ਸਿਆਸੀ ਬਾਜ਼ੀ -ਜਦੋਂ ਕੈਪਟਨ ਨੇ ਨਾ ਮਾਰੀ ਵੱਡੇ ਬਾਦਲ ਨੂੰ ਫੋਕੀ ਸੁਲ੍ਹਾ : ਉਪ ਰਾਸ਼ਟਰਪਤੀ ਨਾਇਡੂ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਹੋਰਨਾਂ ਨੇ ਦਿੱਤਾ ਸਤਿਕਾਰ

-ਪ੍ਰੋਗਰਾਮ ਦੀ ਸਮਾਪਤੀ ਉਪਰੰਤ ਨਾਇਡੂ ਅਤੇ ਡਾ ਮਨਮੋਹਨ ਸਿੰਘ ਮਿਲੇ ਪ੍ਰਕਾਸ਼ ਸਿੰਘ ਬਾਦਲ ਨੂੰ


ਵਿਸ਼ੇਸ਼ ਸਾਈਡ ਸਟੋਰੀ

ਚੰਡੀਗੜ੍ਹ, 6 ਨਵੰਬਰ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪੰਜਾਬ ਵਿਧਾਨ ਸਭਾ ਅੰਦਰ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਮੌਕੇ ਕੈਪਟਨ ਸਰਕਾਰ ਵਲੋਂ ਜਿੱਥੇ ਅਕਾਲੀ ਦਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਥੇ ਹੀ ਸੂਬੇ ਦੇ ਪੰਜ ਵਾਰ ਮੁੱਖ ਮੰਤਰੀ ਅਤੇ 11 ਵਾਰ ਵਿਧਾਇਕ ਰਹਿ ਕੇ  ਚੁੱਕੇ ਦੇਸ਼ ਦੇ ਸਭ ਤੋਂ ਸੀਨੀਅਰ ਤੇ ਬਜ਼ੁਰਗ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਤੱਕ ਨਹੀਂ ਲਿਆ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਭਾਸ਼ਣ ਵਿਚ ਜਿੱਥੇ ਵੱਡੇ ਬਾਦਲ ਨੂੰ ਅਣਗੌਲਿਆ ਕੀਤਾ ਗਿਆ ਉਥੇ ਹੀ ਉਪ ਰਾਸ਼ਟਰਪਤੀ ਨਾਇਡੂ ਨੇ ਵੱਡੇ ਬਾਦਲ ਦਾ ਆਪਣਾ ਭਾਸ਼ਣ ਵਿਚ ਸਤਿਕਾਰ ਜ਼ਿਕਰ ਕੀਤਾ ।  

