05 December 2020 05:37 pm

ਕੈਪਟਨ ਸਰਕਾਰ ਰਾਜ ਦੇ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਹਿਤ 201 ਕਰੋੜ ਰੁਪਏ ਖ਼ਰਚ ਕਰ ਰਹੀ ਹੈ-ਧਰਮਸੋਤ

- Posted on 21 November 2020

ਪਟਿਆਲਾ, 21 ਨਵੰਬਰ:

ਪੰਜਾਬ ਸਰਕਾਰ ਵੱਲੋਂ ਸੂਬਾ ਨਿਵਾਸੀਆਂ ਦੀ ਚੰਗੀ ਤੇ ਨਰੋਈ ਸਿਹਤ ਲਈ ਰਾਜ ਭਰ ‘ਚ ਸਬ ਸੈਂਟਰਾਂ ਨੂੰ ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਵਿੱਚ ਤਬਦੀਲ ਕੀਤੇ ਜਾਣ ਦੀ ਮੁਹਿੰਮ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ‘ਚ ਅੱਜ ਸ਼ੁਰੂ ਕੀਤੇ ਗਏ ਅਜਿਹੇ 107 ਕੇਂਦਰਾਂ ਵਿੱਚੋਂ ਪਟਿਆਲਾ ਜ਼ਿਲ੍ਹੇ ‘ਚ ਵੀ 20 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ।

ਵੀਡੀਓ ਕਾਨਫਰੰਸਿੰਗ ਰਾਹੀਂ ਰਾਜ ਭਰ ‘ਚ ਹੋਏ ਇਸ ਸਮਾਰੋਹ ਤਹਿਤ ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਪਟਿਆਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨੀਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀ ਮੁਢਲੀ ਤਰਜੀਹ ਹੈ, ਜਿਸ ਲਈ ਕੈਪਟਨ ਸਰਕਾਰ ਸਿਹਤ ਖੇਤਰ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਹਿਤ 201 ਕਰੋੜ ਰੁਪਏ ਖ਼ਰਚ ਕਰ ਰਹੀ ਹੈ।

ਸ. ਧਰਮਸੋਤ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਇਨ੍ਹਾਂ ਤੰਦਰੁਸਤ ਪੰਜਾਬ ਸਿਹਤ (ਹੈਲਥ ਐਂਡ ਵੈੱਲਨੈੱਸ) ਕੇਂਦਰਾਂ ਨੂੰ ਸੂਬੇ ਦੇ ਮੁਢਲੇ ਸਿਹਤ ਸੈਕਟਰ ਨੂੰ ਮਜ਼ਬੂਤ ਕਰਨ ਵੱਲ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੇ ਸੰਕਟ ਸਮੇਂ ਅਜਿਹੇ ਕੇਂਦਰਾਂ ਦੀ ਸ਼ੁਰੂਆਤ ਕਰਨ ਦੀ ਪਹਿਲਕਦਮੀ ਦਿਹਾਤੀ ਖੇਤਰਾਂ ‘ਚ ਸਿਹਤ ਸੇਵਾਵਾਂ ਨੂੰ ਵੱਡਾ ਹੁੰਗਾਰਾ ਦੇਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੈਂਟਰਾਂ ਦੀ ਸ਼ੁਰੂਆਤ ਨਾਲ ਰਾਜ ਦੇ ਸੈਕੰਡਰੀ ਤੇ ਟਰਸ਼ਰੀ ਸਿਹਤ ਕੇਂਦਰਾਂ ‘ਤੇ ਦਬਾਅ ਘਟੇਗਾ, ਕਿਉਂ ਜੋ ਲੋਕਾਂ ਦੀ ਵੱਡੀਆਂ ਬਿਮਾਰੀਆਂ ਦੀ ਸਕਰੀਨਿੰਗ ਤੇ ਉਨ੍ਹਾਂ ਦਾ ਇਲਾਜ ਮੁਢਲੇ ਪੱਧਰ ‘ਤੇ ਹੋ ਜਾਇਆ ਕਰੇਗਾ।

ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ‘ਚ ਕਮਿਉਨਿਟੀ ਹੈਲਥ ਅਫ਼ਸਰ ਤਾਇਨਾਤ ਕੀਤੇ ਜਾਣਗੇ ਤੇ ਇੱਥੇ ਗਰਭਵਤੀ ਮਹਿਲਾਵਾਂ, ਨਵਜਾਤਾਂ, ਬੱਚਿਆਂ, ਬਜੁਰਗਾਂ ਦੀ ਸਿਹਤ ਜਾਂਚ ਤੇ ਇਲਾਜ, ਪਰਿਵਾਰ ਨਿਯੋਜਨ, ਸੰਚਾਰੀ, ਆਮ ਸੰਚਾਰੀ ਰੋਗਾਂ ਤੇ ਗ਼ੈਰ ਸੰਚਾਰੀ ਰੋਗਾਂ, ਦੰਦਾਂ, ਅੱਖਾਂ, ਨੱਕ, ਕੰਨ, ਗਲੇ ਸਮੇਤ ਮਾਨਸਿਕ ਰੋਗਾਂ ਦੀ ਜਾਂਚ, ਬਚਾਓ, ਪ੍ਰਬੰਧਨ ਅਤੇ ਐਮਰਜੈਂਸੀ ਸੇਵਾਵਾਂ ਵੀ ਮੁਫ਼ਤ ਉਪਲਬੱਧ ਹੋਣਗੀਆਂ।

ਕੈਬਨਿਟ ਮੰਤਰੀ ਨੇ ਲੋਕਾਂ ਨੂੰ ਕੋਵਿਡ-19 ਦੀ ਦੂਜੀ ਲਹਿਰ ਦੀ ਮਾਰ ਤੋਂ ਬਚਣ ਲਈ ਪੂਰੇ ਇਹਤਿਆਤ ਵਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਡਾਕਟਰਾਂ, ਨਰਸਿੰਗ ਸਟਾਫ਼ ਤੇ ਪੈਰਾ ਮੈਡੀਕਲ ਅਮਲੇ ਨੇ ਆਪਣੀ ਜਾਨ ਦੀ ਬਾਜੀ ਲਗਾ ਕੇ ਇੱਕ ਅਣਕਿਆਸੀ ਜੰਗ ਲੜੀ ਹੈ, ਜਿਸ ਕਰਕੇ ਅੱਜ ਪੰਜਾਬ ਦੂਜੇ ਰਾਜਾਂ ਲਈ ਇੱਕ ਉਦਾਹਰਣ ਬਣਕੇ ਸਾਹਮਣੇ ਆਇਆ ਹੈ, ਜਿੱਥੇ ਕੋਵਿਡ ਤੋਂ ਠੀਕ ਹੋਣ ਵਾਲਿਆਂ ਦੀ ਦਰ 93 ਫੀਸਦੀ ਤੋਂ ਵਧੇਰੇ ਹੈ।

ਪੱਤਰਕਾਰਾਂ ਵੱਲੋਂ ਅਕਾਲੀ ਦਲ ਵੱਲੋਂ ਰੈਲੀਆਂ ਕਰਨ ਸਬੰਧੀਂ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਸ. ਧਰਮਸੋਤ ਨੇ ਕਿਹਾ ਕਿ ਆਪਣੀ ਸਰਕਾਰ ਸਮੇਂ ਪੰਜਾਬ ਨੂੰ 10 ਸਾਲ ਲੁੱਟਣ, ਕੁੱਟਣ ਅਤੇ ਪਿੱਛੇ ਧੱਕਣ ਵਾਲੇ ਅਕਾਲੀ ਦਲ ਤੋਂ ਪੰਜਾਬ ਨੂੰ ਪਹਿਲਾਂ ਮਸਾਂ ਬਚਾਇਆ ਗਿਆ ਹੈ ਜਿਸ ਕਰਕੇ ਲੋਕ ਹੁਣ ਇਨ੍ਹਾਂ ਉਪਰ ਵਿਸ਼ਵਾਸ਼ ਨਹੀਂ ਕਰਨਗੇ।

ਇਸ ਦੌਰਾਨ ਸਰਕਾਰੀ ਮੈਡੀਕਲ ਕਾਲਜ ਦੀ ਵੀ.ਆਰ.ਡੀ.ਐਲ ਲੈਬ ਦੇ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਰੁਪਿੰਦਰ ਬਖ਼ਸ਼ੀ ਅਤੇ ਵਾਇਸ ਪ੍ਰਿੰਸੀਪਲ ਡਾ. ਆਰ.ਪੀ.ਐਸ. ਸਿਬੀਆ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਟਿਆਲਾ ਵਿਖੇ ਕੋਵਿਡ ਤੋਂ ਬਚਾਅ ਲਈ ਕੀਤੇ ਗਏ ਪ੍ਰਬੰਧਾਂ ਤੋਂ ਜਾਣੂ ਕਰਵਾਇਆ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ‘ਚ 44 ਅਜਿਹੇ ਸੈਂਟਰ ਬਣੇ ਹਨ ਅੱਜ ਲੌਟ, ਬਖ਼ਸ਼ੀਵਾਲਾ, ਖੇੜੀ ਮਾਨੀਆ, ਨੰਦਪੁਰ ਕੇਸ਼ੋ, ਫੱਗਣਮਾਜਰਾ, ਰੱਖੜਾ, ਮਹਿਤਾਬਗੜ੍ਹ, ਭਸਮੜਾ, ਫ਼ਤਿਪੁਰ ਰਾਜਪੂਤਾਂ, ਅਲਾਣਾ, ਸੇਹਰਾ, ਉਕਸੀ ਸੈਣੀਆਂ, ਪਸਿਆਣਾ, ਰਾਜਗੜ੍ਹ, ਸਫ਼ੇੜਾ, ਮਵੀ ਸੱਪਾਂ, ਪੰਜੋਲਾ, ਲਾਛੜੂ ਕਲਾਂ, ਜਲਾਲਪੁਰ ਅਤੇ ਗੰਡਾ ਖੇੜੀ ਵਿਖੇ ਅਜਿਹੇ ਹੈਲਥ ਐਂਡ ਵੈੱਲਨੈੱਸ ਸੈਂਟਰ ਬਣਾਏ ਗਏ ਹਨ।

ਸਮਾਰੋਹ ਦੌਰਾਨ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਜ਼ਿਲ੍ਹਾ ਯੋਜਨਾ ਕਮੇਟੀ ਚੇਅਰਮੈਨ ਸੰਤੋਖ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਪੰਜਾਬ ਲਾਰਜ ਸਕੇਲ ਇੰਡਸਟਰੀ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਯੂਥ ਕਾਂਗਰਸ ਪ੍ਰਧਾਨ ਸੰਜੀਵ ਸ਼ਰਮਾ ਤੇ ਅਨੁਜ ਖੋਸਲਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਡਾ. ਇਸਮਤ ਵਿਜੇ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜਨ ਸਿੰਗਲਾ, ਸਹਾਇਕ ਸਿਵਲ ਸਰਜਨ ਡਾ. ਪਰਵੀਨ ਪੁਰੀ ਆਦਿ ਵੀ ਮੌਜੂਦ ਸਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com