ਡਿਪਟੀ ਕਮਿਸ਼ਨਰ ਨੇ ਸੜਕ ਸੁਰੱਖਿਆ ਮਹੀਨਾ ਦੇ ਮੰਤਵ ਤਹਿਤ ਕੱਢੇ ਗਏ ਪੈਦਲ ਮਾਰਚ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਵੱਖ-ਵੱਖ ਸ਼ਖਸੀਅਤਾਂ ਵੱਲੋਂ ਸੜਕ `ਤੇ ਚੱਲਦੇ ਸਮੇਂ ਨਿਯਮਾਂ ਦੀ ਪਾਲਣਾ ਕਰਨ ਬਾਰੇ ਕੀਤੇ ਗਏ ਵਿਚਾਰ ਪੇਸ਼
ਫਾਜ਼ਿਲਕਾ, 24 ਜਨਵਰੀ
17 ਫਰਵਰੀ 2021 ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਮਹੀਨਾ ਦੇ ਮੰਤਵ ਤਹਿਤ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਹਿੱਤ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਅਧਿਕਾਰੀਆਂ, ਸਕੂਲੀ ਵਿਦਿਆਰਥੀਆਂ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਪੈਦਲ ਮਾਰਚ ਕੱਢਿਆ ਗਿਆ। ਇਸ ਪੈਦਲ ਮਾਰਚ ਨੂੰ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਪੈਦਲ ਮਾਰਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸ਼ੁਰੂ ਹੋ ਕੇ ਸੰਜੀਵ ਸਿਨੇਮਾ ਚੌਂਕ ਤੋਂ ਹੁੰਦਾ ਹੋਇਆ ਸ਼ਾਸਤਰੀ ਚੌਂਕ, ਪ੍ਰਤਾਗ ਬਾਗ ਵਿਖੇ ਜਾ ਕੇ ਸਮਾਪਤ ਹੋਇਆ।ਮਾਰਚ ਨੂੰ ਰਵਾਨਾ ਕਰਨ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਨਾਲ ਲੋਕਾ ਅੰਦਰ ਸੜਕ ਸੁਰੱਖਿਆਂ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਭਾਵਨਾ ਪੈਦਾ ਕਰਨਾ ਹੈ।
ਇਸ ਉਪਰੰਤ ਪ੍ਰਤਾਪ ਬਾਗ ਵਿਖੇ ਸੰਬੋਧਨ ਕਰਦਿਆਂ ਐਸ.ਡੀ.ਐਮ. ਸ੍ਰੀ ਕੇਸ਼ਵ ਗੋਇਲ ਨੇ ਕਿਹਾ ਕਿ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨਾ ਸਾਡਾ ਮੁੱਢਲਾ ਫਰਜ ਬਣਦਾ ਹੈ। ਉਨ੍ਹਾਂ ਕਿਹਾ ਕਿ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਆਪਣੀਆ ਕੀਮਤੀ ਜਾਨਾਂ ਨੂੰ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੜਕ `ਤੇ ਚਲਦੇ ਸਮੇਂ ਹਮੇਸ਼ਾ ਵਹੀਕਲ ਦੀ ਗਤੀ ਹੋਲੀ ਰੱਖੀ ਜਾਵੇ ਤਾਂ ਜੋ ਘਟਨਾ ਦਾ ਸ਼ਿਕਾਰ ਹੋਣ ਤੋਂ ਬਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਸਾਵਧਾਨੀਆਂ ਵਿਚ ਹੀ ਬਚਾਅ ਹੈ। ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਰਘਟਨਾ ਦਾ ਸ਼ਿਕਾਰ ਹੋਣ `ਤੇ ਜਾਨ ਗਵਾਉਣ ਵਾਲੇ ਇਕਲੇ ਵਿਅਕਤੀ ਦਾ ਨੁਕਸਾਨ ਨਹੀਂ ਹੁੰਦਾ ਬਲਕਿ ਪੂਰੇ ਪਰਿਵਾਰ ਨੂੰ ਇਸ ਦਾ ਘਾਟਾ ਝੱਲਣਾ ਪੈਂਦਾ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਕੰਵਰਜੀਤ ਸਿੰਘ ਨੇ ਸੈਮੀਨਾਰ ਦੌਰਾਨ ਕਿਹਾ ਕਿ ਬੱਚੇ ਆਪਣੇ ਮਾਪਿਆਂ ਤੇ ਲੋਕਾਂ ਤੱਕ ਕਿਸੇ ਵੀ ਗੱਲ ਨੂੰ ਪਹੰੁਚਾਉਣ ਦਾ ਬਹੁਤ ਹੀ ਢੁੱਕਵਾਂ ਮਾਧਿਆਮ ਹਨ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਦੇ ਅੰਦਰ ਸ਼ੁਰੂਆਤੀ ਦੌਰ `ਤੇ ਹੀ ਗੱਲ ਬੈਠ ਜਾਵੇ ਕਿ ਸੜਕ `ਤੇ ਚਲਦੇ ਸਮੇਂ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਾਂਗੇ ਤੇ ਹੋਰਨਾਂ ਨੂੰ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਆਪਣੇ ਮਾਪਿਆਂ ਨੂੰ ਸਮਝਾਇਆ ਜਾਵੇ ਕਿ ਬਾਹਰ ਜਾਣ ਸਮੇਂ ਹੈਲਮੈਟ, ਸੀਟ ਬੈਲਟ ਜ਼ਰੂਰ ਲਗਾਈ ਜਾਵੇ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਆਪਣੇ ਬੱਚਿਆਂ ਦੀ ਉਮਰ 18 ਸਾਲ ਪੂਰੀ ਹੋਣ ਮਗਰੋਂ ਹੀ ਵਹੀਕਲ ਚਲਾਉਣ ਲਈ ਦਿੱਤਾ ਜਾਵੇ।
ਇਸ ਮੌਕੇ ਟਰੈਫਿਕ ਇੰਚਾਰਜ ਸ. ਜੰਗੀਰ ਸਿੰਘ ਨੇ ਕਿਹਾ ਕਿ ਦੁਰਘਟਨਾਵਾਂ ਹੋਣ ਤੋਂ ਰੋਕਣ ਲਈ ਸੜਕ `ਤੇ ਚਲਦੇ ਸਮੇਂ ਟਰੈਫਿਕ ਚਿੰਨਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਟਰੈਫਿਕ ਚਿੰਨਾਂ ਦੀ ਪਾਲਣਾ ਕਰਕੇ ਜਿਥੇ ਘਟਨਾ ਹੋਣ ਤੋਂ ਬਚਿਆ ਜਾ ਸਕਦਾ ਹੈ, ਉਥੇ ਹੀ ਸਹੀ ਮੰਜ਼ਲ `ਤੇ ਸਮੇਂ ਸਿਰ ਪਹੁੰਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਹੀਕਲ ਚਲਾਉਣ ਸਮੇਂ ਹੈਲਮੇਟ ਦੀ ਵਰਤੋਂ ਲਾਜਮੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਸੜਕ ਸੁਰੱਖਿਆ ਨਿਯਮਾਂ ਨੂੰ ਦਰਸ਼ਾਉਂਦੀ ਕਵਿਤਾ ਵੀ ਸੁਣਾਈ।
ਇਸ ਦੌਰਾਨ ਆਰ.ਟੀ.ਏ. ਵਿਭਾਗ ਤੋਂ ਸ. ਜਸਵਿੰਦਰ ਸਿੰਘ ਚਾਵਲਾ ਨੇ ਨਿਯਮਾਂ ਦਾ ਪਾਲਣ ਨਾ ਕਰਨ ਸਬੰਧੀ ਲਗਾਏ ਜਾਂਦੇ ਵੱਖ-ਵੱਖ ਜੁਰਮਾਨਿਆਂ ਬਾਰੇ ਸੰਖੇਪ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜੁਰਮਾਨੇ ਕੋਈ ਪੈਸੇ ਇਕੱਠੇ ਕਰਨ ਲਈ ਨਹੀਂ ਲਗਾਏ ਜਾਂਦੇ ਬਲਕਿ ਲੋਕਾਂ ਦੇ ਹਿਤ ਲਈ ਲਗਾਏ ਜਾਂਦੇ ਹਨ ਤਾਂ ਜੋ ਜੁਰਮਾਨਿਆਂ ਦੇ ਡਰ ਨਾਲ ਲੋਕ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰ ਸਕਣ।
ਇਸ ਮੌਕੇ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸ਼ੈਲੰਦਰ ਸਿੰਘ ਅਤੇ ਸ੍ਰੀ ਗੁਰਸ਼ਿੰਦਰਪਾਲ ਸਿੰਘ ਵੱਲੋਂ ਵੀ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਵੱਢਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸਿਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ ਵੱਲੋਂ ਨਿਭਾਈ ਗਈ।ਇਸ ਦੌਰਾਨ ਲੋਕ ਭਲਾਈ ਵਿਚ ਵਧੀਆ ਕਾਰਗੁਜ਼ਾਰੀ ਦੇਣ ਵਾਲੇ ਰਮਨਦੀਪ ਸਿੰਘ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਵਿਜੈ ਬਹਿਲ, ਡੀ.ਐਸ.ਪੀ. ਸ. ਗੁਰਮੀਤ ਸਿੰਘ, ਜ਼ਿਲ੍ਹਾ ਭਲਾਈ ਅਫਸਰ ਸ. ਬਰਿੰਦਰ ਸਿੰਘ, ਸਮਾਜ ਸੇਵੀ ਸ੍ਰੀ ਸੰਜੀਵ ਮਾਰਸ਼ਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਅਤੇ ਵਿਦਿਆਰਥੀ ਮੌਜੂਦ ਸਨ।