14 Jun 2021
Punjabi Hindi

ਪਿੰਡ ਬੀਸਲਾ ਦੇ 298 ਘਰਾਂ ਨੂੰ ਮਿਲਿਆ ਪੀਣ ਵਾਲਾ ਸਾਫ਼-ਸੁਥਰਾ ਪਾਣੀ

ਨਵਾਂਸ਼ਹਿਰ, 7 ਫਰਵਰੀ :
ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਚਲਾਏ ਗਏ ‘ਹਰ ਘਰ ਪਾਣੀ, ਹਰ ਘਰ ਸਫ਼ਾਈ ਮਿਸ਼ਨ’ ਤਹਿਤ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੀਸਲਾ ਦੇ 298 ਘਰਾਂ ਦੇ 1296 ਪਿੰਡ ਵਾਸੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ 42.53 ਲੱਖ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਤਹਿਤ ਇਥੇ 200 ਮੀਟਰ ਡੂੰਘੇ ਬੋਰ ਅਤੇ 50 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਪਾਣੀ ਦੀ ਟੈਂਕੀ ਰਾਹੀਂ ਘਰਾਂ ਵਿਚ ਵਾਟਰ ਕੁਨੈਕਸ਼ਨ ਲਗਾਏ ਗਏ ਹਨ, ਜਿਸ ਨਾਲ ਸਮੂਹ ਪਿੰਡ ਵਾਸੀਆਂ ਨੂੰ ਨਿਰਵਿਘਨ ਅਤੇ ਸਵੱਛ ਪੀਣ ਵਾਲੇ ਪਾਣੀ ਦੀ ਸਪਲਾਈ ਦੀ ਸਹੂਲਤ ਮਿਲੀ ਹੈ। ਉਨਾਂ ਕਿਹਾ ਕਿ ਇਸ ਮਿਸ਼ਨ ਦਾ ਮੰਤਵ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣਾ ਅਤੇ ਆਲੇ-ਦੁਆਲੇ ਨੂੰ ਸਵੱਛ ਬਣਾਉਣਾ ਹੈ। ਉਨਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ, ਸੂਬੇ ਦੇ ਉਨਾਂ ਤਿੰਨ ਜ਼ਿਲਿਆਂ ਵਿਚ ਸ਼ਾਮਲ ਹੈ, ਜਿਥੇ 100 ਫੀਸਦੀ ਪੇਂਡੂ ਪਰਿਵਾਰਾਂ ਨੂੰ ਪਾਈਪ ਰਾਹੀਂ ਸਾਫ਼ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜ਼ਿਲੇ ਨੂੰ 100 ਫੀਸਦੀ ‘ਐਫ. ਐਚ. ਟੀ. ਸੀ’ ਐਲਾਨਿਆ ਗਿਆ ਹੈ ਅਤੇ ਇਥੇ ਪੈਂਦੀਆਂ ਸਾਰੀਆਂ 485 ਰੂਰਲ ਹੇਬੀਟੇਸ਼ਨਾਂ ਨੂੰ ‘ਫੁਲੀ ਹਾਊਸਹੋਲਡ ਟੈਪ ਕੁਨੈਕਸ਼ਨ’ ਰਾਹੀਂ ਜਲ ਸਪਲਾਈ ਦਿੱਤੀ ਜਾ ਰਹੀ ਹੈ। ਉਨਾਂ ਸਮੂਹ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ, ਤਾਂ ਜੋ ਅਸੀਂ ਸਾਰੇ ਤੰਦਰੁਸਤ ਰਹਿ ਸਕੀਏ। ਉਨਾਂ ਕਿਹਾ ਕਿ ਪਾਣੀ ਦਾ ਜ਼ਿੰਦਗੀ ਵਿਚ ਅਹਿਮ ਰੋਲ ਹੈ ਅਤੇ ਸਾਫ਼-ਸੁਥਰੇ ਪਾਣੀ ਨਾਲ ਅਸੀਂ ਬਿਮਾਰੀਆਂ ਤੋਂ ਬਚ ਸਕਦੇ ਹਾਂ। 
Spread the love

Read more

© Copyright 2021, Punjabupdate.com