ਸਰਕਾਰ ਵਲੋਂ ਨਜ਼ਰਅੰਦਾਜ਼ ਕਰਨ ਦੇ ਬਾਵਜੂਦ ਗੁਰਪੁਰਬ ਸਬੰਧੀ ਵਿਸ਼ੇਸ਼ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਸਟੇਜ ਤੋਂ ਉਤਰ ਕੇ ਵਿਸ਼ੇਸ ਮਹਿਮਾਨ ਉਪ ਰਾਸ਼ਟਰਪਤੀ ਵੈਂਕੇਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪੰਜਾਬ ਤੇ ਹਰਿਆਣਾ ਦੋਵੇਂ ਸੂਬਿਆਂ ਦੇ ਰਾਜਪਾਲ ਸਤਿਕਾਰ ਵਜੋਂ ਵੱਡੇ ਬਾਦਲ ਨੂੰ ਮਿਲੇ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ। ਵਿਧਾਨ ਸਭਾ ਦੀ ‘ਵੈਲ’ ਵਿਚ ਕਾਫੀ ਸਮਾਂ ਉਪ ਰਾਸ਼ਟਰਪਤੀ ਸਮਾਗਮ ਦੀ ਸਮਾਪਤੀ ਮਗਰੋਂ ਬਾਦਲ ਕੋਲ ਖੜ੍ਹੇ ਗੱਲਬਾਤ ਕਰਦੇ ਵੇਖੇ ਗਏ। ਉਨ੍ਹਾਂ ਦੇ ਇਲਾਵਾ ਅਕਾਲੀ, ਕਾਂਗਰਸੀ ਤੇ ਆਪ ਵਿਧਾਇਕਾਂ ਦੀ ਵੱਡੇ ਬਾਦਲ ਨੂੰ ਸਤਿ ਸ੍ਰੀ ਅਕਾਲ ਬੁਲਾਉਂਦੇ ਤੇ ਗੋਡੀ ਹੱਥ ਲਾਉਂਦੇ ਵੇਖੇ ਗਏ। ਇਸ ਮੌਕੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਤੇ ਬਿਕਰਮ ਮਜੀਠੀਆ ਵੱਡੇ ਬਾਦਲ ਦੇ ਨਾਲ ਰਹੇ। ਪ੍ਰੋਗਰਾਮ ਦੌਰਾਨ ਵੀ ਦੁਸ਼ਯੰਤ ਚੌਟਾਲਾ ਵੱਡੇ ਬਾਦਲ ਦੇ ਨਾਲ ਵੀ ਸੀਟ ਉਤੇ ਹੀ ਬੈਠੇ ਰਹੇ।
ਪ੍ਰੋਗਰਾਮ ਦੀ ਮੁੱਖ ਸਟੇਜ ਉਤੇ ਉਪ ਰਾਸ਼ਟਰਪਤੀ ਵੈਂਕੇਈਆ ਨਾਇਡੂ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਰਿਆਣਾ ਦੇ ਰਾਜਪਾਲ ਸੱਤਿਆਦੇਵ ਨਰਾਇਣ ਆਰੀਆ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਦੇ ਬੈਠਣ ਲਈ 7 ਕੁਰਸੀਆਂ ਲਗਾਈਆਂ ਗਈਆਂ ਸਨ।
ਪ੍ਰੋਗਰਾਮ ਦੌਰਾਨ ਜਿੱਥੇ ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ, ਸਾਰੇ ਪੰਜਾਬ ਤੇ ਹਰਿਆਣਾ ਦੇ ਵਿਧਾਇਕਾਂ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾਮ ਲੈ ਕੇ ਵਿਸ਼ੇਸ਼ ਸਮਾਗਮ ਵਿਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਗਿਆ ਉਥੇ ਹੀ ਉਨ੍ਹਾਂ ਵੱਡੇ ਬਾਦਲ ਦਾ ਨਾਮ ਤੱਕ ਨਾ ਲੈ ਕੇ ਮੈਂਬਰਾਂ ਵਿਚ ਵੱਖਰੀ ਚਰਚਾ ਛੇੜ ਦਿੱਤੀ। ਭਾਵੇਂ ਸਰਕਾਰ ਨੇ ਪ੍ਰੋਗਰਾਮ ਦੀ ਮੁੱਖ ਸਟੇਜ ਉਤੇ ਪ੍ਰਕਾਸ਼ ਸਿੰਘ ਬਾਦਲ ਨੂੰ ਨਾ ਬਿਠਾਉਣ ਦਾ ਪਹਿਲਾ ਹੀ ਸਿਆਸੀ ਫੈਸਲਾ ਕਰ ਲਿਆ ਸੀ ਪ੍ਰੰਤੂ ਜਿਸ ਤਰੀਕੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬਾਦਲ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉਹ ਸਿਆਸੀ ਦ੍ਰਿਸ਼ਟੀ ਤੋਂ ਵੇਖਣ ਵਾਲਾ ਤੇ ਸਮਝਣ ਵਾਲਾ ਦ੍ਰਿਸ਼ ਸੀ । ਅਕਾਲੀ ਵਿਧਾਇਕ ਕੈਪਟਨ ਸਰਕਾਰ ਦੇ ਇਸ ਰਵੱਈਏ ਤੋਂ ਨਾਰਾਜ਼ ਨਜ਼ਰ ਆਏ। ਅਕਾਲੀ ਦਲ ਦੇ ਵਿਧਾਇਕ ਦੇ ਨੇਤਾ ਪਰਮਿੰਦਰ ਸਿੰਘ ਢੀਂਡਸਾ, ਬਿਕਰਮ ਸਿੰਘ ਮਜੀਠੀਆ, ਸ਼ਰਨਜੀਤ ਸਿੰਘ ਢਿੱਲੋਂ,  ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ, ਐਨ ਕੇ ਸ਼ਰਮਾ, ਰੋਜ਼ੀ ਬਰਕੰਦੀ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਸਦਨ ਵਿਚ ਅਜਿਹੇ ਵਿਸ਼ੇਸ਼ ਪ੍ਰੋਗਰਾਮ ਮੌਕੇ ਜਿੱਥੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੱਕ ਦਾ ਸਟੇਜ਼ ਤੋਂ ਨਾਮ ਲਿਆ ਉਥੇ ਹੀ ਸੂਬੇ ਦੇ 5 ਵਾਰ ਮੁੱਖ ਮੰਤਰੀ ਤੇ 11 ਵਾਰ ਵਿਧਾਇਕ ਰਹਿ ਚੁੱਕੇ ਤੇ ਦੇਸ਼ ਦੇ ਸਭ ਤੋਂ ਸੀਨੀਅਰ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨਾ ਲੈ ਕੇ ਨੀਵੇਂ ਪੱਧਰ ਦੀ ਰਾਜਨੀਤੀ ਕੀਤੀ ਹੈ। ਅਕਾਲੀ ਵਿਧਾਇਕਾਂ ਦਾ ਕਹਿਣਾ ਸੀ ਕਿ ਇਹ ਕਾਂਗਰਸ ਪਾਰਟੀ ਨੇ ਚੰਗੀ ਰਵਾਇਤ ਨਹੀਂ ਪਾਈ ਹੈ। ਸੀਨੀਅਰ ਬਾਦਲ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੀ ਚਰਚਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਿਚ ਵੀ ਵੇਖਣ ਨੂੰ ਮਿਲੀ। ਕਈ ਆਪ ਵਿਧਾਇਕ ਦੱਬੀ ਆਵਾਜ਼ ਵਿਚ ਪੱਤਰਕਾਰਾਂ ਕੋਲ ਗੈਰਰਸਮੀ ਤੌਰ ਉਤੇ ਗੱਲਬਾਤ ਦੌਰਾਨ ਕੈਪਟਨ ਸਰਕਾਰ ਵਲੋਂ ਵੱਡੇ ਬਾਦਲ ਨੂੰ ਨਜ਼ਰਅੰਦਾਜ਼ ਕਰਨ ਨੂੰ ਗਲਤ ਦੱਸ ਰਹੇ ਸਨ ਪ੍ਰੰਤੂ ਇੱਕ ਪਾਰਟੀ ਜ਼ਾਬਤੇ ਵਿਚ ਬੱਝੇ ਹੋਣ ਕਾਰਨ ਖੁੱਲ੍ਹ ਕੇ ਬੋਲਣ ਤੋਂ ਕੰਨੀ ਕਤਰਾ ਵੀ ਰਹੇ ਸਨ। ਵੱਡੇ ਬਾਦਲ ਪ੍ਰੋਗਰਾਮ ਵਿਚੋਂ ਸਰਕਾਰ ਵਲੋਂ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਵਿਧਾਨ ਸਭਾ ਵਿਚ ਮੌਜ਼ੂਦ ਰਹੇ।
ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਨੂੰ ਵੇਖਣ ਲਈ ਕਾਂਗਰਸ, ਅਕਾਲੀ ਦਲ ਸਮੇਤ ਕਈਆਂ ਪਾਰਟੀਆਂ ਦੇ ਆਗੂ, ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਵਿਧਾਨ ਸਭਾ ਸਪੀਕਰ ਦੀ ਮਹਿਮਾਨ ਗੈਲਰੀ ਵਿਚ ਪੁੱਜੇ ਹੋਏ ਸਨ ਉਥੇ ਹੀ ਫਿਰੋਜ਼ਪੁਰ ਤੋਂ ਐਮਪੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਦੇ ਇੱਕ ਸਕੂਲ ਦੇ ਸਲਾਨਾ ਸਮਾਰੋਹ ਵਿਚ ਗਏ ਹੋਣ ਕਾਰਨ ਸ਼ਾਮਲ ਨਹੀਂ ਹੋਏ। ਛੋਟੇ ਬਾਦਲ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਿਸ਼ੇਸ਼ ਪ੍ਰੋਗਰਾਮ ਤੇ ਸੈਸ਼ਨ ਦੀ ਬੈਠਕ ਵਿਚੋਂ ਗੈਰਹਾਜ਼ਰ ਦਿਖਾਈ ਦਿੱਤੇ।
ਇੱਥੇ ਇਹ ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤੇ ਉਨ੍ਹਾਂ ਦੇ ਵਿਰੋਧੀ ਅਕਸਰ ਇਹ ਦੋਸ਼ ਲਾਉਂਦੇ ਰਹਿੰਦੇ ਸਨ ਕਿ ਉਹ ਬਾਦਲਾਂ ਨਾਲ ਮਿਲੇ ਹੋਏ ਹਨ। ਪ੍ਰੰਤੂ ਅੱਜ ਦੇ ਪ੍ਰੋਗਰਾਮ ਦੌਰਾਨ ਕੈਪਟਨ ਦਾ ਬਾਦਲਾਂ ਪ੍ਰਤੀ ਰਵੱਈਆ ਕਈ ਤਰ੍ਹਾਂ ਦੇ ਸਿਆਸੀ ਤੇ ਸਮਾਜਿਕ ਸਵਾਲ ਜ਼ਰੂਰ ਖੜ੍ਹੇ ਕਰ ਗਿਆ।

Read more