13 Jun 2021
Punjabi Hindi

ਦੇਸ਼ ਦੀ ਸਿਆਸਤ ਦੇ ਬਾਬਾ ਬੌਹੜ ਤੇ ‘ਕਿੰਗ ਮੇਕਰ’ ਸਨ ਕਾਮਰੇਡ ਸੁਰਜੀਤ–ਚੜ੍ਹਤ ਸੀ ”ਲੰਡਨ ਤੋੜ ਸਿੰਘ” ਦੀ, ਵਿਰੋਧੀ ਵੀ ਲੈਂਦੇ ਸਨ ਸਲਾਹ,

 


-ਸਿਆਸੀ ਸੰਕਟ ਵੇਲੇ ਕਾਂਗਰਸ, ਅਕਾਲੀ, ਬਸਪਾ ਸਮੇਤ ਸਾਰੇ ਦਲ  ਲੈਂਦੇ ਸਨ ਸਲਾਹਾਂ

-ਕਾਮਰੇਡ ਦੇ ਤੁਰ ਜਾਣ ਮਗਰੋਂ ਹਾਸ਼ੀਏ ਉਤੇ ਆਏ ਖੱਬੇਪੱਖੀ, ਗ੍ਰਾਫ ਡਿੱਗਿਆ
ਨਿਰਮਲ ਸਿੰਘ ਮਾਨਸ਼ਾਹੀਆ
ਚੰਡੀਗੜ੍ਹ, 1 ਅਗਸਤ
ਦੇਸ਼ ਦੀ ਸਿਆਸਤ ਦੇ ਬਾਬਾ ਬੌਹੜ ਅਤੇ ‘ਕਿੰਗ ਮੇਕਰ’ ਬਣੇ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਇੱਕੋ-ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਦਾ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਆਗੂ ਸਤਿਕਾਰ ਕਰਦੇ ਸਨ ਅਤੇ ਰਾਜਨੀਤਿਕ ਸੰਕਟ ਵਿਚੋਂ ਨਿਕਲਣ ਲਈ ਉਨ੍ਹਾਂ ਤੋਂ ਹੀ ਗੁਰ ਲੈਂਦੇ ਸਨ। ਆਜ਼ਾਦੀ ਤੋਂ ਪਹਿਲਾਂ 23 ਮਾਰਚ 1916 ਨੂੰ ਪਿੰਡ ਰੂਪਾਂਵਾਲੀ, ਨੇੜੇ ਫਗਵਾੜਾ ਵਿਖੇ ਜਨਮੇ ਕਾਮਰੇਡ ਸੁਰਜੀਤ ਇੱਕ ਸਧਾਰਨ ਕਿਸਾਨ ਪਰਿਵਾਰ ਵਿਚੋਂ ਉਠ ਕੇ ਭਾਰਤ ਦੇ ਸਭ ਤੋਂ ਵੱਡੇ ਸੁਲਝੇ ਹੋਏ ਸਿਆਸਤਦਾਨ ਬਣੇ। ਸੁਰਜੀਤ ਨੂੰ ਕਿੰਗ ਮੇਕਰ ਇਸ ਲਈ ਕਿਹਾ ਜਾਂਦਾ ਸੀ ਕਿਉਂਕਿ ਆਪਣੀ ਸੂਝਬੂਝ ਸਦਕਾ ਕੇਂਦਰ ਸਮੇਤ ਸੂਬਿਆਂ ਵਿਚ ਸਰਕਾਰਾਂ ਬਣਾਉਣ ਅਤੇ ਤੋੜਨ ਦੀ ਸਮਰੱਥਾ ਰੱਖਦੇ ਸਨ। ਭਾਵੇਂ ਉਹ ਖੱਬੇਪੱਖੀ ਲੀਡਰ ਸਨ ਪ੍ਰੰਤੂ ਉਨ੍ਹਾਂ ਤੋਂ ਸਲਾਹਾਂ ਵਿਰੋਧੀ ਪਾਰਟੀਆਂ ਵੀ ਲੈਂਦੀਆਂ ਸਨ ਅਤੇ ਜਦੋਂ ਕਿਤੇ ਸਰਕਾਰ ਬਣਾਉਣ ਵੇਲੇ ਗਰਾਰੀ ਫਸ ਜਾਂਦੀ ਤਾਂ ਉਹ ਕਾਮਰੇਡ ਕੋਲ ਆ ਕੇ ਹੀ ਇਸਦਾ ਮੰਤਰ ਲੈਂਦੇ ਸਨ।
