ਡਿਪਟੀ ਕਮਿਸ਼ਨਰ ਵੱਲੋਂ ਮਾਲ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ
ਅਧਿਕਾਰੀਆਂ ਨੂੰ ਬਕਾਇਆ ਕੇਸਾਂ ਦੇ ਨਿਪਟਾਰੇ ਲਈ ਦਿੱਤੇ ਆਦੇਸ਼
ਫ਼ਰੀਦਕੋਟ, 30 ਦਸੰਬਰ
ਮਾਲ ਵਿਭਾਗ ਦੇ ਕੰਮ ਦੀ ਸਮੀਖਿਆ ਅਤੇ ਲੋੋਕਾਂ ਨੂੰ ਵਿਭਾਗ ਦੀਆਂ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਸ੍ਰੀ ਵਿਮਲ ਕੁਮਾਰ ਸੇਤੀਆ ਨੇ ਦੀ ਪ੍ਰਧਾਨਗੀ ਹੇਠ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਹੋੋਈ। ਮੀਟਿੰਗ ’ਚ ਵਧੀਕ ਡਿਪਟੀ ਕਮਿਸ਼ਨਰ (ਜ) ਸ. ਗੁਰਜੀਤ ਸਿੰਘ,ਐਸ.ਡੀ.ਐਮ ਜੈਤੋ ਡਾ. ਮਨਦੀਪ ਕੌਰ, ਐਸ.ਡੀ.ਐਮ ਫ਼ਰੀਦਕੋਟ ਮੈਡਮ ਪੂਨਮ ਸਿੰਘ,ਐਸ.ਡੀ.ਐਮ. ਕੋੋਟਕਪੂਰਾ ਸ੍ਰੀ ਅਮਰਿੰਦਰ ਸਿੰਘ ਟਿਵਾਣਾ ਅਤੇ ਤਹਿਸੀਲਦਾਰ ਸ੍ਰੀ ਪਰਮਜੀਤ ਸਿੰਘ ਬਰਾੜ ਵੀ ਹਾਜ਼ਰ ਸਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਿਸੇ ਵੀ ਤਰਾਂ ਦੇ ਕੰਮ ਲਈ ਪਰੇਸ਼ਾਨੀ ਪੇਸ਼ ਨਹੀਂ ਆਉਣੀ ਚਾਹੀਦੀ। ਉਹਨਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਬਕਾਇਆ ਪਏ ਅਦਾਲਤੀ ਕੇਸਾਂ ਦੀ ਪੈਰਵਾਈ ਕਰਕੇ ਜਲਦ ਨਿਪਟਾਰਾ ਕੀਤਾ ਜਾਵੇ। ਉਨਾਂ ਕੋਰੋਨਾ ਮਹਾਂਮਾਰੀ ਦੌਰਾਨ ਹੋਏ ਖ਼ਰਚ ਹੋਏ ਫੰਡਾਂ ਦੇ ਵਰਤੋਂ ਸਰਟੀਫਿਕੇਟ ਜਲਦ ਤੋਂ ਜਲਦ ਜਮਾਂ ਕਰਵਾਉਣ ਲਈ ਵੀ ਕਿਹਾ।
ਡਿਪਟੀ ਕਮਿਸ਼ਨਰ ਸਮੂਹ ਅਧਿਕਾਰੀਆਂ ਨੂੰ ਇਹ ਆਦੇਸ਼ ਵੀ ਦਿੱਤੇ ਕਿ ਜ਼ਿਲੇ ਵਿਚ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਵਾਉਣ ਦੇ ਠੋਸ ਉਪਰਾਲੇ ਕੀਤੇ ਜਾਣ। ਇਸ ਮੌਕੇ ਉਨਾਂ ਤਕਸੀਮ ਦੇ ਅਦਾਲਤੀ ਕੇਸਾਂ, ਜ਼ਮੀਨ ਦੇ ਖਾਨਗੀ ਤਕਸੀਮ ਦੇ ਕੇਸਾਂ, ਝਗੜੇ ਤੋਂ ਰਹਿਤ ਅਤੇ ਝਗੜੇ ਵਾਲੇ ਇੰਤਕਾਲਾਂ, ਜਮਾਂਬੰਦੀ ਅਤੇ ਵਸੀਕਾ ਦੇ ਨਿਪਟਾਰੇ ਸਬੰਧੀ ਅਫ਼ਸਰ ਵਾਰ ਜਾਣਕਾਰੀ ਲਈ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸੇ ਤਰਾਂ ਉਨਾਂ ਤਹਿਸੀਲ ਵਾਰ ਵਸੂਲੀ ਦੇ ਕੰਮਾਂ ਦਾ ਜਾਇਜ਼ਾ ਵੀ ਲਿਆ। ਉਹਨਾਂ ਕਿਹਾ ਕਿ ਸਮੂਹ ਅਧਿਕਾਰੀ ਮਿੱਥੇ ਗਏ ਟੀਚੇ ਅਨੁਸਾਰ ਕੇਸਾਂ ਦਾ ਨਿਪਟਾਰਾ ਕਰਨਾ ਯਕੀਨੀ ਬਣਾਉਣ।ਮੀਟਿੰਗ ਵਿੱਚ ਨਾਇਬ ਤਹਿਸੀਲਦਾਰ ਸ੍ਰੀ ਅਨਿਲ ਕੁਮਾਰ ਤੇ ਹੋੋਰ ਹਾਜ਼ਰ ਸਨ।