“ਤੂੰ ਤਾਂ ਐਵੇਂ ਹੀ ਸੋਚ ਦੇ ਘੋੜੇ ਭਜਾਈ ਜਾ ਰਿਹਾ ਹੈ ਕਿਤੇ ਰੁਕ ਕੇ ਤਾਂ ਦੇਖ ਕਾਇਨਾਤ ਨੂੰ”

ਕਰੋਨਾਵਾਇਰਸ- ਹੁਣ ਸਮਝ ਆ ਰਹੀ ਹੈ ਭੱਜ ਦੌੜ ਵਿੱਚ ਠਹਿਰਾਓ ਦੀ ਅਹਿਮੀਅਤ

ਕਰੀਬ ਦੋ ਸਾਲ ਪਹਿਲਾ ਮੇਰੇ ਵੱਲੋ ਇਹ ਸਤਰਾਂ ਲਿਖੀਆਂ ਗਈਆਂ ਸਨ ਅਤੇ ਅੱਜ ਇਹਨਾਂ ਦੀ ਅਹਿਮੀਅਤ ਵੀ ਸਮਝ ਆ ਰਹੀ ਹੈ l ਕਰੋਨਾਵਾਇਰਸ ਜਾਂ ਕੋਵਿਡ-19 ਜਿਹੀ ਖ਼ਤਰਨਾਕ ਮਹਾਂਮਾਰੀ ਨੇ ਦੇਸ਼ ਪਰ ਦੇਸ਼ ਸਾਰੀ ਦੁਨੀਆ ਵਿੱਚ ਜਿਵੇ ਪੈਰ ਪਸਾਰੇ ਨੇ ਤਾਂ ਅਜਿਹਾ ਜਾਪਦਾ ਹੈ ਕਿ ਵਕਤ ਰੁਕ ਜਿਹਾ ਗਿਆ ਹੈ l ਦੁਨੀਆ ਦੇ ਲੱਗਭੱਗ ਹਰ ਦੇਸ਼ ਵਿੱਚ ਇਸ ਸਮੇ ਬੰਦ ਜਿਹੇ ਹਾਲਾਤ ਨੇ ਅਤੇ ਇਸ ਬਿਮਾਰੀ ਨੇ ਸਾਰੀ ਦੁਨੀਆ ਨੂੰ ਇੱਕਜੁਟ ਕਰ ਦਿੱਤਾ ਹੈ l ਸਾਡੀ ਰੋਜਾਨਾ ਜਿੰਦਗੀ ਦੇ ਵਿੱਚ ਜੋ ਚੀਜਾਂ ਨੂੰ ਅਸੀਂ ਸਭ ਤੋਂ ਵੱਧ ਅਹਿਮੀਅਤ ਦੇ ਰਹੇ ਸੀ ਅਤੇ ਜਿੰਨ੍ਹਾਂ ਚੀਜਾਂ ਨੂੰ ਅਸੀਂ ਜਰੂਰੀ ਸਮਝ ਰਹੇ ਸੀ ਉਨ੍ਹਾਂ ਸਭ ਚੀਜਾਂ ਤੋਂ ਬਿਨ੍ਹਾਂ ਵੀ ਜਿੰਦਗੀ ਗੁਜਰ ਰਹੀ ਹੈ l ਬੰਦ ਦੇ ਨਾਲ ਜਿਆਦਾਤਰ ਲੋਕ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਗੁਜਾਰ ਰਹੇ ਹਨ ਜਿਸਤੋ ਸਿੱਧ ਹੁੰਦਾ ਹੈ ਕਿ ਆਖਿਰ ਦੇ ਵਿੱਚ ਘਰ ਅਤੇ ਪਰਿਵਾਰ ਹੀ ਕੰਮ ਆਉਂਦੇ ਹਨ l

