21 Apr 2021

ਟੀਬੀ ਦੇ ਖਾਤਮੇ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਬਿਹਤਰ ਪ੍ਰਦਰਸ਼ਨ ਦੇ ਨਿਰੀਖਣ ਲਈ ਸਰਵੇ ਦੀ ਸ਼ੁਰੂਆਤ ਜ਼ਿਲ੍ਹੇ ਵਿਚ ਟੀਬੀ ਕੇਸਾਂ ਨੂੰ ਘਟਾਉਣ ਲਈ ਉਠਾਏ ਜਾ ਰਹੇ ਢੁੱਕਵੇਂ ਕਦਮ : ਸਿਵਲ ਸਰਜਨ
 ਟੀਬੀ ਰੋਗ ਲਾਇਲਾਜ ਨਹੀਂ : ਡਾ. ਗੁਰਦੀਪ ਸਿੰਘ ਕਪੂਰ

ਨਵਾਂਸ਼ਹਿਰ, 8 ਫਰਵਰੀ

ਰਾਸ਼ਟਰੀ ਤਪਦਿਨ ਰੋਗ ਖਾਤਮਾ ਪ੍ਰੋਗਰਾਮ ਤਹਿਤ ਤਪਦਿਕ (ਟੀਬੀ) ਦੀ ਬਿਮਾਰੀ ਨੂੰ ਸਾਲ 2025 ਤੱਕ ਖਤਮ ਕਰਨ ਦੀ ਦਿਸ਼ਾ ਵਿਚ ਸ਼ਹੀਦ ਭਗਤ ਸਿੰਘ ਨਗਰ ਦੇ ਸਿਹਤ ਵਿਭਾਗ ਦੇ ਬਿਹਤਰ ਪ੍ਰਦਰਸ਼ਨ ਦੀ ਜਾਂਚ ਕਰਨ ਅਤੇ ਜ਼ਿਲ੍ਹੇ ਵਿਚ ਟੀਬੀ ਰੋਗ ਦੀ ਸਹੀ ਸਥਿਤੀ ਦਾ ਪਤਾ ਲਗਾਉਣ ਲਈ ਸਰਵੇਖਣ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ। ਮਾਣਯੋਗ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਸਰਵੇ ਟੀਮਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।  

ਇਸ ਮੌਕੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਪੰਜਾਬ ਦੇ ਤਿੰਨ ਜ਼ਿਿਲ੍ਹਆਂ ਵਿਚ ਇਹ ਸਰਵੇ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਸ਼ਹੀਦ ਭਗਤ ਸਿੰਘ ਨਗਰ ਵੀ ਸ਼ਾਮਲ ਹੈ। ਇਹ ਜਾਂਚ ਉਪ ਕੌਮੀ ਪ੍ਰਮਾਣੀਕਰਨ ਲਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟੀਬੀ ਲਾਇਲਾਜ ਨਹੀਂ ਹੈ। ਮਰੀਜ਼ਾਂ ਨੂੰ ਟੀਬੀ ਦਾ ਇਲਾਜ ਪੂਰਾ ਕਰਨਾ ਚਾਹੀਦਾ ਹੈ, ਨਹੀਂ ਤਾਂ ਇਹ ਭਿਆਨਕ ਰੂਪ ਧਾਰਨ ਕਰ ਲੈਂਦੀ ਹੈ।  

ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਜੀ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਤਪਦਿਕ (ਟੀਬੀ) ਨੂੰ ਹਰਾਉਣ ਲਈ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਭਾਰਤ ਸਰਕਾਰ ਦੇਸ਼ ਵਿੱਚੋਂ ਟੀਬੀ ਦੀ ਬਿਮਾਰੀ ਦੇ ਬੋਝ ਨੂੰ ਘਟਾਉਣ ਲਈ ਜ਼ਿਿਲ੍ਹਆਂ ਨੂੰ ਢੁੱਕਵੇਂ ਕਦਮ ਉਠਾਉਣ ਲਈ ਉਤਸ਼ਾਹਿਤ ਕਰ ਰਹੀ ਹੈ। ਇਸੇ ਕੜੀ ਵਿੱਚ ਟੀਬੀ ਕੇਸਾਂ ਦੇ ਬੋਝ ਨੂੰ ਘਟਾਉਣ ਵਾਲੇ ਜ਼ਿਿਲ੍ਹਆਂ ਨੂੰ ਵਿੱਤੀ ਮਦਦ ਦੇਣ ਦੀ ਯੋਜਨਾ ਵੀ ਬਣਾਈ ਹੋਈ ਹੈ। 80 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ 10 ਲੱਖ ਰੁਪਏ ਦੇਣ ਦੇ ਨਾਲ-ਨਾਲ ਟੀਬੀ ਮੁਕਤ ਰੁਤਬੇ ਦਾ ਸਨਮਾਨ ਵੀ ਦਿੱਤਾ ਜਾਵੇਗਾ। 60 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਗੋਲਡ ਵਰਗ ਦੇ ਤੌਰ ਉੱਤੇ 5 ਲੱਖ ਰੁਪਏ, 40 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਸਿਲਵਰ ਵਰਗ ਦੇ ਤੌਰ ਉੱਤੇ 3 ਲੱਖ ਰੁਪਏ ਅਤੇ 20 ਫੀਸਦੀ ਟੀਬੀ ਕੇਸ ਘਟਾਉਣ ਵਾਲੇ ਜ਼ਿਲ੍ਹੇ ਨੂੰ ਬਰਾਊਂਜ ਵਰਗ ਦੇ ਤੌਰ ਉੱਤੇ 1 ਲੱਖ ਰੁਪਏ ਦਾ ਐਵਾਰਡ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਹ ਸਨਮਾਨ 24 ਮਾਰਚ ਨੂੰ ਵਿਸ਼ਵ ਟੀਬੀ ਦਿਵਸ ਮੌਕੇ ਰਾਸ਼ਟਰੀ ਪੱਧਰ ਉੱਤੇ ਦਿੱਤਾ ਜਾਂਦਾ ਹੈ।

ਭਾਰਤ ਸਰਕਾਰ ਦੇ ਇਸ ਫੈਸਲੇ ਦੇ ਸਨਮੁੱਖ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਨੇ ਸਾਲ 2015 ਦੇ ਮੁਕਾਬਲੇ ਸਾਲ 2020 ਵਿੱਚ ਜ਼ਿਲ੍ਹੇ ਵਿੱਚੋਂ 20 ਫੀਸਦੀ ਕੇਸ ਘਟਾਉਣ ਦੇ “ਉਪ ਕੌਮੀ ਪ੍ਰਮਾਣੀਕਰਨ” ਦਾਅਵੇ ਨਾਲ ਕਾਂਸੇ ਵਰਗ ਦੇ ਐਵਾਰਡ ਉੱਤੇ ਆਪਣਾ ਹੱਕ ਜਤਾਇਆ ਸੀ, ਜਿਸ ਦੀ ਜਾਂਚ ਕਰਨ ਲਈ ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.), ਭਾਰਤੀ ਸਮਾਜਿਕ ਮੈਡੀਸਨ ਅਤੇ ਰੋਕਥਾਮ ਐਸੋਸੀਏਸ਼ਨ (ਆਈ.ਏ.ਪੀ.ਐੱਸ.ਐੱਮ.) ਅਤੇ ਕੇਂਦਰ ਸਰਕਾਰ ਦੀ ਭਾਰਤੀ ਮੈਡੀਕਲ ਖੋਜ ਕੌਂਸਲ (ਆਈ.ਸੀ.ਐੱਮ.ਆਰ) ਦੀ ਸਾਂਝੀ ਟੀਮ ਸ਼ਹੀਦ ਭਗਤ ਸਿੰਘ ਨਗਰ ਵਿਚ ਪਹੁੰਚ ਚੁੱਕੀ ਹੈ।  

ਇਹ ਜਾਂਚ ਟੀਮ ਕਲੱਸਟਰ ਸੈਂਪਲੰਿਗ ਦੇ ਆਧਾਰ ਉੱਤੇ ਜ਼ਿਲ੍ਹੇ ਦੇ ਵੱਖ-ਵੱਖ ਸਿਹਤ ਬਲਾਕਾਂ ਬਲਾਚੌਰ, ਮੁਜੱਫਰਪੁਰ, ਮੁਕੰਦਪੁਰ, ਸੁੱਜੋਂ ਅਤੇ ਸੜੋਆ ਦੇ ਇੱਕ-ਇੱਕ ਪਿੰਡ ਵਿੱਚ ਟੀਬੀ ਦੀ ਬਿਮਾਰੀ ਦੀ ਸਥਿਤੀ ਜਾਨਣ ਲਈ ਸਰਵੇ ਕਰਵਾ ਰਹੀ ਹੈ।ਹਰ ਟੀਮ ਵਿਚ ਦੋ-ਦੋ ਮੈਂਬਰ ਸ਼ਾਮਲ ਹੋਣਗੇ।ਇਨ੍ਹਾਂ ਟੀਮਾਂ ਨੂੰ 30 ਮਰੀਜ਼ ਲੱਭਣ ਦਾ ਟੀਚਾ ਦਿੱਤਾ ਗਿਆ ਹੈ। ਜਦੋਂ ਇਕ ਵਾਰ ਟੀਬੀ ਦੇ 30 ਮਰੀਜ਼ ਮਿਲ ਗਏ ਤਾਂ ਇਹ ਸਰਵੇ ਬੰਦ ਕਰ ਦਿੱਤਾ ਜਾਵੇਗਾ। ਇਹ ਸਰਵੇ 2-3 ਹਫਤਿਆਂ ਦੇ ਅੰਦਰ-ਅੰਦਰ ਮੁਕੰਮਲ ਕੀਤਾ ਜਾਣਾ ਹੈ। ਜੇਕਰ ਇਨ੍ਹਾਂ ਪੰਜ ਪਿੰਡਾਂ ਵਿਚ ਕੁੱਲ 30 ਮਰੀਜ਼ ਨਹੀਂ ਮਿਲਦੇ ਤਾਂ ਸਰਵੇ ਨਾਲ ਲੱਗਦੇ ਪਿੰਡ ਵਿਚ ਜਾਰੀ ਰੱਖਿਆ ਜਾਵੇਗਾ। ਰਾਸ਼ਟਰੀ ਟੀ.ਬੀ. ਖਾਤਮਾ ਪ੍ਰੋਗਰਾਮ ਅਧੀਨ ਕੰਮ ਕਰਦੇ ਟੀਮ ਮੈਂਬਰ ਵਿਕਾਸ ਅਗਰਵਾਲ, ਮੋਨਿਕਾ, ਅਰੁਣ, ਰਵੀ, ਗੁਰਪ੍ਰੀਤ ਸਿੰਘ ਅਤੇ ਨਵੀਨ ਸਮੇਤ ਸਬੰਧਤ ਪਿੰਡਾਂ ਦੀਆਂ ਆਸ਼ਾ ਵਰਕਰਾਂ ਨੂੰ ਪੰਜ ਪਿੰਡਾਂ ਵਿੱਚ ਸਰਵੇ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਸਬੰਧੀ ਟੀਮ ਮੈਂਬਰਾਂ ਨੂੰ ਟ੍ਰੇਨਿੰਗ ਵੀ ਦੇ ਦਿੱਤੀ ਗਈ ਹੈ।

ਇਸ ਟੀਮ ਵਿਚ ਜ਼ੋਨਲ ਹੈੱਡ, ਪੰਜਾਬ ਡਾ. ਸਾਰਿਤ ਸ਼ਰਮਾ ਅਤੇ ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.) ਦੇ ਕੰਸਲਟੈਂਟ ਡਾ. ਪੂਜਾ, ਡਾ. ਸਵਾਤੀ ਅਤੇ ਡਾ. ਅਨੁਜ ਸ਼ਾਮਲ ਸਨ। ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਟੀਬੀ ਅਫਸਰ ਡਾ. ਸਿਮਲ ਵੀ ਮੌਜੂਦ ਸਨ।

