ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਬੋਹਰ ਵਿਖੇ 202.64 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ
ਸਮੂਹ ਵਿਭਾਗੀ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੀ ਆਮਦ `ਤੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀ ਹਦਾਇਤ
ਅਬੋਹਰ (ਫਾਜ਼ਿਲਕਾ), 10 ਜਨਵਰੀ
ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 202.64 ਕਰੋੜ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਲਈ 12 ਜਨਵਰੀ 2021 ਨੂੰ ਅਬੋਹਰ ਵਿਖੇ ਪਹੁੰਚ ਰਹੇ ਹਨ।ਉਨ੍ਹਾਂ ਸਮੂਹ ਵਿਭਾਗੀ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੀ ਆਮਦ `ਤੇ ਪ੍ਰਬੰਧ ਸਮੇਂ ਸਿਰ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਪ੍ਰੋਜੈਕਟਾਂ ਦੇ ਵੇਰਵੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਬੋਹਰ ਸ਼ਹਿਰ ਵਿਖੇ ਮਲੋਟ ਚੋਂਕ ਤੋਂ ਹਨੁਮਾਨਗੜ੍ਹ ਰੋੜ ਅਤੇ ਮਲੋਟ ਚੌਂਕ ਤੋਂ ਸੀਤੋਗੁਨੋ ਨੂੰ ਜਾਣ ਵਾਲੀ ਸੜਕ ਨੂੰ ਅਪਗੇਡ੍ਰ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਸੜਕ ਦੀ ਅਪਗ੍ਰੇਡ ਹੋਣ ਨਾਲ ਸ਼ਹਿਰ ਵਾਸੀਆਂ ਲਈ ਆਵਾਜਾਈ ਹੋਰ ਸੁਖਾਲੀ ਹੋਵੇਗੀ। ਇਸ ਤੋਂ ਇਲਾਵਾ ਅਬੋਹਰ ਸ਼ਹਿਰ ਵਿਖੇ ਨਵਾਂ ਸਰਕਾਰੀ ਡਿਗਰੀ ਕਾਲਜ ਬਣਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਪੜ੍ਹਾਈ ਵਿਚ ਇਸ ਨਾਲ ਹੋਰ ਸਹਾਇਤਾ ਪ੍ਰਾਪਤ ਹੋਵੇਗੀ ਅਤੇ ਪ੍ਰਾਇਵੇਟ ਕਾਲਜ ਵਿਚ ਵਾਧੂ ਖਰਚਾ ਭਰਨ ਦੀ ਬਜਾਏ ਸਰਕਾਰੀ ਕਾਲਜ ਵਿਚ ਪੜ੍ਹਾਈ ਜਾਰੀ ਰੱਖ ਸਕਣਗੇ।
ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਮਿਊਨੀਸਿਪਲ ਕਮਿਸ਼ਨਰ ਅਬੋਹਰ ਸ੍ਰੀ ਅਭਿਜੀਤ ਕਪਲਿਸ਼ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਤੌਰ `ਤੇ ਅਬੋਹਰ ਅਧੀਨ ਪੈਂਦੇ ਪਿੰਡ ਸੱਪਾਂ ਵਾਲੀ ਵਿਖੇ ਲਗਭਗ 62 ਕਰੋੜ ਦੀ ਲਾਗਤ ਨਾਲ ਬਣੇ ਮਲਟੀ ਸਪੈਸ਼ਲਟੀ ਵੈਟਰਨਰੀ ਹਸਪਤਾਲ ਅਤੇ ਖੇਤਰੀ ਖੋਜ਼ ਕੇਂਦਰ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪਹਿਲਾਂ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂ ਦਾ ਇਲਾਜ ਕਰਵਾਉਣ ਲਈ ਗੁੜਵਾਸੂ ਯੂਨੀਵਰਸਿਟੀ, ਲੁਧਿਆਣਾ ਵਿਖੇ ਜਾਣਾ ਪੈਂਦਾ ਸੀ ਜਿਸ ਨਾਲ ਪਸ਼ੂ ਪਾਲਕਾਂ ਦੇ ਆਉਣ-ਜਾਣ `ਤੇ ਵਾਧੂ ਖਰਚ ਦਾ ਬੋਝ ਪੈਂਦਾ ਸੀ, ਹੁਣ ਹਸਪਤਾਲ ਬਣਨ ਨਾਲ ਇਥੇ ਹੀ ਪਸ਼ੂ ਪਾਲਕ ਆਪਣੇ ਪਸ਼ੂ ਦਾ ਇਲਾਜ ਕਰਵਾ ਸਕਣਗੇ ਜਿਸ ਨਾਲ ਨੇੜਨੇ ਇਲਾਕੇ ਦੇ ਪਸ਼ੂ ਪਾਲਕਾਂ ਨੂੰ ਕਾਫੀ ਸਹਾਇਤਾ ਪ੍ਰਦਾਨ ਹੋਵੇਗੀ।ਉਨ੍ਹਾਂ ਕਿਹਾ ਕਿ ਖੇਤਰੀ ਖੋਜ਼ ਕੇਂਦਰ ਵਿਖੇ ਕਿਸਾਨਾਂ ਨੂੰ ਪਸ਼ੂ ਪਾਲਣ, ਮੱਛੀ ਪਾਲਣ, ਬਕਰੀ ਪਾਲਣ ਤੇ ਡੇਅਰੀ ਦਾ ਧੰਦਾ ਕਰਨ ਸਬੰਧੀ ਸਿਖਲਾਈ ਦਿੱਤੀ ਜਾਵੇਗੀ।
ਉਨਾਂ ਨੇ ਦੱਸਿਆ ਕਿ ਅਬੋਹਰ ਵਿਚ ਐਸ.ਡੀ.ਐਮ. ਅਤੇ ਹੋੋਰ ਵਿਭਾਗਾਂ ਦੇ ਦਫ਼ਤਰਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਜਿਸ ਤੇ 3.5 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸੇ ਤਰਾਂ 80 ਲੱਖ ਰੁਪਏ ਦੀ ਲਾਗਤ ਨਾਲ ਇੰਦਰਾ ਨਗਰੀ ਵਿਚ ਅਰਬਨ ਪ੍ਰਾਈਮਰੀ ਹੈਲਥ ਸੈਂਟਰ ਦਾ ਨਿਰਮਾਣ ਕਾਰਜ ਦਾ ਨੀਂਹ ਪੱਥਰ ਵੀ ਮੁੱਖ ਮੰਤਰੀ ਵੱਲੋਂ ਰੱਖਿਆ ਜਾਵੇਗਾ।ਇਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਪ੍ਰੋਜੈਕਟਰਾਂ ਦਾ ਉਦਘਾਟਨ ਕੀਤਾ ਜਾਵੇਗਾ।