ਇਸ ਲੇਖ ਨੂੰ ਲਿਖਣ ਸਮੇਂ ਮੈਂ ਸੂਬਾ ਸਿਹਤ ਏਜੰਸੀ ਪੰਜਾਬ ਦੇ ਦਫਤਰ ਵਿੱਚ ਬੈਠਾ ਹੋਇਆ ਇਹਨਾਂ ਮਾਮਲਿਆਂ ਦੇ ਬਾਰੇ ਹੀ ਦੇਖ ਰਿਹਾ ਹਾਂ l ਮੌਜੂਦਾ ਹਾਲਾਤ ਇਹ ਹੈ ਕਿ ਆਪਣੇ ਦੇਸ਼ ਦੇ ਜਿਆਦਾਤਰ ਲੋਕ ਇਸ ਬੰਦ ਨੂੰ ਗੰਭੀਰਤਾ ਨਹੀਂ ਨਹੀਂ ਲੈ ਰਹੇ ਅਤੇ ਕਰਫਿਊ ਦੇ ਬਾਵਜੂਦ ਵੀ ਸੜਕਾਂ ਤੇ ਨਿੱਕਲ ਰਹੇ ਹਨ l ਪੁਲਿਸ ਅਤੇ ਪ੍ਰਸਾਸ਼ਨ ਜਿੱਥੇ ਇਹਨਾਂ ਲੋਕਾਂ ਦੀ ਸੁਰੱਖਿਆ ਦੇ ਲਈ ਖੁਦ ਨੂੰ ਖਤਰੇ ਵਿੱਚ ਪਾ ਕੇ ਡਿਊਟੀ ਨਿਭਾ ਰਿਹਾ ਹੈ ਤਾਂ ਦੂਜੇ ਪਾਸੇ ਸਿਹਤ ਵਿਭਾਗ ਦੇ ਲੱਖਾਂ ਕਰਮਚਾਰੀ ਦਿਨ-ਰਾਤ ਇੱਕ ਕਰ ਖਤਰੇ ਦੇ ਵਿੱਚ ਖੜੇ ਹੋ ਕੇ ਕੰਮ ਕਰ ਰਹੇ ਹਨ l ਪਰ ਬਹੁਤੇ ਲੋਕਾਂ ਨੇ ਇਸਨੂੰ ਇੱਕ ਮਜਾਕ ਸਮਝਿਆ ਹੋਇਆ ਹੈ ਜਿਸਦੇ ਕੇ ਗੰਭੀਰ ਅਤੇ ਜਾਨਲੇਵਾ ਨਤੀਜੇ ਸਾਹਮਣੇ ਆ ਸਕਦੇ ਹਨ l

ਸਾਡੇ ਦੇਸ਼ ਵਿੱਚ ਇਸ ਬਿਮਾਰੀ ਦੇ ਆਉਣ ਦਾ ਕਾਰਨ ਬਾਹਰ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਮੰਨਿਆ ਗਿਆ ਹੈ ਅਤੇ ਦੇਖਿਆ ਜਾਵੇ ਤਾਂ ਕਈ ਪ੍ਰਵਾਸੀ ਲੋਕਾਂ ਨੇ ਆਪਣੀ ਜਿੰਮੇਵਾਰੀ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲਿਆ l ਬਹੁਤੇ ਪ੍ਰਵਾਸੀ ਅਜਿਹੇ ਹਨ ਜੋ ਕਿ ਇਸ ਬਿਮਾਰੀ ਦੇ ਸਮੇਂ ਦੇਸ਼ ਵਿੱਚ ਆਉਣ ਦੇ ਬਾਅਦ ਸਿਰਫ ਹਵਾਈ ਅੱਡੇ ਤੇ ਹੋਈ ਥਰਮਲ ਸਕਰੀਨਿੰਗ ਦੇ ਬਾਅਦ ਕਿਸੇ ਵੀ ਹਸਪਤਾਲ ਵਿੱਚ ਗਏ ਹੀ ਨਹੀਂ ਅਤੇ ਨਾ ਹੀ ਉਨ੍ਹਾਂ ਨੇ ਇਕਾਂਤਵਾਸ ਵਾਲੀ ਕਿਸੇ ਸ਼ਰਤ ਨੂੰ ਮੰਨਿਆ, ਜਿਸਦਾ ਨਤੀਜਾ ਇਹ ਹੈ ਕਿ ਦੇਸ਼ ਇਸ ਸਮੇਂ ਉਸ ਹਾਲਾਤ ਤੇ ਹੈ ਜਿੱਥੇ ਕਿ 130 ਕਰੋੜ ਤੋਂ ਵੱਧ ਦੀ ਆਬਾਦੀ ਨੂੰ ਮਜਬੂਰਨ ਘਰਾਂ ਵਿੱਚ ਬੰਦ ਕਰਨ ਜਿਹੇ ਕਰੜੇ ਫੈਸਲੇ ਸਰਕਾਰ ਨੂੰ ਲੈਣੇ ਪਏ ਹਨ l

