x ਨਸ਼ਿਆਂ ਨਾਲ ਓਵਰਡੋਜ਼ ਮੌਤਾਂ ਦੇ ਮੁੱਦੇ 'ਤੇ 'ਆਪ' ਨੇ ਵਿਧਾਨ ਸਭਾ ਅੱਗੇ ਕੀਤਾ ਪ੍ਰਦਰਸ਼ਨ - Punjab Update | Punjab Update

ਨਸ਼ਿਆਂ ਨਾਲ ਓਵਰਡੋਜ਼ ਮੌਤਾਂ ਦੇ ਮੁੱਦੇ ‘ਤੇ ‘ਆਪ’ ਨੇ ਵਿਧਾਨ ਸਭਾ ਅੱਗੇ ਕੀਤਾ ਪ੍ਰਦਰਸ਼ਨ

ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦਾ ਪੁਤਲਾ ਰੱਖ ਕੇ ਲਗਾਇਆ ਰੋਸ ਧਰਨਾ

ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਨੇ ਕੈਪਟਨ ਦੇ ਨਾਲ-ਨਾਲ ਬਾਦਲਾਂ ਨੂੰ ਲਗਾਏ ਰਗੜੇ

ਚੰਡੀਗੜ੍ਹ, 6 ਅਗਸਤ 2019

ਪੰਜਾਬ ਵਿਧਾਨ ਸਭਾ ‘ਚ ਜਾਰੀ ਮਾਨਸੂਨ ਇਜਲਾਸ ਦੇ ਆਖ਼ਰੀ ਦਿਨ ਮੰਗਲਵਾਰ ਨੂੰ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਭਵਨ ਦੇ ਬਾਹਰ ਨਸ਼ਿਆਂ ਦੇ ਮੁੱਦੇ ‘ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।

ਸਵੇਰੇ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ‘ਆਪ’ ਵਿਧਾਇਕ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ‘ਆਪ’ ਵਿਧਾਇਕ ਪ੍ਰਵੇਸ਼ ਦੁਆਰ ਸਾਹਮਣੇ ਇੱਕ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦਾ ਪੁਤਲਾ ਲੈ ਕੇ ਰੋਸ ਧਰਨੇ ‘ਤੇ ਬੈਠੇ ਅਤੇ ਕੈਪਟਨ ਸਰਕਾਰ ਸਮੇਤ ਪਿਛਲੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਤਲੇ ਰਾਹੀਂ ਦਿਖਾਏ ਮ੍ਰਿਤਕ ਨੌਜਵਾਨ ਦੀ ਬਾਂਹ ‘ਚ ਨਸ਼ੇ ਦਾ ਟੀਕਾ (ਸਰਿੰਜ) ਲੱਗਿਆ ਹੋਇਆ ਸੀ।

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲ ਸਰਕਾਰ ਦੇ 10 ਸਾਲਾ ਮਾਫ਼ੀਆ ਰਾਜ ਦੌਰਾਨ ਯੋਜਨਾਬੱਧ ਤਰੀਕੇ ਨਾਲ ਫੈਲਾਈ ਗਈ ਨਸ਼ਿਆਂ ਦੀ ਬਿਮਾਰੀ ਨੇ ਅੱਜ ਹਰ ਗਲੀ-ਮੁਹੱਲੇ ਨੂੰ ਚਪੇਟ ‘ਚ ਲੈ ਲਿਆ ਹੈ। 4 ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਲਈ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਢਾਈ ਸਾਲਾਂ ‘ਚ ਕੁੱਝ ਨਹੀਂ ਕੀਤਾ। ਨਸ਼ਾ ਤਸਕਰਾਂ ਸਿਆਸਤਦਾਨਾਂ ਅਤੇ ਪੁਲਸ ਪ੍ਰਸ਼ਾਸਨ ਦੀ ਸਰਪ੍ਰਸਤੀ ਨਸ਼ਿਆਂ ਦਾ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ। ਹੋਮ ਡਿਲਿਵਰੀ ਨਾਲ ਵੰਡੇ ਜਾ ਰਹੇ ਨਸ਼ਿਆਂ ਦੀ ਤ੍ਰਾਸਦੀ ਨੇ ਹੁਣ ਵੱਡੇ ਪੱਧਰ ‘ਤੇ ਏਡਜ਼/ਐਚਆਈਵੀ ਵਰਗੀ ਜਾਨਲੇਵਾ ਬਿਮਾਰੀ ਵੀ ਵੰਡਣੀ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ ਹੁੰਦੀਆਂ ਮੌਤਾਂ ਹੁਣ ਸਿਰਫ਼ ਨੌਜਵਾਨ ਲੜਕਿਆਂ ਤੱਕ ਹੀ ਸੀਮਤ ਨਹੀਂ ਰਹੀ, ਪਿਛਲੇ 2 ਦਿਨਾਂ ‘ਚ ਬਠਿੰਡਾ ਅਤੇ ਆਲਮਗੀਰ (ਲੁਧਿਆਣਾ) ‘ਚ ਚਿੱਟੇ ਦੀਆਂ ਆਦੀ 2 ਲੜਕੀਆਂ ਦੀ ਓਵਰਡੋਜ਼ ਨਸ਼ੇ ਦੀ ਤੋੜ ਨਾਲ ਹੋਈਆਂ ਮੌਤਾਂ ਨੇ ਬੇਕਾਬੂ ਹਾਲਤਾਂ ਦਾ ਸ਼ੀਸ਼ਾ ਦਿਖਾਇਆ ਹੈ, ਪਰੰਤੂ ਅਕਾਲੀ-ਭਾਜਪਾ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਸੁੱਤੀ ਪਈ ਹੈ।

Read more