ਭਾਰਤੀ ਸੰਵਿਧਾਨ ਪਵਿੱਤਰ, ਦੇਸ਼ ਨੇ ਮੋਦੀ ਦੇ ਸੀ.ਏ.ਏ.ਨੂੰ ਮੁੱਢੋਂ ਰੱਦ ਕੀਤਾ: ਅਕਸ਼ੈ ਸ਼ਰਮਾ

 

ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਤੋਂ ਸੈਕਟਰ 17 ਤੱਕ ਵਿਸ਼ਾਲ ‘ਸੰਵਿਧਾਨ ਬਚਾਓ ਮਾਰਚ’ ਕੱਢਿਆ

ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਉਤੇ ਅੱਤਿਆਚਾਰ ਕਰਕੇ ਭਾਜਪਾ ਸਰਕਾਰ ਨੇ ਆਪਣੇ ਕਫਨ ਵਿੱਚ ਆਖਰੀ ਕਿੱਲ ਗੱਡਿਆ, ਮੋਦੀ ਤੇ ਸ਼ਾਹ ਨੂੰ ਵੱਡੀ ਕੀਮਤ ਤਾਰਨੀ ਪਵੇਗੀ

ਸੀ.ਏ.ਏ., ਐਨ.ਆਰ.ਸੀ., ਐਨ.ਪੀ.ਆਰ. ਖ਼ਿਲਾਫ਼ ਹੋ ਰਿਹਾ ਇਹ ਪ੍ਰਦਰਸ਼ਨ ਦੇਸ਼ ਨੂੰ ਵੰਡਣ ਵਾਲੇ ਭਾਜਪਾ ਦੇ ਘਟੀਆ ਮਨਸੂਬਿਆਂ ਖ਼ਿਲਾਫ਼ ਲੋਕਾਂ ਦੇ ਗੁੱਸੇ ਦਾ ਪ੍ਰਗਟਾਅ ਸਾਬਤ ਹੋਇਆ: ਕੌਮੀ ਪ੍ਰਧਾਨ ਐਨ.ਐਸ.ਯੂ.ਆਈ. ਨੀਰਜ ਕੁੰਦਨ

ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਇਸ ਨੂੰ ਸਾਰੇ ਫਰੰਟਾਂ ਉਤੇ ਫੇਲ ਦੱਸਿਆ, ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵੱਡੇ ਵਾਧੇ ਨਾਲ ਲੋਕਾਂ ਦਾ ਜੀਣਾ ਹੋਇਆ ਦੁੱਭਰ

ਚੰਡੀਗੜ, 29 ਜਨਵਰੀ: 

‘ਕਾਂਗਰਸ ਲਿਆਓ, ਸੰਵਿਧਾਨ ਬਚਾਓ’ ਦੇ ਆਕਾਸ਼ ਗੁੰਜਾੳੂ ਨਾਅਰਿਆਂ ਵਿਚਕਾਰ ‘ਪੰਜਾਬ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ’ (ਐਨ.ਐਸ.ਯੂ.ਆਈ.) ਪ੍ਰਧਾਨ ਅਕਸ਼ੈ ਸ਼ਰਮਾ ਨੇ ਫਿਰਕੂ ਤੌਰ ’ਤੇ ਪੱਖਪਾਤੀ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਨੂੰ ਜਬਰੀ ਲਾਗੂ ਕਰ ਕੇ ਭਾਰਤ ਦੇ ਧਾਰਮਿਕ ਨਿਰਪੱਖ ਤਾਣੇ-ਬਾਣੇ ਨੂੰ ਖੇਰੂੰ-ਖੇਰੰੂ ਕਰਨ ਦੀ ਕੋਸ਼ਿਸ਼ ਕਰ ਰਹੇ ਮੋਦੀ ਉਤੇ ਨਿਸ਼ਾਨਾ ਸਾਧਿਆ।

ਅਕਸ਼ੈ ਨੇ ਕਿਹਾ ਕਿ ਸੰਵਿਧਾਨ ਪਵਿੱਤਰ ਹੈ ਅਤੇ ਭਾਰਤ ਦੇ ਲੋਕਾਂ ਨੇ ਧਾਰਮਿਕ ਲੀਹਾਂ ਉਤੇ ਭਾਈਚਾਰਿਆਂ ਦਾ ਧਰੁਵੀਕਰਨ ਕਰਨ ਦੇ ਮੋਦੀ ਦੇ ਘਟੀਆ ਮਨਸੂਬਿਆਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨਾਂ ਕਿਹਾ ਕਿ ਸੰਵਿਧਾਨ ਦੀ ਪ੍ਰਸਤਾਵਨਾ ਦੀ ਭਾਵਨਾ ਨਾਲ ਛੇੜਛਾੜ ਦੀਆਂ ਕੋਸ਼ਿਸ਼ਾਂ ਦਾ ਦੇਸ਼ ਭਰ ਵਿੱਚ ਫੈਲੇ ਪ੍ਰਦਰਸ਼ਨਾਂ ਵਿੱਚ ਸਖ਼ਤਾਈ ਨਾਲ ਵਿਰੋਧ ਕੀਤਾ ਜਾਵੇਗਾ।

ਪੰਜਾਬ ਯੂਨੀਵਰਸਿਟੀ ਦੇ ਗਾਂਧੀ ਭਵਨ ਤੋਂ ਐਨ.ਐਸ.ਯੂ.ਆਈ. ਦੇ ਕੌਮੀ ਪ੍ਰਧਾਨ ਨੀਰਜ ਕੁੰਦਨ ਦੀ ਹਾਜ਼ਰੀ ਵਿੱਚ ਕੀਤੇ ਵਿਸ਼ਾਲ ‘ਸੰਵਿਧਾਨ ਬਚਾਓ ਮਾਰਚ’ ਦੀ ਅਗਵਾਈ ਕਰਦਿਆਂ ਅਕਸ਼ੈ ਸ਼ਰਮਾ ਨੇ ਕਿਹਾ ਕਿ ਯੂਨੀਵਰਸਿਟੀਆਂ ਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਉਤੇ ਹੋਈ ਹਿੰਸਾ ਮੋਦੀ-ਸ਼ਾਹ ਸ਼ਾਸਨ ਦੇ ਕਫ਼ਨ ਵਿੱਚ ਆਖ਼ਰੀ ਕਿੱਲ ਸਾਬਤ ਹੋਵੇਗੀ। 

ਲੋਕ ਮੋਦੀ ਦੀਆਂ ਵੰਡ ਪਾੳੂ ਨੀਤੀਆਂ ਨੂੰ ਚੰਗੀ ਤਰਾਂ ਸਮਝਣ ਲੱਗੇ ਹਨ ਅਤੇ ਉਹ ਭਾਜਪਾ ਨੂੰ ਸੱਤਾ ਤੋਂ ਬਾਹਰ ਸੁੱਟ ਦੇਣਗੇ। ਸੈਕਟਰ 17 ਵਿੱਚ ਸਮਾਪਤ ਹੋਏ ਇਸ ਮਾਰਚ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ, ਜੋ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਜ਼ੋਰ ਸ਼ੋਰ ਨਾਲ ਨਾਅਰੇ ਲਾ ਰਹੇ ਸਨ।