 ਇਸ ਬਿਮਾਰੀ ਤੋਂ ਬਚਾਅ ਸਿਰਫ ਅਤੇ ਸਿਰਫ ਸਾਵਧਾਨੀ ਵਰਤਣਾ ਅਤੇ ਭੀੜਭਾੜ ਤੋਂ ਦੂਰੀ ਬਣਾ ਕਿ ਰੱਖਣਾ ਹੈ l ਇਸ ਸਮੇਂ ਜਿੰਦਗੀ ਦੇ ਵਿੱਚ ਠਹਿਰਾਅ ਦੀ ਕਿੰਨੀ ਜਰੂਰਤ ਹੈ ਉਸਦਾ ਚਾਨਣ ਸ਼ਾਇਦ ਸਭ ਨੂੰ ਹੋ ਚੁੱਕਿਆ ਹੈ l ਰੋਜਾਨਾ ਦੀ ਭੱਜ ਦੌੜ ਵਾਲੀ ਜਿੰਦਗੀ ਦੇ ਵਿੱਚ ਜੋ ਚੀਜਾਂ ਕਦੇ ਰੁਤਬੇ ਅਤੇ ਅਹਿਮ ਸ਼ਾਂਤ ਕਰਨ ਲਈ ਹੁੰਦੀਆਂ ਸਨ ਹੁਣ ਉਹ ਸਭ ਚੀਜਾਂ ਜਾਨ ਬਚਾਉਣ ਦੇ ਚੱਕਰ ਵਿੱਚ ਫਿੱਕੀਆਂ ਪੈ ਗਈਆਂ ਹਨ l ਕਰੋਨਾ ਵਾਇਰਸ ਤਾਂ ਕੁਝ ਸਮੇਂ ਵਿੱਚ ਸ਼ਾਂਤ ਹੋ ਜਾਵੇਗਾ ਅਤੇ ਇਸਦਾ ਇਲਾਜ ਵੀ ਮਿਲ ਜਾਵੇਗਾ ਪਰ ਇਸਦੇ ਬਾਅਦ ਵੀ ਜੇਕਰ ਦੁਨੀਆ ਨੇ ਭੱਜ ਦੌੜ ਅਤੇ ਫੋਕੇ ਦਿਖਾਵੇ ਵਾਲੀ ਜਿੰਦਗੀ ਦਾ ਖਹਿੜਾ ਨਾ ਛੱਡਿਆ ਤਾਂ ਸ਼ਾਇਦ ਇਸ ਸਬਕ ਨੂੰ ਸਮਝਣ ਲਈ ਕੁਦਰਤ ਦੁਬਾਰਾ ਕੋਈ ਹੋਰ ਨਵਾਂ ਸਬਕ ਨਾ ਖੋਲ ਲਏ l ਇਸ ਲਈ ਜਰੂਰੀ ਹੈ ਕਿ ਕੁਝ ਸਮੇਂ ਵਿੱਚ ਜਦੋਂ ਹਾਲਾਤ ਆਮ ਵਰਗੇ ਹੋ ਜਾਣ ਤਾਂ ਆਪਣੀ ਜਿੰਦਗੀ ਦੇ ਵਿੱਚ ਕੁਦਰਤ ਦੇ ਨਾਲ ਖਿਲਵਾੜ ਕਰਨੇ ਛੱਡ ਕੇ ਇਸਨੂੰ ਕੁਦਰਤ ਦੇ ਨਿਯਮਾਂ ਨਾਲ ਜਿਉਣਾ ਸ਼ੁਰੂ ਕਰਿਆ ਜਾਵੇ ਤਾਂ ਕਿ ਭਵਿੱਖ ਵਿੱਚ ਅਜਿਹੇ ਭਿਆਨਕ ਸਬਕ ਹੋਰ ਸਿੱਖਣ ਨੂੰ ਨਾ ਮਿਲਣ l

ਮਨਿੰਦਰ ਸਿੰਘ ਅਰੋੜਾ

ਡਿਪਟੀ ਮੈਨੇਜਰ ਆਈ.ਈ.ਸੀ.

ਰਾਜ ਸਿਹਤ ਏਜੰਸੀ, ਪੰਜਾਬ

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ    

+91-94641-09631

Read more