈ ਵੱਖ-ਵੱਖ ਪਿੰਡਾਂ ਦੀ ਪੰਚਾਇਤਾਂ ਅਤੇ ਹੋਰਨਾਂ ਜੱਥੇਬੰਦੀਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਨੂੰ ਕੋਵਿਡ-19 ਦੀ ਸੈਂਪਿਗ ’ਚ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਆਪਣੇ ਹਫ਼ਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਮਿਸ਼ਨ ਫਤਿਹ ਮੁਹਿੰਮ ’ਚ ਵੱਧ ਤੋਂ ਵੱਧ ਸੈਂਪਿਗ ਕਰਵਾਉਣ ਲਈ ਖੁਦ ਅੱਗੇ ਆਉਣ ਅਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਵਾਲੀਆ ਪੰਚਾਇਤਾਂ ਅਤੇ ਸਮੂਹ ਜੱਥੇਬੰਦੀਆਂ ਦਾ ਧੰਨਵਾਦ ਕਰਦਿਆਂ ਦਿੱਤੀ।
ਸ੍ਰੀ ਰਾਮਵੀਰ ਨੇ ਕਿਹਾ ਕਿ ਕੋਵਿਡ ਪਾਜ਼ਟਿਵ ਮਰੀਜ਼ ਨੂੰ ਆਪਣੇ ਸੰਪਰਕ ’ਚ ਆਏ ਲੋਕਾਂ ਬਾਰੇ ਸਿਹਤ ਵਿਭਾਗ ਨਾਲ ਤੁਰੰਤ ਜਾਣਾਕਰੀ ਸਾਂਝੀ ਕਰਨੀ ਚਾਹੀਦੀ ਹੈ, ਤਾਂ ਜੋ ਸਮੇਂ ਨਾਲ ਸਬੰਧਤ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਜਾ ਸਕਣ। ਉਨਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਹਰਾਉਣ ਦਾ ਸਭ ਤੋਂ ਸੁਖਾਲਾ ਤਰੀਕਾ ਸੈਂਪਿਗ ਹੀ ਹੈ, ਜਿਸਦੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਹਰੇਕ ਵਿਅਕਤੀ ਤੱਕ ਪੁਹੰਚ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜ਼ਿਲੇ ’ਚ ਕੋਵਿਡ ਪਾਜ਼ਟਿਵ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ ਜੋ ਜ਼ਿਲਾ ਵਾਸੀਆ ਲਈ ਖੁਸ਼ੀ ਦੀ ਖਬਰ ਵੀ ਹੈ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲਾ ਸੰਗਰੂਰ ਅੰਦਰ ਬੀਤੇ ਦਿਨ ਤੱਕ 53 ਹਜ਼ਾਰ 364 ਨਮੂਨੇ ਲੈ ਕੇ ਜਾਂਚ ਲਈ ਭੇਜੇ, ਜਿਸਦੇ ਵਿੱਚੋਂ 49008 ਨਮੂਨੇ ਨੈਗਟਿਵ ਅਤੇ 2515 ਕੇਸ ਪਾਜ਼ਟਿਵ ਪਾਏ ਗਏ ਹਨ। ਉਨਾਂ ਦੱਸਿਆ ਕਿ 960 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ ਅਤੇ 2102 ਮਰੀਜ਼ਾਂ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਨਾਂ ਦੱਸਿਆ ਕਿ ਰੋਜ਼ਾਨਾ 1200 ਦੇ ਕਰੀਬ ਨਮੂਨੇ ਜ਼ਿਲਾ ਪੱਧਰ ਤੇ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ, ਤਾਂ ਜੋ ਕੋਰੋਨਾ ਚੇਨ ਨੂੰ ਤੋੜਿਆ ਜਾ ਸਕੇ ਅਤੇ ਇਸਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ। ਉਨਾਂ ਫੇਸਬੁੱਕ ਲਾਈਵ ਦੌਰਾਨ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।
ਉਨਾਂ ਦੱਸਿਆ ਕਿ ਕੋਵਿਡ ਦੀ ਸਮੱਸਿਆ ਦਾ ਸਭ ਤੋਂ ਜ਼ਿਆਦਾ ਫੇਫੜਿਆਂ ਦੇ ਮਾੜਾ ਪ੍ਰਭਾਵ ਪੈਂਦਾ ਹੈ। ਉਨਾਂ ਅਗਾਮੀ ਝੋਨੇ ਕਟਾਈ ਨੂੰ ਲੈ ਕੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਤਾਂ ਜੋ ਕੋਵਿਡ ਪਾਜ਼ਟਿਵ ਮਰੀਜ਼ਾਂ ਦੀ ਮੁਸ਼ਕਿਲਾਂ ’ਚ ਹੋਰ ਵਾਧਾ ਨਾ ਹੋਵੇ। ਉਨਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਤੇ ਮਾੜਾ ਪ੍ਰਭਾਵ ਪੈਂਦਾ ਹੈ, ਉਥੇ ਆਵਾਜਾਈ ’ਚ ਵੀ ਵਿਘਨ ਪੈਣ ਅਤੇ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ।