ਸੀ.ਬੀ.ਐਸ.ਈ. ਫ਼ੀਸਾਂ ‘ਚ ਕੀਤਾ ਭਾਰੀ ਵਾਧਾ ਤੁਰੰਤ ਵਾਪਸ ਲਵੇ ਮੋਦੀ ਸਰਕਾਰ-‘ਆਪ’

ਚੰਡੀਗੜ੍ਹ, 18 ਅਗਸਤ 2019″   ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੈਂਟਰ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਵੱਲੋਂ ਦਸਵੀਂ ਅਤੇ ਬਾਰ੍ਹਵੀਂ ਦੀਆਂ ਫ਼ੀਸਾਂ ‘ਚ ਕੀਤੇ ਬੇਤਹਾਸ਼ਾ ਵਾਧੇ ਦੀ ਸਖ਼ਤ ਆਲੋਚਨਾ ਕਰਦੇ ਹੋਏ ਇਸ ਫ਼ੀਸ ਵਾਧੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। 

    ਪਾਰਟੀ ਹੈੱਡਕੁਆਟਰ ਤੋਂ ਜਾਰੀ ਸਾਂਝੇ ਬਿਆਨ ਰਾਹੀਂ ਪਾਰਟੀ ਦੀ ਸੂਬਾ ਕਮੇਟੀ ਦੇ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਜੈ ਕਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ) ਨੇ ਕੇਂਦਰੀ ਦੀ ਮੋੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਲੋਕ ਵਿਰੋਧੀ ਕਰਾਰ ਦਿੱਤਾ। ‘ਆਪ’ ਆਗੂਆਂ ਨੇ ਕਿਹਾ ਕਿ ਦੋ ਗੁਣਾ ਤੋਂ ਲੈ ਕੇ 24 ਗੁਣਾ ਤੱਕ ਦੇ ਫ਼ੀਸ ਵਾਧੇ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਗ਼ਰੀਬਾਂ, ਦਲਿਤਾਂ ਅਤੇ ਆਮ ਲੋਕਾਂ ਦੇ ਬੱਚਿਆਂ ਪ੍ਰਤੀ ਬੇਰੁਖ਼ੀ ਨੰਗੀ ਕੀਤੀ ਹੈ। 

    ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਆਮ ਲੋਕਾਂ ਅਤੇ ਗ਼ਰੀਬਾਂ ਦੇ ਬੱਚੇ ਨਾ ਕਾਂਗਰਸ ਦੇ ਏਜੰਡੇ ‘ਤੇ ਹਨ ਅਤੇ ਨਾ ਹੀ ਅਕਾਲੀ-ਭਾਜਪਾ ਦੇ ਏਜੰਡੇ ‘ਤੇ ਹਨ। ਫ਼ੀਸਾਂ ‘ਚ ਅੰਨ੍ਹੇਵਾਹ ਵਾਧਾ ਗ਼ਰੀਬਾਂ ਅਤੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਈ ਦੇ ਖੇਤਰ ‘ਚ ਬਰਾਬਰੀ ਦੇ ਮੌਕਿਆਂ ਤੋਂ ਵਾਂਝਾ ਰੱਖਣਾ ਹੈ। ‘ਆਪ’ ਇਸ ਤਰਾਂ ਦੀ ਖੋਟੀ ਨੀਅਤ ਅਤੇ ਮਾਰੂ ਸਿੱਖਿਆ ਨੀਤੀ ਦਾ ਸਖ਼ਤ ਵਿਰੋਧ ਕਰਦੀ ਹੈ। 

    ਪ੍ਰੋ. ਸਾਧੂ ਸਿੰਘ ਅਤੇ ਬੀਬੀ ਮਾਣੂੰਕੇ ਨੇ ਕਿਹਾ ਕਿ ਸਰਕਾਰਾਂ ਦੇ ਇਸ ਤਰਾਂ ਦੇ ਵਿਰੋਧੀ ਫ਼ੈਸਲੇ ਭਾਰਤੀ ਸੰਵਿਧਾਨ ‘ਚ ਦਰਜ ਸਿੱਖਿਆ ਦੇ ਬੁਨਿਆਦੀ ਹੱਕ ਸੰਬੰਧੀ ਤਰਮੀਮਾਂ ਦੇ ਵਿਰੁੱਧ ਜਾਂਦੇ ਹਨ, ਸਗੋਂ ਸਿੱਖਿਆ ਦੇ ਅਧਿਕਾਰ (ਆਰਟੀਆਈ) ਐਕਟ ਦੀ ਵੀ ਉਲੰਘਣਾ ਕਰਦੇ ਹਨ, ਕਿਉਂਕਿ ਸਰਕਾਰਾਂ ਸਿੱਖਿਆ ਪ੍ਰਦਾਨ ਕਰਨ ਲਈ ਆਪਣੀਆਂ ਵਿੱਤੀ ਜ਼ਿੰਮੇਵਾਰੀਆਂ ਨੂੰ ਲੋਕਾਂ ਦੀਆਂ ਜੇਬਾਂ ‘ਤੇ ਨਹੀਂ ਸੁੱਟ ਸਕਦੀਆਂ। 

    ਪ੍ਰੋ. ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਦਾ ਆਮ ਪਰਿਵਾਰਾਂ ਦੇ ਬੱਚਿਆਂ ‘ਤੇ ਬੇਹੱਦ ਬੁਰਾ ਅਸਰ ਪਵੇਗਾ, ਕਿਉਂਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਅੱਜ ਦਲਿਤਾਂ-ਕਿਸਾਨਾਂ ਸਮੇਤ ਹਰੇਕ ਵਪਾਰੀ-ਕਾਰੋਬਾਰੀ ਵੀ ਕਰਜ਼ ਦੇ ਬੋਝ ਥੱਲੇ ਹੈ। ਐਸਸੀ ਵਿੰਗ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਅਤੇ ਸਹਿ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਐਸਸੀ/ਐਸਟੀ ਵਰਗਾਂ ਨਾਲ ਸੰਬੰਧਿਤ ਵਿਦਿਆਰਥੀਆਂ ਦੀ ਦਸਵੀਂ ਅਤੇ ਬਾਰ੍ਹਵੀਂ ਦੀ ਪ੍ਰੀਖਿਆ ਫ਼ੀਸ 20 ਰੁਪਏ ਤੋਂ ਵਧਾ ਕੇ ਸਿੱਧਾ 1200 ਰੁਪਏ ਕਰਨਾ ਮੋਦੀ ਸਰਕਾਰ ਦੀ ਦਲਿਤ ਅਤੇ ਗ਼ਰੀਬ ਵਿਰੋਧੀ ਸੋਚ ਦੀ ਪੋਲ ਖੋਲ੍ਹਦੀ ਹੈ। ‘ਆਪ’ ਵਿਧਾਇਕਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਜਦ ਮੋਦੀ ਸਰਕਾਰ ਆਪਣੀਆਂ ਲੋਕ ਹਿਤੈਸ਼ੀ ਜ਼ਿੰਮੇਵਾਰੀਆਂ ਤੋਂ ਭੱਜ ਕੇ ਅਜਿਹੇ ਲੋਕ ਵਿਰੋਧੀ ਫ਼ੈਸਲੇ ਲੈ ਰਹੀ ਹੁੰਦੀ ਹੈ ਤਾਂ ਬੀਬਾ ਬਾਦਲ ਕਿੱਥੇ ਗਿੱਧਾ ਪਾ ਰਹੇ ਹੁੰਦੇ ਹਨ?

    ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਮੋਦੀ ਸਰਕਾਰ ਸੀਬੀਐਸਈ ਦਾ ਸਾਲਾਨਾ 100 ਕਰੋੜ ਦਾ ਘਾਟਾ ਜਨਰਲ ਵਰਗ ਤੋਂ 750 ਰੁਪਏ ਦੀ ਥਾਂ 1500 ਰੁਪਏ ਅਤੇ ਐਸਸੀ/ਐਸਟੀ ਵਰਗ ਦੇ ਵਿਦਿਆਰਥੀਆਂ ਤੋਂ 20 ਰੁਪਏ ਦੀ ਥਾਂ 1200 ਰੁਪਏ ਵਸੂਲ ਕੇ ਪੂਰਾ ਨਾ ਕਰੇ ਸਗੋਂ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਸਿੱਖਿਆ ਨੀਤੀ ਤੋਂ ਸੇਧ ਲੈ ਕੇ ਆਪਣੇ ਸਾਲਾਨਾ ਬਜਟ ‘ਚ ਸਿੱਖਿਆ ਦੇ ਖੇਤਰ ਦਾ ਹਿੱਸਾ ਵਧਾਵੇ। 

    ‘ਆਪ’ ਆਗੂਆਂ ਨੇ ਫ਼ੀਸ ਵਾਧੇ ਵਿਰੁੱਧ ਮਾਪਿਆਂ ਦੀ ਆਲ ਇੰਡੀਆ ਕਮੇਟੀ ਵੱਲੋਂ ਵਿੱਢੇ ਜਾ ਰਹੇ ਸੰਘਰਸ਼ ਦਾ ਵੀ ਸਮਰਥਨ ਕੀਤਾ। 

Read more