ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਜੇ ਪੜਾਅ ਦਾ ਲੋਕ ਅਰਪਣ

ਜਲਿਆਂਵਾਲਾ ਬਾਗ਼ ਦੇ ਸਾਕੇ ਅਤੇ ਅੰਡੇਮਾਨ ਸੈਲੂਲਰ ਜੇਲ ਦੇ ਦੇਸ਼ ਭਗਤਾਂ ਨੂੰ ਕੀਤਾ ਸਮਰਪਿਤ

ਜਲੰਧਰ 14 ਅਗਸਤ 

ਭਾਰਤ ਦੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਜੰਗ-ਏ-ਆਜ਼ਾਦੀ ਸਮਾਰਕ ਦੇ ਤੀਜੇ ਪੜਾਅ ਦਾ ਲੋਕ ਅਰਪਣ ਕਰਦਿਆਂ ਇਸ ਨੂੰ ਜਲਿਆਂਵਾਲਾ ਬਾਗ਼ ਸਾਕੇ ਅਤੇ ਅੰਡੇਮਾਨ ਦੀ ਜੇਲ ਵਿੱਚ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਸਮਰਪਿਤ ਕੀਤਾ। 

ਉਨਾਂ ਕਿਹਾ ਕਿ ਇਹ ਸਮਾਰਕ ਸਾਡੀਆਂ ਨੌਜਵਾਨ ਪੀੜੀਆਂ ