ਸੁਬਰਾਮਨੀਅਮ ਨੇ ਦਿੱਤਾ ਵਿਵਾਦਗ੍ਰਸਤ ਬਿਆਨ : ‘ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਫਿਲਹਾਲ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ :ਡਾ. ਸੁਬਰਾਮਨੀਅਮ ਸਵਾਮੀ ‘

ਪਰਮਿੰਦਰ ਢੀਂਡਸਾ ਨੇ ਕੀਤੀ ਮੰਗ, ਸਵਾਮੀ ਤੁਰੰਤ ਮੁਆਫੀ ਮੰਗੇ

ਚੰਡੀਗੜ੍ਹ, 24 ਅਗਸਤ 
ਭਾਜਪਾ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਡਾ. ਸੁਬਰਾਮਨੀਅਮ ਸਵਾਮੀ ਨੇ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਕੰਮ ਤੁਰੰਤ ਰੋਕ  ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਪਾਕਿਸਤਾਨ ਨਾਲ ਭਾਰਤ ਦੇ ਸਬੰਧ ਫਿਲਹਾਲ ਠੀਕ ਨਹੀਂ ਚੱਲ ਰਹੇ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਗੱਲ ਸਮਝਣੀ ਚਾਹੀਦੀ ਹੈ ਕਿ ਪਾਕਿਸਤਾਨ ਉਨ੍ਹਾਂ ਦੇ ਲਈ ਠੀਕ ਨਹੀਂ ਹੈ। ਇਸ ਲਈ ਰਾਸ਼ਟਰ ਦੇ ਲਈ ਲਾਂਘੇ ਦੇ ਕੰਮ ਇਥੇ ਹੀ ਠੱਪ ਕਰ ਦੇਣਾ ਚਾਹੀਦਾ ਹੈ। 
ਇੱਥੋਂ ਦੇ ਡੀਏਵੀ ਕਾਲਜ ਵਿਖੇ ਕਸ਼ਮੀਰ ਦੇ ਮੁੱਦੇ ਉਤੇ ਇੱਕ ਸੈਮੀਨਾਰ ਦੌਰਾਨ ਸਵਾਮੀ ਨੇ ਕਿਹਾ ਕਿ ਫਿਲਹਾਲ ਭਾਰਤ ਨੂੰ ਕਿਸੇ ਵੀ ਤਰ੍ਹਾਂ ਦਾ ਪਾਕਿਸਤਾਨ ਨਾਲ ਰਿਸ਼ਤਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਪਾਕਿਸਤਾਨ ਅੱਤਵਾਦ ਫੈਲਾਉਂਦਾ ਹੈ। ਸਵਾਮੀ ਨੇ ਕਿਹਾ ਹੈ ਕਿ ਪਾਕਿਸਤਾਨ ਤੇ ਭਾਰਤ ਦਰਮਿਆਨ ਬਣ ਰਿਹਾ ਕਰਤਾਰਪੁਰ ਸਾਹਿਬ ਦਾ ਲਾਂਘਾ ਫਿਲਹਾਲ ਰੋਕ ਦੇਣਾ ਚਾਹੀਦਾ ਹੈ। ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਜਦੋਂ ਪਾਕਿਸਤਾਨ ਤੇ ਭਾਰਤ ਵਿਚਕਾਰ ਰਿਸ਼ਤਾ ਸੁਧਰ ਜਾਏਗਾ ਉਸ ਸਮੇਂ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾ ਸਕਦਾ ਹੈ।  
ਸੈਮੀਨਾਰ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਅਤੇ 2020 ਦਾ ਰੈਫਰੰਡਮ ਦੇਸ਼ ਨੂੰ ਤੋੜਨ ਦਾ ਕੰਮ ਕਰੇਗਾ। ਇਸ ਲਈ ਕਰਤਾਰਪੁਰ ਕੋਰੀਡੋਰ ਬਣਨਾ ਹੀ ਨਹੀਂ ਚਾਹੀਦਾ ਅਤੇ  ਕੋਰੀਡੋਰ ਰਸਤੇ ਦਾ ਕੰਮ ਰੋਕ ਦੇਣਾ ਚਾਹੀਦਾ ਹੈ। ਖਾਲਿਸਤਾਨ ਦੇ ਮੁੱਦੇ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਸਵਾਮੀ ਨੇ ਵਿਵਾਦਗ੍ਰਸਤ ਟਿੱਪਣੀ ਕਰਦਿਆਂ ਕਿਹਾ ਕਿ  ਖ਼ਾਲਿਸਤਾਨ ਦੀ ਮੰਗ ਖਾਲੀ ਦਿਮਾਗ ਵਾਲੇ ਸਿੱਖ ਕਰਦੇ ਹਨ। ਉਹ ਸਿੱਖਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲ਼ਈ ਉਹ ਹੁਣ ਕੋਈ ਦੇਸ਼ ਹਿੱਤ ਵਿਚ ਫੈਸਲੇ ਲੈਣਗੇ। ਉਨ੍ਹਾਂ ਕਿਹਾ ਕਿ ਸਿੱਖ ਰਾਸ਼ਟਰਵਾਦੀ ਹਨ ਅਤੇ ਕੋਈ ਵੀ ਪੰਜਾਬੀ ਅਤੇ ਸਿੱਖ ਖਾਲਿਸਤਾਨ ਨਹੀਂ ਚਾਹੁੰਦਾ। ਮੈਂ ਵੀ ਸਿੱਖ ਹਿਤੈਸ਼ੀ ਹਾਂ ਅਤੇ ਬਲਿਊ ਸਟਾਰ ਵੇਲੇ ਮੈਂ ਅਤੇ ਚੰਦਰਸ਼ੇਖ ਸਿੱਖਾਂ ਦੇ ਨਾਲ ਖੜ੍ਹੇ ਸੀ। ਇਸ ਦੇ ਨਾਲ ਹੀ ਸਵਾਮੀ ਨੇ ਕਿਹਾ ਕਿ ਹਿੰਦੂ-ਸਿੱਖ ਸਮਾਜ ਵਿਚ ਕਈ ਲੋਕ ਅਜਿਹੇ ਹਨ ਜਿਨ੍ਹਾਂ ਦਾ ਦਿਮਾਗ ਕੰਮ ਨਹੀਂ ਕਰਦਾ। ਸਵਾਮੀ ਨੇ ਕਿਹਾ ਕਿ ਸਿੱਖਾਂ ਨੂੰ ਸਮਝਣਾ ਚਾਹੀਦਾ ਹੈ ਕਿ ਪਾਕਿਸਤਾਨ ਇਨ੍ਹਾਂ ਦੇ ਲਈ ਖ਼ਰਾਬ ਹੈ।  ਕਸ਼ਮੀਰ ਮੁੱਦੇ ਉਤੇ ਪਾਕਿਸਤਾਨ ਵਲੋਂ ਅਪਨਾਏ ਜਾ ਰਹੇ ਖ਼ਰਾਬ ਅੜੀਅਲ ਰਵੱਈਏ ਦੇ ਚੱਲਦਿਆਂ ਪਾਕਿਸਤਾਨ ਨਾਲ ਗੱਲਬਾਤ ਕਰਨਾ ਠੀਕ ਨਹੀਂ ਹੈ ਅਤੇ ਸਾਨੂੰ ਪਾਕਿਸਤਾਨ ਨੂੰ ਕੋਈ ਵੀ ਬਹਾਨਾ ਨਹੀਂ ਦੇਣਾ ਚਾਹੀਦਾ। ਇਸ ਲਈ ਕਰਤਾਪੁਰ ਲੰਘਾ ਜਿੰਨਾ ਬਣ ਗਿਆ ਠੀਕ ਹੈ ਅਤੇ ਅਗਲਾ ਕੰਮ ਫਿਲਹਾਲ ਇੱਥੇ ਹੀ ਰੋਕ ਦੇਣਾ ਚਾਹੀਦਾ ਹੈ ਜਿੰਨਾ ਚਿਰ ਰਿਸ਼ਤੇ ਦੋਵੇਂ ਦੇਸ਼ਾਂ ਵਿਚਕਾਰ ਨਹੀਂ ਸੁਧਰਦੇ। 
ਉਧਰ ਦੂਜੇ ਪਾਸੇ ਸਵਾਮੀ ਵਲੋਂ ਦਿੱਤੇ ਵਿਵਾਦਤ ਬਿਆਨ ਦੀ ਨਿਖੇਧੀ ਕਰਦਿਆਂ ਸਾਬਕਾ ਵਿੱਤ ਮੰਤਰੀ ਅਤੇ ਵਿਧਾਨ ਸਭਾ ‘ਚ ਅਕਾਲੀ ਦਲ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਅਕਾਲੀ ਦਲ ਸੁਬਰਾਮਨੀਅਮ ਸਵਾਮੀ ਦੇ ਬਿਆਨ ਦੀ ਨਿੰਦਾ ਕਰਦਾ ਹੈ। ਢੀਂਡਸਾ ਨੇ ਕਿਹਾ ਕਿ ਇਹ ਵਿਚਾਰ ਸਵਾਮੀ ਦੇ ਨਿੱਜੀ ਹੋ ਸਕਦੇ ਹਨ ਨਾ ਕਿ ਭਾਰਤੀ ਜਨਤਾ ਪਾਰਟੀ ਦੇ।
ਢੀਂਡਸਾ ਨੇ ਕਿਹਾ ਕਿ ਸਵਾਮੀ ਨੂੰ ਅਕਸਰ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਵਿੱਚ ਰਹਿਣ ਦੀ ਆਦਤ ਹੈ। ਉਨ੍ਹਾਂ ਕਿਹਾ ਕਿ ਸਵਾਮੀ ਨੂੰ ਇਸ ਬਿਆਨ ਲਈ ਮੁਆਫ਼ੀ ਮੰਗ ਕੇ ਆਪਣਾ ਬਿਆਨ ਵਾਪਸ ਲੈਣਾ ਚਾਹੀਦਾ ਹੈ। ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕਾਂਗਰਸ ਤੇ ਬੀਜੇਪੀ ਦੋਵੇਂ ਹੀ ਪਾਰਟੀਆਂ ਕਰਤਾਰਪੁਰ ਲਾਂਘਾ ਖੋਲ੍ਹਣ ਦੇ ਹੱਕ ਵਿੱਚ ਹਨ।

Read more