Tuesday 27 October 2020

ਕੋਵਿਡ-19 ਦੀ ਲਾਗ ਤੋਂ ਪੀੜਤਾਂ ‘ਚ ਸਾਹ ਚੜ੍ਹਨ ਦੀ ਸ਼ਿਕਾਇਤ ਹੋਣਾ ਗੰਭੀਰ-ਡਾ. ਸਿਬੀਆ

- Posted on 11 September 2020


-ਸਾਹ ਔਖਾ ਆਉਣ ‘ਤੇ ਆਪਣੇ ਘਰ ‘ਚ ਹੀ ਆਕਸੀਜਨ ਲਾ ਲੈਣ ਦੇ ਭੁਲੇਖੇ ‘ਚ ਨਾ ਰਹਿਣ ਲੋਕ- ਡਾ. ਸਿਬੀਆ
-ਕੋਵਿਡ ਮਰੀਜਾਂ ਦਾ ਮਹਿੰਗੇ ਤੋਂ ਮਹਿੰਗਾ ਬਿਹਤਰ ਇਲਾਜ ਰਾਜਿੰਦਰਾ ਹਸਪਤਾਲ ‘ਚ ਮੁਫ਼ਤ ਉਪਲਬਧ
-ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੀ ਹਰ ਪੱਖੋਂ ਕੀਤੀ ਜਾਂਦੀ ਹੈ ਬਿਹਤਰ ਸਿਹਤ ਸੰਭਾਲ- ਡਾ. ਸਿਬੀਆ
ਪਟਿਆਲਾ, 11 ਸਤੰਬਰ:
ਕੋਵਿਡ-19 ਦੇ ਮੌਜੂਦਾ ਦੌਰ ‘ਚ ਸਾਹ ਚੜ੍ਹਨ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਆਮ ਲੋਕਾਂ ਨੂੰ ਇਸ ਗੱਲ ਦੇ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦਾ ਕਿ ਸਾਹ ਔਖਾ ਆਉਣ ‘ਤੇ ਉਹ ਆਪਣੇ ਘਰ ‘ਚ ਹੀ ਆਕਸੀਜਨ ਲਗਾ ਲੈਣਗੇ। ਇਹ ਪ੍ਰਗਟਾਵਾ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੇ ਰਜਿੰਦਰਾ ਹਸਪਤਾਲ ਦੇ ਪ੍ਰੋਫੈਸਰ ਅਤੇ ਮੈਡੀਸਨ ਵਿਭਾਗ ਦੇ ਮੁਖੀ ਡਾ. ਰਾਮਿੰਦਰ ਪਾਲ ਸਿੰਘ ਸਿਬੀਆ ਨੇ ਕੀਤਾ। ਡਾ. ਸਿਬੀਆ ਨੇ ਕਿਹਾ ਕਿ 85 ਫੀਸਦੀ ਲੋਕਾਂ ਨੂੰ ਕੋਰੋਨਾ ਦੇ ਕੋਈ ਲੱਛਣ ਨਹੀਂ ਆਉਂਦੇ ਪਰੰਤੂ ਬਾਕੀਆਂ ‘ਚ ਗੰਭੀਰ ਅਲਾਮਤਾ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ‘ਚ ਸਾਹ ਚੜ੍ਹਨ, ਬੁਖਾਰ ਤੇ ਹੋਰ ਕਈ ਕਿਸਮ ਦੇ ਲੱਛਣ ਸ਼ਾਮਲ ਹਨ, ਜਿਸ ਲਈ ਇਨ੍ਹਾਂ ਨੂੰ ਅੱਖੋਂ ਪਰੋਖੇ ਕਰਨਾ ਜਾਨ ਲੇਵਾ ਹੋ ਸਕਦਾ ਹੈ।