ਇਸ ਸਬੰਧ ਵਿਚ ਪੂਰੇ ਜ਼ਿਲ੍ਹੇ ਦਾ ਦੌਰਾ ਕਰਕੇ ਜਾਂਚ ਟੀਮ ਜ਼ਮੀਨੀ ਆਧਾਰ ਉੱਤੇ ਟੀਬੀ ਖਾਤਮੇ ਨੂੰ ਲੈ ਕੇ ਕੀਤੇ ਗਏ ਕੰਮਾਂ ਦੀ ਪੜਤਾਲ ਕਰੇਗੀ। ਇਸ ਸਰਵੇ ਤੋਂ ਇਲਾਵਾ ਇਹ ਜਾਂਚ ਟੀਮ ਕਈ ਹੋਰ ਪੈਮਾਨਿਆਂ ਦੀ ਵੀ ਬਾਰੀਕੀ ਨਾਲ ਘੋਖ ਕਰੇਗੀ, ਜਿਸ ਵਿਚ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ, ਪ੍ਰਾਈਵੇਟ ਪ੍ਰੈਕਟਿਸ਼ਨਰਾਂ, ਡਰੱਗ ਇੰਸਪੈਕਟਰਾਂ ਅਤੇ ਕੈਮਿਸਟਾਂ ਨਾਲ ਵਿਚਾਰ-ਚਰਚਾਵਾਂ, 2015 ਤੋਂ 2020 ਤੱਕ ਦੇ ਟੀਬੀ ਮਰੀਜ਼ਾਂ ਦੇ ਰਿਕਾਰਡ ਦੀ ਜਾਂਚ ਕਰਨ, ਸ਼ਹਿਰ ਵਿਚ ਟੀਬੀ ਦੀ ਦਵਾਈ ਦੀ ਖਪਤ, ਨੋਟੀਫਾਈਡ ਮਰੀਜ਼ਾਂ ਦੀ ਗਿਣਤੀ ਅਤੇ ਸਫਲ ਇਲਾਜ ਦਰ ਆਦਿ ਸੂਚਕਾਂ ਦਾ ਮਲਾਂਕਣ ਸ਼ਾਮਲ ਹੈ। ਇਨ੍ਹਾਂ ਦੇ ਆਧਾਰ ਉੱਤੇ ਹੀ ਉਪ ਕੌਮੀ ਪ੍ਰਮਾਣੀਕਰਨ ਪ੍ਰਦਾਨ ਕੀਤਾ ਜਾਵੇਗਾ। ਜੇਕਰ ਜ਼ਿਲ੍ਹੇ ਦੇ ਸਿਹਤ ਵਿਭਾਗ ਦਾ ਸਾਲ 2015 ਦੇ ਮੁਕਾਬਲੇ ਸਾਲ 2020 ਵਿਚ ਟੀ.ਬੀ. ਦੇ 20 ਫੀਸਦੀ ਕੇਸ ਘਟਾਉਣ ਦਾ ਦਾਅਵਾ ਸਹੀ ਪਾਇਆ ਗਿਆ ਤਾਂ ਜ਼ਿਲ੍ਹੇ ਨੂੰ ਵਿਸ਼ਵ ਟੀਬੀ ਦਿਵਸ ਮੌਕੇ ਰਾਸ਼ਟਰੀ ਪੱਧਰ ਉੱਤੇ ਸਨਮਾਨ ਨਾਲ ਨਵਾਜਿਆ ਜਾਵੇਗਾ।

ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ (ਐੱਨ.ਟੀ.ਈ.ਪੀ.) ਤਹਿਤ ਦੇਸ਼ ਵਿਚੋਂ ਟੀਬੀ ਦੀ ਬਿਮਾਰੀ ਨੂੰ ਸਾਲ 2025 ਵਿਚ ਖਤਮ ਕਰਨ ਦਾ ਟੀਚਾ ਮਿਿਥਆ ਹੋਇਆ ਹੈ। ਭਾਰਤ ਵਿਚ ਅੰਦਾਜ਼ਨ 26 ਲੱਖ ਤੋਂ ਵੱਧ ਟੀਬੀ ਦੇ ਸਰਗਰਮ ਮਰੀਜ਼ ਹਨ, ਜਿਨ੍ਹਾਂ ਵਿਚੋਂ ਹਰ ਸਾਲ ਪੰਜ ਲੱਖ ਟੀਬੀ ਰੋਗੀਆਂ ਦੀ ਮੌਤ ਹੋ ਜਾਂਦੀ ਹੈ। ਤਪਦਿਕ (ਟੀਬੀ) ਛੂਤ ਦੀ ਬਿਮਾਰੀ ਹੈ ਜੋ ਖੰਘਣ, ਛਿੱਕਣ ਤੇ ਹਵਾ ਰਾਹੀਂ ਇਕ ਤੋਂ ਦੂਜੇ ਵਿਅਕਤੀ ਵਿਚ ਬੜੀ ਤੇਜ਼ੀ ਨਾਲੀ ਫੈਲਦੀ ਹੈ। ਜੇ ਦੋ ਹਫਤਿਆਂ ਤੋਂ ਜ਼ਿਆਦਾ ਲੰਮੀ ਖੰਘ ਹੈ ਤਾਂ ਜਾਂਚ ਕਰਵਾਉਣੀ ਚਾਹੀਦੀ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਦਵਿੰਦਰ ਢਾਂਡਾ, ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪਿੰਦਰ ਕਟਾਰੀਆ, ਬਲਾਕ ਐਕਸਟੈਨਸ਼ਨ ਐਜੂਕੇਟਰ ਵਿਕਾਸ ਵਿਰਦੀ, ਤਰਸੇਮ ਲਾਲ, ਸਿਵਲ ਸਰਜਨ ਦੇ ਪੀਏ ਅਜੇ ਕੁਮਾਰ ਹਾਜ਼ਰ ਸਨ।

Read more