06 May 2021

ਕਾਂਗਰਸ ਪਾਰਟੀ ਦੀ ਪੂਨਰਸੁਰਜੀਤੀ ਦੀ ਸ਼ੁਰੂਆਤ ਹੋਵੇਗੀ ਪੰਜਾਬ ਤੋਂ -ਸੁਨੀਲ ਜਾਖੜ

ਚੰਡੀਗੜ, 3 ਮਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ  ਸੁਨੀਲ ਜਾਖੜ ਨੇ ਕਿਹਾ ਹੈ ਕਿ ਦੇਸ਼ ਵਿਚ ਕਾਂਗਰਸ ਦੀ ਪੁਨਰਸੁਰਜੀਤੀ ਦੀ ਸ਼ੁਰੂਆਤ ਪੰਜਾਬ ਤੋਂ ਹੋਵੇਗੀ ਅਤੇ ਇਸਤੋਂ ਬਾਅਦ ਮੁੜ ਦੇਸ਼ ਭਰ ਵਿਚ ਪਾਰਟੀ ਆਪਣੀ ਪੁਰਾਣੀ ਚੜਤ ਬਹਾਲ ਕਰੇਗੀ ਕਿਉਂਕਿ ਦੇਸ਼ ਦੇ ਲੋਕ ਹੁਣ ਕਾਰਪੋਰੇਟਾਂ ਦੀ ਨੀਤੀ ਤੇ ਚੱਲ ਕੇ ਨਫਰਤ ਦੀ ਰਾਜਨੀਤੀ ਕਰਨ ਵਾਲਿਆਂ ਦਾ ਅਸਲ ਸੱਚ ਸਮਝਣ ਲੱਗੇ ਹਨ। ਉਹ ਅੱਜ ਇੱਥੇ ਪਾਰਟੀ ਵੱਲੋਂ ‘ਫਰਜ ਮਨੁੱਖਤਾ ਲਈ’ ਦੇ ਸੰਕਲਪ ਨਾਲ ਸਥਾਪਿਤ ਕੋਵਿਡ ਹੈਲਪ ਸੈਂਟਰ ਦੀ ਸ਼ੁਰੂਆਤ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਕੋਵਿਡ ਦੀ ਕੌਮਾਂਤਰੀ ਤ੍ਰਾਸਦੀ ਮੌਕੇ ਕਰੋਨਾ ਨਾਲ ਜੰਗ ਲੜ ਰਹੇ ਲੋਕਾਂ ਦੀ ਮਦਦ ਅਤੇ ਲੋਕਾਂ ਨੂੰ ਕਰੋਨਾ ਟੈਸਟ ਕਰਵਾਉਣ ਅਤੇ ਇਸਦੀ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ ਹਿੱਤ ਚੰਡੀਗੜ ਸਥਿਤ ਸੂਬਾਈ ਦਫ਼ਤਰ ਵਿਖੇ ਸਥਾਪਿਤ ਇਸ ਸੈਂਟਰ ਦੀ ਸ਼ੁਰੂਆਤ ਪਾਰਟੀ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਤੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਨਫਰਤ ਦੀ ਰਾਜਨੀਤੀ ਕਰਨ ਵਾਲਿਆਂ ਨੂੰ ਮਾਤ ਦਿੱਤੀ ਹੈ ਜੋ ਕਿ ਇਸ ਦੇਸ਼ ਲਈ ਇਕ ਚੰਗਾ ਸੰਕੇਤ ਹੈ। ਪੰਜ ਰਾਜਾਂ ਦੇ ਚੋਣ ਨਤੀਜਿਆਂ ਵਿਚ ਕਾਂਗਰਸ ਦੀ ਕਾਰਗੁਜਾਰੀ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਹਾਰ ਦਾ ਜਵਾਬ ਕੇਵਲ ਜਿੱਤ ਨਾਲ ਦਿੱਤਾ ਜਾ ਸਕਦਾ ਹੈ ਅਤੇ ਹੁਣ ਪੰਜਾਬ ਕਾਂਗਰਸ ਦੀ ਜਿੰਮੇਵਾਰੀ ਹੋਰ ਵੀ ਵੱਧ ਗਈ ਹੈ। ਉਨਾਂ ਨੇ ਕਿਹਾ ਕਿ ਪੰਜਾਬ ਇਕ ਵਾਰ ਫਿਰ ਪਾਰਟੀ ਦੇ ਉਥਾਨ ਵਿਚ ਮੋੜਾ ਪਾਵੇਗਾ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਪੰਜਾਬ ਵਿਚ ਆਪਣੇ ਕੰਮਾਂ ਸਹਾਰੇ ਜਿੱਤ ਦਰਜ ਕਰੇਗੀ। ਉਨਾਂ ਨੇ ਕਿਹਾ ਕਿ ਇਹ ਜਿੱਤ ਪਾਰਟੀ ਦੀ ਦੇਸ਼ ਵਿਚ ਮੁੜ ਚੜਦ ਦੀ ਪਹਿਲੀ ਪੌੜੀ ਬਣੇਗੀ। ਉਨਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਜਿਸ ਤਰਾਂ ਕਿਸਾਨਾਂ ਅਤੇ ਘੱਟਗਿਣਤੀਆਂ ਦੇ ਖਿਲਾਫ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਹੁਣ ਦੇਸ਼ ਦਾ ਅਵਾਮ ਇਸ ਪਾਰਟੀ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਸੈਂਟਰ 24 ਘੰਟੇ ਕੰਮ ਕਰੇਗਾ ਅਤੇ ਕੋਵਿਡ ਦਾ ਇਲਾਜ ਕਰਵਾ ਰਹੇ ਲੋਕ ਜਾਂ ਉਨਾਂ ਦੇ ਪਰਿਵਾਰਕ ਮੈਂਬਰ ਕੋਵਿਡ ਸਬੰਧੀ ਕਿਸੇ ਵੀ ਤਰਾਂ ਦੀ ਮਦਦ ਲਈ ਇੱਥੇ ਕਾਲ ਕਰ ਸਕਣਗੇ। ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਅਮਰਪ੍ਰੀਤ ਸਿੰਘ ਲਾਲੀ  ਨੂੰ ਇਸ ਸੈਂਟਰ ਦਾ  ਸਟੇਟ ਕੋਆਰਡੀਨੇਟਰ ਅਤੇ ਪੰਜਾਬ ਯੂਥ ਕਾਂਗਰਸ ਮੋਹਾਲੀ ਦੇੇ ਜ਼ਿਲਾ ਪ੍ਰਧਾਨ ਸ੍ਰੀ ਕੰਵਰਬੀਰ ਸਿੰਘ ਰੂਬੀ ਸਿੱਧੂ ਨੂੰ ਸਟੇਟ ਕੋ ਕੋਆਰਡੀਨੇਟਰ ਲਗਾਇਆ ਗਿਆ ਹੈ।
ਇਸ ਮੌਕੇ ਸ੍ਰੀ ਜਾਖੜ ਨੇ ਕਿਹਾ ਕਿ ਪਾਰਟੀ ਵੱਲੋਂ ਇਹ ਕੰਮ ਪਾਰਟੀਬਾਜੀ ਤੋਂ ਉਪਰ ਉਠ ਕੇ ਭਾਈ ਘਨਈਆ ਜੀ ਦੀ ਨਿਸ਼ਕਾਮ ਸੇਵਾ ਤੋਂ ਪ੍ਰੇਰਿਤ ਹੋ ਕੇ ਆਰੰਭਿਆ ਗਿਆ ਹੈ ਅਤੇ ਕੋਈ ਵੀ ਸਖ਼ਸ ਇੱਥੇ ਮਦਦ ਲਈ ਕਾਲ ਕਰ ਸਕਦਾ ਹੈ। ਇਸ ਲਈ ਜ਼ਿਲਾ ਪੱਧਰ ਤੇ ਵੀ ਕਮੇਟੀਆਂ ਦਾ ਗਠਨ ਕਰ ਦਿੱਤਾ ਗਿਆ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਭਾਂਵੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਦੀ ਦੇਖਰੇਖ ਵਿਚ ਕੋਵਿਡ ਰੋਕਥਾਮ ਲਈ ਬਹੁਤ ਚੰਗਾ ਕੰਮ ਕਰ ਰਹੀ ਹੈ ਪਰ ਇਸੇ ਸਮੇਂ ਸਮਾਜਿਕ ਹੱਲਾਸ਼ੇਰੀ ਅਤੇ ਸਹਿਯੋਗ ਦੀ ਵੀ ਬਹੁਤ ਜਰੂਰਤ ਹੈ।
ਇਸ ਮੌਕੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ  ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਬੇਸੱਕ ਸਰਕਾਰ ਵੱਡੇ ਯਤਨ ਕਰ ਰਹੀ ਹੈ ਪਰ ਲੋਕਭਾਗੀਦਾਰੀ ਨਾਲ ਅਸੀਂ ਇਹ ਜੰਗ ਛੇਤੀ ਜਿੱਤ ਸਕਦੇ ਹਾਂ। ਉਨਾਂ ਨੇ ਕਿਹਾ ਕਿ ਬਿਮਾਰੀ ਦਾ ਪਿੰਡਾਂ ਵਿਚ ਪਸਾਰ ਖਤਰੇ ਵਾਲੀ ਗੱਲ ਹੈ। ਇਸ ਲਈ ਪਿੰਡ ਪੱਧਰ ਤੇ ਲੋਕਾਂ ਵਿਚ ਜਾਗਰੂਕਤਾ ਲਈ ਵਿਸੇਸ਼ ਕੋਸਿਸਾਂ ਦੀ ਜਰੂਰਤ ਹੈ। ਉਨਾਂ ਨੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਕਿ ਉਹ ਮਾਮੂਲੀ ਲੱਛਣ ਵਿਖਾਈ ਦੇਣ ਜਾਂ ਕਿਸੇ ਪਾਜਿਟਿਵ ਦੇ ਸੰਪਰਕ ਵਿਚ ਆਉਣ ਤੇ ਆਪਣੇ ਟੈਸਟ ਜਰੂਰ ਕਰਵਾਉਣ ਅਤੇ 45 ਸਾਲ ਤੋਂ ਵੱਡੀ ਉਮਰ ਦੇ ਲੋਕ ਆਪਣੀ ਵੈਕਸੀਨ ਜਰੂਰ ਕਰਵਾਉਣ।
ਸ: ਅਮਰਪ੍ਰੀਤ ਸਿੰਘ ਲਾਲੀ ਨੇ ਦੱਸਿਆ ਕਿ ਇਸ ਹੈਲਪ ਸੈਂਟਰ ਦੇ ਫੋਨ ਨੰਬਰ 91151-27102, 91151-58100 ਅਤੇ 91151-59100 ਹਨ। ਇੱਥੇ ਕੋਈ ਵੀ ਪੰਜਾਬੀ ਦਿਨ ਰਾਤ ਜਦੋਂ ਮਰਜੀ ਮਦਦ ਲਈ ਕਾਲ ਕਰ ਸਕਦਾ ਹੈ। ਪਾਰਟੀ ਦੇ ਵਰਕਰਾਂ ਵੱਲੋਂ ਹਰ ਪ੍ਰਕਾਰ ਦੀ ਮਦਦ ਮੁਹਈਆ ਕਰਵਾਈ ਜਾਵੇਗੀ। ਉਨਾਂ ਨੇ ਕਿਹਾ ਕਿ ਇਸ ਤੋਂ ਬਿਨਾਂ ਪਾਰਟੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ੍ਵ ਕਰੇਗੀ।

Spread the love

Read more

© Copyright 2021, Punjabupdate.com