21 Apr 2021

ਨੌਦੀਪ ਕੌਰ ਦਾ ਕੇਸ ਦਿੱਲੀ ਗੁਰਦੁਆਰਾ ਕਮੇਟੀ ਲੜੇਗੀ : ਸਿਰਸਾ

ਨਵੀਂ ਦਿੱਲੀ, 10 ਫਰਵਰੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ ਪੁਲਿਸ ਵੱਲੋਂ ਗ੍ਰਿਫਤਾਰ ਕੀਤੀ ਗਈ ਸਮਾਜਿਕ ਕਾਰਕੁੰਨ ਨੌਦੀਪ ਕੌਰ ਦਾ ਕੇਸ ਹੁਣ ਦਿੱਲੀ ਗੁਰਦੁਆਰਾ ਕਮੇਟੀ ਲੜੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ  ਦੱਸਿਆ ਕਿ ਨੌਦੀਪ ਇਸ ਵੇਲੇ ਕਰਨਾਲ ਜੇਲ ਵਿਚ ਬੰਦ ਹੈ ਤੇ ਉਸਨੂੰ ਸੋਨੀਪਤ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਹਨਾ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਨੌਦੀਪ ਕੌਰ ਦਾ ਕੇਸ ਲੜਨ ਦਾ ਫੈਸਲਾ ਕੀਤਾ ਹੈ। ਉਹਨਾਂ ਦੱਸਿਆ ਕਿ ਕਮੇਟੀ ਦੇ ਵਕੀਲ ਹਰਿੰਦਰ ਬੈਂਸ ਨੇ ਜੇਲ ਵਿਚ ਜਾ ਕੇ ਨੌਦੀਪ ਕੌਰ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਤੋਂ ਵਕਾਲਤਨਾਮਾ ‘ਤੇ ਹਸਤਾਖ਼ਤਰ ਕਰਵਾਏ  ਹਨ। ਉਹਨਾਂ ਦੱਸਿਆ ਕਿ ਉਹਨਾਂ ਦੇ ਪਰਿਵਾਰ ਨਾਲ ਵੀ ਸਾਡੀ ਗੱਲ ਹੋਈ ਹੈ।

ਉਹਨਾਂ ਦੱਸਿਆ ਕਿ ਸੀਨੀਅਰ ਐਡਵੋਕੇਟ ਆਰ ਐਸ ਚੀਮਾ ਨੇ ਭਰੋਸਾ ਦੁਆਇਆ ਹੈ ਕਿ ਉਹ ਆਪ ਵੀ ਅਦਾਲਤ ਵਿਚ ਪੇਸ਼ ਹੋਣਗੇ ਤੇ ਨੌਦੀਪ ਦੀ ਜਲਦੀ ਤੋਂ ਜਲਦੀ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤੇ ਉਹਨਾਂ ਦੇ ਨਾਲ ਐਡਵੋਕੇਟ ਹਰਿੰਦਰ ਬੈਂਸ, ਐਡਵੋਕੇਟ ਜਤਿੰਦਰ ਕੁਮਾਰ, ਐਡਵੋਕੇਟ ਮਨਵਿੰਦਰ ਸਿੰਘ ਬਿਸ਼ਨੋਈ ਤੇ ਐਡਵੋਕੇਟ ਪਵਨਦੀਪ ਸਿੰਘ ਵੀ ਟੀਮ ਵਿਚ ਸ਼ਾਮਲ ਹਨ।

ਉਹਨਾਂ ਦੱਸਿਆ ਿਕ ਉਸ ‘ਤੇ ਤਿੰਨ ਕੇਸ ਦਰਜ ਹਨ ਜਿਹਨਾਂ ਵਿਚੋਂ ਦੋ ਨਵੇਂ ਕੇਸ ਹਨ ਤੇ ਇਕ  ਪੁਰਾਣਾ ਕੇਸ ਹੈ ਜਿਸ ਵਿਚੋਂ ਇਕ ਕੇਸ ਵਿਚ ਉਸਦੀ ਜ਼ਮਾਨਤ ਸੋਨੀਪਤ ਦੀ ਅਦਾਲਤ ਨੇ ਰੱਦ ਕਰ ਦਿੱਤੀ ਪਰ ਹੁਣ ਇਸਦੀ ਸੁਣਵਾਈ 11 ਤਾਰੀਕ ਨੂੰ ਤੇ ਉਮੀਦ ਹੈ ਕਿ ਇਸ ਕੇਸ ਵਿਚ ਜ਼ਮਾਨਤ ਮਿਲ ਜਾਵੇਗੀ ਤੇ ਇਸ ਮਾਮਲੇ ਵਿਚ ਐਡਵੋਕੇਟ ਜਤਿੰਦਰ ਕੁਮਾਰ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਹਨ।  ਉਹਨਾਂ ਦੱਸਿਆ ਕਿ ਤਿੰਨਾਂ ਕੇਸਾਂ ਦੀ ਹਾਈ ਕੋਰਟ ਤੋਂ ਜਾਂਚ ਕਰਵਾਉਣੀ ਪਵੇਗੀ।

ਸ੍ਰੀ ਸਿਰਸਾ ਨੇ ਕਿਹਾ ਕਿ ਕਮੇਟੀ ਨਾ ਸਿਰਫ ਇਸਦੀ ਜ਼ਮਾਨਤ ਕਰਵਾਏਗੀ ਬਲਕਿ ਇਹ ਯਤਨ ਕਰੇਗੀ ਕਿ ਇਹਨਾਂ ਸਾਰੇ ਕੇਸਾਂ ਦੀ ਸੁਣਵਾਈ ਜਲਦ ਸਮਾਪਤ ਹੋਵੇ ਤੇ ਇਹਨਾਂ ਵਿਚੋਂ ਨੌਦੀਪ ਦੀ ਰਿਹਾਈ ਕਰਵਾਈ ਜਾਵੇ।

Read more