ਕਾਮਰੇਡ ਨੇ ਦੇਸ਼ ‘ਚ ਖੱਬੇਪੱਖੀ ਲਹਿਰ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਪੰਜਾਬ ਤੋਂ ਲੈ ਕੇ ਬੰਗਾਲ ਸਮੇਤ ਦੇਸ਼ ਦੇ ਸਾਰੇ ਸੂਬਿਆਂ ਵਿਚ ਉਨ੍ਹਾਂ ਖੱਬੇਪੱਖੀ ਆਧਾਰ ਨੂੰ ਖੜ੍ਹਾ ਕੀਤਾ। ਉਹ ਛੋਟੀ ਉਮਰ ਵਿਚ ਹੀ ਸਰਦਾਰ ਭਗਤ ਸਿੰਘ ਦੀ ਰਾਹ ਉਤੇ ਚੱਲ ਪਏ ਸਨ। 1932 ਵਿੱਚ ਭਗਤ ਸਿੰਘ ਦੇ ਪਹਿਲੇ ਸ਼ਹੀਦੀ ਦਿਵਸ ਮੌਕੇ ਸੁਰਜੀਤ ਨੇ ਹੁਸ਼ਿਆਰਪੁਰ ਦੀਆਂ ਜ਼ਿਲ੍ਹਾ ਕਚਹਿਰੀਆਂ ਵਿੱਚ ਯੂਨੀਅਨ ਜੈਕ ਫਾੜ ਕੇ ਤਿਰੰਗਾ ਝੰਡਾ ਚੜ੍ਹਾ ਦਿੱਤਾ ਸੀ। ਇਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਚਲਾਇਆ ਗਿਆ। ਜੱਜ ਵਲੋਂ ਨਾਂ ਪੁੱਛਣ ਤੇ ਉਨ੍ਹਾਂ ਨੇ ਅਪਣਾ ਨਾਂ ”ਲੰਡਨ ਤੋੜ ਸਿੰਘ” ਦੱਸਿਆ।ਜੱਜ ਨੇ ਉਨ੍ਹਾਂ ਨੂੰ ਇਕ ਸਾਲ ਕੈਦ ਦੀ ਸਜ਼ਾ ਕਰ ਦਿੱਤੀ। ਪਰ ਹਰਕਿਸ਼ਨ ਦੀ ਟਿੱਪਣੀ, “ਸਿਰਫ਼ ਇਕ ਸਾਲ“ ਤੇ ਖਿਝ ਕੇ ਅਦਾਲਤ ਨੇ ਸਜ਼ਾ ਵਧਾ ਕੇ ਚਾਰ ਸਾਲ ਕਰ ਦਿੱਤੀ। ਇਹ ਸਜ਼ਾ ਉਨ੍ਹਾਂ ਨੇ ਬੋਰਸਟਲ ਜੇਲ੍ਹ ਲਾਹੌਰ ਵਿੱਚ ਭੁਗਤੀ। ਜੇਲ੍ਹ ਵਿੱਚ ਉਨ੍ਹਾਂ ਦੀ ਮੁਲਾਕਾਤ ਭਗਤ ਸਿੰਘ ਦੇ ਕਈ ਸਾਥੀਆਂ ਸਮੇਤ ਬਹੁਤ ਸਾਰੇ ਅਜ਼ਾਦੀ ਘੁਲਾਟੀਆਂ ਨਾਲ ਹੋ ਗਈ। ਅਤੇ ਜੇਲ ਸਿਆਸੀ ਸਿੱਖਿਆ ਦਾ ਸਕੂਲ ਬਣ ਗਈ।
1936 ਵਿੱਚ ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣੇ। ਉਹ ਪੰਜਾਬ ਵਿੱਚ ਕਿਸਾਨ ਸਭਾ ਦੀ ਬੁਨਿਆਦ ਰੱਖਣ ਵਾਲਿਆਂ ਵਿੱਚੋਂ ਇੱਕ ਸਨ। 1938 ਵਿੱਚ ਉਹ ਪੰਜਾਬ ਕਿਸਾਨ ਸਭਾ ਦੇ ਸੈਕਟਰੀ ਚੁਣੇ ਗਏ।ਕਾਮਰੇਡ ਸੀਪੀਆਈ (ਐਮ) ਪਾਰਟੀ ਦੇ ਲੰਬਾ ਸਮਾਂ ਜਨਰਲ ਸਕੱਤਰ ਰਹੇ। ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) ਯਾਨੀ ਸੀਪੀਐਮ ਦੀ ਰਾਸ਼ਟਰੀ ਕੇਂਦਰੀ ਕਮੇਟੀ ਦੇ 1992 ਤੋਂ 2005 ਤੱਕ ਜਨਰਲ ਸੈਕਟਰੀ ਰਹੇ। ਉਹ 1964 ਤੋਂ 2008 ਤੱਕ ਪਾਰਟੀ ਦੀ ਪੋਲਿਟ ਬਿਊਰੋ ਦੇ ਮੈਂਬਰ ਰਹੇ। ਅਜ਼ਾਦੀ ਤੋਂ ਬਾਅਦ ਸੁਰਜੀਤ ਭਾਰਤੀ ਕਮਿਊਨਿਸਟ ਪਾਰਟੀ ਦੇ ਈ ਐਮ ਐਸ ਨਬੂੰਦਰੀਪਦ, ਪੀ ਸੀ ਜੋਸ਼ੀ, ਐਸ ਏ ਡਾਂਗੇ, ਬੀ ਟੀ ਰਣਦੀਵੇ, ਏ ਕੇ ਗੋਪਾਲਨ, ਅਜੈ ਘੋਸ਼, ਪੀ ਰਾਮਾਮੂਰਤੀ, ਪੀ ਸੁੰਦਰਈਆ, ਕਾਮਰੇਡ ਵਾਸੂਪਨਈਆ, ਜਿਓਤੀ ਬਸੂ, ਪਰਮੋਦ ਦਾਸ ਗੁਪਤਾ, ਰਾਜੇਸ਼ਵਰ ਰਾਓ, ਸੋਹਣ ਸਿੰਘ ਜੋਸ਼ ਅਤੇ ਸਮਰ ਮੁਖਰਜੀ ਵਰਗੇ ਸਿਰਕੱਢ ਲੀਡਰਾਂ ਵਿੱਚ ਸ਼ਾਮਲ ਸਨ।1996 ਅਤੇ 2004 ‘ਚ ਨਿਭਾਇਆ ਵੱਡਾ ਰੋਲ
ਕਾਮਰੇਡ ਸੁਰਜੀਤ ਨੇ 1996 ਵਿਚ ਐਚਡੀ ਦੇਵਗੋੜਾ ਅਤੇ ਇੰਦਰ ਕੁਮਾਰ ਗੁਜਰਾਤ ਦੀ ਸਾਂਝੇ ਮੋਰਚਾ ਦੀ ਸਰਕਾਰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ। ਂਿÂਸ ਦੇ ਇਲਾਵਾ ਸਾਲ 2004 ਵਿਚ ਜਦੋਂ ਕਾਂਗਰਸ ਨੂੰ ਬਹੁਮਤ ਮਿਲਿਆ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸੋਨੀਆ ਗਾਂਧੀ ਨੇ ਨਾਂਹ ਕਰ ਦਿੱਤੀ ਤਾਂ ਕਾਂਗਰਸ ਦੇ ਕੌਮੀ ਲੀਡਰ ਕਾਮਰੇਡ ਸੁਰਜੀਤ ਕੋਲ ਮਸਲੇ ਦਾ ਹੱਲ ਕੱਢਣ ਲਈ ਆਏ। ਕਾਮਰੇਡ ਸੁਰਜੀਤ ਦੇ ਘਰ ਖੁਦ ਸ਼੍ਰੀਮਤੀ ਸੋਨੀਆ ਗਾਂਧੀ ਪਹੁੰਚੇ ਸਨ। ਕਾਂਗਰਸ ਦੀ ਵਿਰੋਧੀ ਪਾਰਟੀ ਭਾਜਪਾ ਸੋਨੀਆ ਗਾਂਧੀ ਖਿਲਾਫ ਵਿਦੇਸ਼ੀ ਹੋਣ ਦਾ ਮੁੱਦਾ ਬਣਾ ਰਹੀ ਸੀ ਜਿਸ ਕਰਕੇ ਸੋਨੀਆ ਗਾਂਧੀ ਖੁਦ ਪ੍ਰਧਾਨ ਮੰਤਰੀ ਨਹੀਂ ਬਣਨਾ ਚਾਹੁੰਦੀ ਸੀ। ਕਾਂਗਰਸ ਦੀਆਂ ਕਈ ਭਾਈਵਾਲ ਪਾਰਟੀਆਂ ਨੂੰ ਵੀ ਸੋਨੀਆ ਦੇ ਪ੍ਰਧਾਨ ਮੰਤਰੀ ਬਣਨ ਉਤੇ ਅੰਦਰਖਾਤੇ ਇੰਤਰਾਜ਼ ਸੀ। ਅਖ਼ੀਰ ਕਈ ਮੀਟਿੰਗਾਂ ਮਗਰੋਂ ਫੇਰ ਕਾਮਰੇਡ ਸੁਰਜੀਤ ਨੇ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦਾ ਸੁਝਾਅ ਦਿੱਤਾ ਜਿਸ ਨੂੰ ਸੋਨੀਆ ਗਾਂਧੀ ਨੇ ਮੰਨ ਲਿਆ ਅਤੇ ਕਾਂਗਰਸ ਸਿਆਸੀ ਸੰਕਟ ਵਿਚੋਂ ਨਿਕਲ ਸਕੀ।
ਕਾਮਰੇਡ ਸੁਰਜੀਤ ਨੇ ਪੰਜਾਬ ਦਾ ਨਾਮ ਦੇਸ਼-ਵਿਦੇਸ਼ ਵਿਚ ਇੱਕ ਸਿਰਕੱਢ ਅਤੇ ਸੁਲਝੇ ਹੋਏ ਸਿਆਸਤਦਾਨ ਦੇ ਰੂਪ ਵਿਚ ਜਿੱਥੇ ਉਚਾ ਕੀਤਾ ਉਥੇ ਹੀ ਉਹ ਇੱਕ ਬੇਦਾਗ ਸਖ਼ਸ਼ੀਅਤ ਵਜੋਂ ਮਿਸਾਲ ਬਣੇ। ਉਨ੍ਹਾਂ ਕਿੰਗ ਮੇਕਰ ਹੁੰਦਿਆਂ ਅਤੇ ਪਾਵਰ ਵਿਚ ਰਹਿੰਦਿਆਂ ਆਪਣੇ ਲਈ ਇੱਕ ਘਰ ਤੱਕ ਨਹੀਂ ਬਣਾਇਆ ਸਗੋਂ ਆਪਣੀ ਪਾਰਟੀ ਸੀਪੀਆਈ (ਐਮ) ਲਈ ਸੰਘਰਸ਼ ਕਰਕੇ ਅਨੇਕਾਂ ਪਾਰਟੀ ਦੇ ਸੰਸਥਾਨ, ਬਿਲਡਿੰਗਾਂ ਅਤੇ ਅਦਾਰੇ ਬਣਾਏ। ਕਾਮਰੇਡ ਸੁਰਜੀਤ ਤੋਂ ਭਾਜਪਾ ਅਤੇ ਸੰਘ ਵਾਲੇ ਕਾਫ਼ੀ ਡਰਦੇ ਸਨ ਅਤੇ ਉਨ੍ਹਾਂ ਨੇ ਜੇਕਰ ਮੂਵਮੈਂਟ ਚਲਾਈ ਤਾਂ ਉਹ ਭਾਜਪਾ ਦੀਆਂ ਲੋਕ ਵਿਰੋਧੀ, ਗਰੀਬ, ਕਿਸਾਨ, ਮਜ਼ਦੂਰ, ਕਰਮਚਾਰੀ ਵਿਰੋਧੀ ਨੀਤੀਆਂ ਖਿਲਾਫ਼।

ਚਿੱਟੀ ਪੱਗੜੀ ਵਾਲਾ ਸਰਦਾਰ
ਕਾਮਰੇਡ ਸੁਰਜੀਤ ਸ਼ੁਰੂ ਤੋਂ ਹੀ ਹਮੇਸ਼ਾਂ ਚਿੱਟੀ ਪੱਗੜੀ ਬੰਨਦੇ ਸਨ ਅਤੇ ਸਧਾਰਨ ਪਹਿਰਾਵਾ ਪਹਿਨਦੇ ਸਨ।

ਜੀਵਨ ਵੇਰਵਾ
-ਹਰਕਿਸ਼ਨ ਸਿੰਘ ਦਾ ਜੱਦੀ ਪਿੰਡ ਬਡਾਲਾ, ਜ਼ਿਲ੍ਹਾ ਜਲੰਧਰ ਦੇ ਕੋਲ ਸੀ। ਉਨ੍ਹਾਂ ਦੇ ਪਿਤਾ ਹਰਨਾਮ ਸਿੰਘ ਨੇ ਆਪਣੇ ਪੁੱਤਰ ਨੂੰ ਅਜ਼ਾਦੀ ਦੀ ਲੜਾਈ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਅਤੇ ਨਾ ਮੰਨਣ ਤੇ ਉਸਨੂੰ ਅੱਡ ਕਰ ਦਿੱਤਾ। 1929 ਵਿੱਚ ਹਰਕਿਸ਼ਨ ਦੇ ਪਿਤਾ ਜ਼ਮੀਨ ਗਹਿਣੇ ਰੱਖ ਕੇ ਅਮਰੀਕਾ ਚਲੇ ਗਏ।