ਐਨ.ਐਸ.ਯੂ.ਆਈ. ਪ੍ਰਧਾਨ ਨੀਰਜ ਕੁੰਦਨ ਨੇ ਮੋਦੀ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਲਾਜ਼ਮੀ ਵਸਤਾਂ ਦੀਆਂ ਕੀਮਤਾਂ ਕਾਬੂ ਵਿੱਚ ਨਾ ਰਹਿਣ ਨੇ ਕਰੋੜਾਂ ਲੋਕਾਂ ਲਈ ਦੁਸ਼ਵਾਰੀਆਂ ਖੜੀਆਂ ਕੀਤੀਆਂ ਹਨ। ਮੋਦੀ ਦੀਆਂ ਬੇਵਕੂਫ਼ੀ ਭਰੀਆਂ ਆਰਥਿਕ ਨੀਤੀਆਂ ਨੇ ਲੋਕਾਂ ਨੂੰ ਮੁੜ ਗਰੀਬੀ ਦੀ ਦਲਦਲ ਦੇ ਕੰਢੇ ਪਹੁੰਚਾ ਦਿੱਤਾ ਹੈ। ਉਨਾਂ ਕਿਹਾ ਕਿ ਮੌਜੂਦਾ ਆਰਥਿਕ ਘੜਮੱਸ ਦਾ ਭਾਜਪਾ ਕੋਲ ਕੋਈ ਹੱਲ ਨਹੀਂ ਹੈ।

ਐਨ.ਐਸ.ਯੂ.ਆਈ. ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਕਿਹਾ ਕਿ ਪ੍ਰਚੂਨ ਮਹਿੰਗਾਈ ਦਰ ਪੰਜ ਸਾਲ ਦੇ ਸਿਖਰਲੇ ਪੱਧਰ ਉਤੇ ਹੈ ਅਤੇ ਦੇਸ਼ ਭਰ ਦੇ ਲੋਕ ਇਸ ਸਰਕਾਰ ਦੀ ਨਾਸਮਝੀ ਵਾਲੀ ਪਹੁੰਚ ਦੀ ਮਾਰ ਝੱਲ ਰਹੇ ਹਨ। ਉਨਾਂ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਿਆ ਕਿ ‘‘ਇਸ ਮੁਸ਼ਕਲ ਵਿੱਚੋਂ ਨਿਕਲਣ ਦਾ ਹੱਲ ਕੀ ਹੈ?’’ 

ਨੀਰਜ ਨੇ ਕਿਹਾ ਕਿ ਸੀ.ਏ.ਏ. ਖ਼ਿਲਾਫ਼ ਗੁੱਸਾ ਸਪੱਸ਼ਟ ਹੈ ਅਤੇ ਇਹ ਗੁੱਸਾ ਦੇਸ਼ ਭਰ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨਾਂ ਵਿੱਚ ਝਲਕ ਰਿਹਾ ਹੈ। ਦੋਵਾਂ ਨੌਜਵਾਨ ਆਗੂਆਂ ਨੇ ਕਿਹਾ ਕਿ ਸਿਰਫ਼ ‘ਜੁਮਲੇ’ ਰੋਜ਼ਗਾਰ ਮੁਹੱਈਆ ਨਹੀਂ ਕਰ ਸਕਦੇ ਅਤੇ ਨੌਜਵਾਨ ਵੋਟਰ ਆਗਾਮੀ ਚੋਣਾਂ ਵਿੱਚ ਭਾਜਪਾ ਨੂੰ ਢੁਕਵਾਂ ਜਵਾਬ ਦੇਣਗੇ।

ਉਨਾਂ ਕਿਹਾ ਕਿ ਲੋਕ ਇਸ ਕੁਸ਼ਾਸਨ ਦੀਆਂ ਮਾੜੀਆਂ ਨੀਤੀਆਂ ਦਾ ਜਵਾਬ ਦੇਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਸਮਾਜ ਦੇ ਹੋਰ ਵਰਗਾਂ ਸਣੇ ਨੌਜਵਾਨ ਵੱਡੀ ਗਿਣਤੀ ਵਿੱਚ ਮੋਦੀ ਸਰਕਾਰ ਵਿਰੁੱਧ ਵੋਟ ਪਾ ਕੇ ਇਸ ਤਾਨਾਸ਼ਾਹ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਗੇ।

Read more