ਡਾ. ਸਿਬੀਆ ਨੇ ਕਿਹਾ ਕਿ ਕੋਰੋਨਾ ਬੇਸ਼ੱਕ ਲਾਇਲਾਜ ਹੈ ਪਰੰਤੂ ਇਸ ਦੀ ਲਾਗ ਹੋਣ ‘ਤੇ ਮਰੀਜ ਨੂੰ ਹੋਰ ਕਈ ਤਰ੍ਹਾਂ ਦੀਆਂ ਅਲਾਮਤਾ ਮੌਤ ਦੇ ਮੂੰਹ ‘ਚ ਪਾ ਸਕਦੀਆਂ ਹਨ, ਇਸ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਵਿਸ਼ਵਾਸ਼ ਕਰਨ ਅਤੇ ਘਰੇਲੂ ਓਹੜ-ਪੋਹੜ ਕਰਨ ਦੀ ਜਗ੍ਹਾ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਜਾਂ ਫਿਰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵਧੇਰੇ ਮੌਤਾਂ ਹੋਣ ਦਾ ਇੱਕੋ-ਇੱਕ ਕਾਰਨ ਹੈ ਕਿ ਜਦੋਂ ਤੱਕ ਮਰੀਜ ਹਸਪਤਾਲ ਆਉਂਦਾ ਹੈ, ਉਸ ਸਮੇਂ ਤੱਕ ਉਸ ਦਾ ਕਾਫੀ ਨੁਕਸਾਨ ਹੋ ਚੁੱਕਾ ਹੁੰਦਾ ਹੈ।
ਮੈਡੀਸਨ ਵਿਭਾਗ ਦੇ ਮੁਖੀ ਨੇ ਸਪੱਸ਼ਟ ਕੀਤਾ ਕਿ ਮਰੀਜ ਸਾਹ ਔਖਾ ਆਉਣ ਦੇ ਮਰੀਜਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਆਕਸੀਜਨ ਲਗਾਈ ਜਾਂਦੀ ਹੈ, ਜੋਕਿ ਘਰ ‘ਚ ਕਰਨਾ ਆਸਾਨ ਕੰਮ ਨਹੀਂ ਹੈ। ਡਾ. ਸਿਬੀਆ ਨੇ ਦੱਸਿਆ ਕਿ ਜੇ ਮਰੀਜ ਨੂੰ ਸਾਹ ਦੀ ਥੋੜੀ ਦਿਕਤ ਹੋਵੇ ਤਾਂ ਆਕਸੀਜਨ ਵਾਲਾ ਫੇਸਮਾਸਕ ਲਗਾਇਆ ਜਾਂਦਾ ਹੈ, ਜੇ ਫਿਰ ਵੀ ਤਕਲੀਫ਼ ਹੋਵੇ ਤਾਂ ਵੈਂਚਰੀ ‘ਤੇ 30 ਜਾਂ 50 ਫੀਸਦੀ ਆਕਸੀਜਨ ਲਗਾ ਕੇ ਨਿਰੰਤਰ ਮੋਨੀਟਰਿੰਗ ਕੀਤੀ ਜਾਂਦੀ ਹੈ।
ਪਰੰਤੂ ਜੇਕਰ ਫਿਰ ਵੀ ਹਾਲਤ ‘ਚ ਸੁਧਾਰ ਨਾ ਆਵੇ ਤਾਂ ਐਨ.ਆਰ.ਐਮ (ਨਾਨ ਬ੍ਰੀਦਏਬਲ ਮਾਸਕ) 100 ਫੀਸਦੀ ਆਕਸੀਜਨ 10 ਜਾਂ 15 ਲਿਟਰ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ। ਇਸ ਤੋਂ ਬਾਅਦ ਹਾਈਫਲੋ ਨੇਜਲ ਕੈਨੁਲਾ ਆਉਂਦਾ ਹੈ ਇਸ ਰਾਹੀਂ ਤੇਜ ਦਬਾਅ ਨਾਲ ਆਕਸੀਜਨ ਲਗਾਈ ਜਾਂਦੀ ਹੈ ਅਤੇ ਜੇ ਇਹ ਵੀ ਠੀਕ ਕੰਮ ਨਾ ਕਰੇ ਤਾਂ ਫਿਰ ਬਾਇਪੈਪ, ਗਲੇ ‘ਚ ਬਿਨ੍ਹਾਂ ਟਿਊਬ ਪਾਏ ਆਕਸੀਜਨ ਲਗਾਈ ਜਾਂਦੀ ਹੈ। ਸਭ ਤੋਂ ਅਖੀਰ ਵਿਚ ਗਲੇ ਅੰਦਰ ਪਾਈਪ ਲਗਾ ਕੇ ਵੈਂਟੀਲੇਟਰ ਰਾਹੀਂ ਆਕਸੀਜਨ ਦਿੱਤੀ ਜਾਂਦੀ ਹੈ ਅਤੇ ਇਸ ਨੂੰ ਲਗਾਤਾਰ ਮੋਨੀਟਰ ਕੀਤਾ ਜਾਂਦਾ ਹੈ।
ਡਾ. ਆਰ.ਪੀ.ਐਸ. ਸਿਬੀਆ, ਜੋ ਕਿ ਆਪਣੀ ਧਰਮ ਪਤਨੀ ਅਤੇ ਗਾਇਨੀ ਦੇ ਮਾਹਰ ਡਾਕਟਰ ਪ੍ਰੀਤਕੰਵਲ ਸੰਧੂ ਸਿਬੀਆ ਸਮੇਤ ਕੋਵਿਡ ਪਾਜਿਟਿਵ ਆਏ ਸਨ ਅਤੇ ਸਿਹਤਯਾਬ ਹੋਣ ਮਗਰੋਂ ਆਪਣੀ ਡਿਊਟੀ ‘ਤੇ ਪਰਤ ਆਏ ਹਨ, ਦਾ ਕਹਿਣਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਮਿਸ਼ਨ ਫ਼ਤਿਹ ਤਹਿਤ ਕੋਵਿਡ-19 ਪਾਜਿਟਿਵ ਮਰੀਜਾਂ ਦੇ ਇਲਾਜ ਲਈ ਰਾਜਿੰਦਰਾ ਹਸਪਤਾਲ ਵਿਖੇ ਸਥਾਪਤ ਕੋਵਿਡ ਬਲਾਕ ‘ਚ ਮਰੀਜਾਂ ਦੇ ਹਰ ਤਰ੍ਹਾਂ ਦੇ ਇਲਾਜ ਦੀਆਂ ਪੂਰੀਆਂ ਸਹੂਲਤਾਂ ਮੁਫ਼ਤ ਉਪਲਬੱਧ ਹਨ। ਉਨ੍ਹਾਂ ਦੱਸਿਆ ਕਿ ਇੱਥੇ ਮਰੀਜਾਂ ਲਈ ਮਹਿੰਗੇ ਟੈਸਟ, ਜਿਨ੍ਹਾਂ ‘ਚ ਡੀ-ਡਾਇਮਰ, ਪ੍ਰੋਕੈਲਸੀਟੋਨਐਨ, ਐਕਸਰੇ, ਸੀਟੀ ਸਕੈਨ, ਡਾਇਲੇਸਿਸ, ਮਹਿੰਗੇ ਟੀਕੇ ਟੂਸੀ ਆਦਿ, ਖ਼ੂਨ ਪਤਲਾ ਕਰਨ ਦੀ ਦਵਾਈ ਸਮੇਤ ਮੁਫ਼ਤ ਖਾਣਾ ਪੀਣਾ ਮੁਹੱਈਆ ਕਰਵਾਇਆ ਜਾਂਦਾ ਹੈ।
ਡਾ. ਸਿਬੀਆ ਨੇ ਅਖੀਰ ‘ਚ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ ਦੇ ਮਰੀਜਾਂ ਮਰੀਜਾਂ ਨੂੰ ਉਪਚਾਰ ਦੀ ਲੋੜ ਦੇ ਮੱਦੇਨਜ਼ਰ ਹਸਪਤਾਲ ਤੁਰੰਤ ਇਲਾਜ ਲਈ ਦਾਖਲ ਕਰਵਾਇਆ ਜਾਵੇ ਨਾ ਕਿ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ‘ਤੇ ਯਕੀਨ ਕਰਕੇ ਆਪਣੀ ਜਾਨ ਨੂੰ ਖ਼ਤਰੇ ‘ਚ ਪਾਇਆ ਜਾਵੇ, ਕਿਉਂਕਿ ਜਿਹੜੇ ਮਰੀਜਾਂ ਦੀਆਂ ਮੌਤਾਂ ਹੋਈਆਂ ਹਨ, ਉਹ ਬਹੁਤ ਹੀ ਦੇਰੀ ਨਾਲ ਅਤੇ ਗੰਭੀਰ ਹਾਲਤ ‘ਚ ਰਾਜਿੰਦਰਾ ਹਪਸਤਾਲ ਪੁੱਜੇ ਸਨ। ਡਾ. ਸਿਬੀਆ ਨੇ ਕਿਹਾ ਕਿ ‘ਮਿਸ਼ਨ ਫ਼ਤਿਹ’ ਤਹਿਤ ਡਾਕਟਰ, ਪੈਰਾ ਮੈਡੀਕਲ ਅਮਲਾ ਤੇ ਹਰ ਕਰਮਚਾਰੀ ਤੇ ਅਧਿਕਾਰੀ ਕੋਵਿਡ-19 ਖ਼ਿਲਾਫ਼ ਪੂਰੀ ਤਨਦੇਹੀ ਨਾਲ ਡਟਿਆ ਹੋਇਆ ਹੈ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com