1930 ਵਿੱਚ ਕਾਮਰੇਡ ਸੁਰਜੀਤ ਦੇ ਪਿੰਡ ਬਾਬਾ ਕਰਮ ਸਿੰਘ ਚੀਮਾ ਤੇ ਭਾਗ ਸਿੰਘ ਕਨੇਡੀਅਨ ਆਏ ਤਾਂ ਹਰਕਿਸ਼ਨ ਨੇ ਪਿੰਡ ਵਿੱਚ ਜਨਤਕ ਮੀਟਿੰਗ ਲਈ ਸਹਿਯੋਗ ਦਿੱਤਾ। ਦੂਜੇ ਦਿਨ ਹੀ ਪੁਲਿਸ ਨੇ ਹਰਕਿਸ਼ਨ ਨੂੰ ਉਸ ਦੇ ਹੈਡਮਾਸਟਰ ਨੂੰ ਕਹਿ ਕੇ ਸਕੂਲ ਤੋਂ ਕਢਵਾ ਦਿੱਤਾ। ਫਿਰ ਕਾਂਗਰਸੀ ਨੇਤਾ ਹਰੀ ਸਿੰਘ ਜਲੰਧਰ ਦੀ ਮਦਦ ਨਾਲ ਸੁਰਜੀਤ ਨੇ ਖ਼ਾਲਸਾ ਸਕੂਲ ਜਲੰਧਰ ਦਾਖ਼ਲ ਹੋ ਗਏ। ਬੜੀ ਮੁਸ਼ਕਲ ਸਥਿਤੀ ਦੇ ਬਾਵਜੂਦ ਉਹ ਮੈਟਰਿਕ ਕਰ ਗਏ। 

Spread the love

Read more

12 Jun 2021
ਬਰਨਾਲਾ ਜ਼ਿਲ੍ਹਾ 75 ਸਾਲਾ ਆਜ਼ਾਦੀ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਦੇ ਲੇਖ ਮੁਕਾਬਲੇ ‘ਚ ਭਾਗੀਦਾਰੀ ਪੱਖੋਂ ਸੂਬੇ ਭਰ ‘ਚੋਂ ਅੱਵਲ ਬਰਨਾਲਾ,12 ਜੂਨ ਸਕੂਲ ਸਿੱਖਿਆ ਵਿਭਾਗ ਵੱਲੋਂ ਦੇਸ਼ ਦੇ 75 ਸਾਲਾ ਆਜ਼ਾਦੀ ਦਿਵਸ ਨੂੰ ਕਰਵਾਏ ਗਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲੇਖ ਮੁਕਾਬਲਿਆਂ ‘ਚ ਪ੍ਰਤੀ ਬਲਾਕ ਭਾਗੀਦਾਰੀ ਪੱਖੋਂ ਜ਼ਿਲ੍ਹਾ ਬਰਨਾਲਾ ਸੈਕੰਡਰੀ ਵਰਗ ਵਿੱਚੋਂ ਸੂਬੇ ਭਰ ‘ਚੋਂ ਪਹਿਲੇ ਸਥਾਨ ‘ਤੇ ਰਿਹਾ ਜਦਕਿ ਪ੍ਰਾਇਮਰੀ ਵਰਗ ਵਿੱਚੋਂ ਤੀਜੇ ਸਥਾਨ ‘ਤੇ ਰਿਹਾ। ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਐਲੀਮੈਂਟਰੀ ਨੇ ਦੱਸਿਆ ਕਿ ਆਗਾਮੀ ਵਰ੍ਹੇ ਮਨਾਏ ਜਾ ਰਹੇ ਦੇਸ਼ ਦੇ 75 ਸਾਲਾ ਆਜ਼ਾਦੀ ਸਮਾਗਮ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕਰਵਾਏ ਗਏ ਆਨਲਾਈਨ ਲੇਖ ਮੁਕਾਬਲਿਆਂ ‘ਚ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ,ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵੱਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ 1 ਜੂਨ ਤੋਂ 10 ਜੂਨ ਤੱਕ ਕਰਵਾਏ ਇਨ੍ਹਾਂ ਮੁਕਾਬਲਿਆਂ ‘ਚ ਜਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਭਾਗੀਦਾਰੀ ਪੱਖੋਂ ਸ਼ਾਨਦਾਰ ਪੁਜੀਸ਼ਨਾਂ ਦੀ ਪ੍ਰਾਪਤੀ ਨਾਲ ਜਿਲ੍ਹੇ ਦੇ ਮਾਣ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਪਹਿਲੀ ਤੋਂ ਬਾਰਵੀਂ ਜਮਾਤਾਂ ਲਈ ਤਿੰਨ ਵਰਗਾਂ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਵਿੱਚ ਕਰਵਾਏ ਗਏ। ਹਰਕੰਵਲਜੀਤ ਕੌਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਵਸੁੰਧਰਾ ਕਪਿਲਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹਾ ਪ੍ਰਤੀ ਬਲਾਕ 659 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਸੂਬੇ ਭਰ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ, ਜਦਕਿ ਪ੍ਰਾਇਮਰੀ ਵਰਗ ‘ਚ ਪ੍ਰਤੀ ਬਲਾਕ 164 ਵਿਦਿਆਰਥੀਆਂ ਦੀ ਭਾਗੀਦਾਰੀ ਨਾਲ ਤੀਜੇ ਸਥਾਨ ‘ਤੇ ਰਿਹਾ। ਮੁਕਾਬਲਿਆਂ ਦੇ ਸਹਾਇਕ ਨੋਡਲ ਅਫ਼ਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੈਕੰਡਰੀ ਵਰਗ ‘ਚ ਜ਼ਿਲ੍ਹੇ ਦੇ ਕੁੱਲ 1976 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪ੍ਰਾਇਮਰੀ ਵਰਗ ਵਿੱਚ 492 ਵਿਦਿਆਰਥੀਆਂ ਵੱਲੋਂ ਸ਼ਿਰਕਤ ਕੀਤੀ ਗਈ।
© Copyright 2021, Punjabupdate.com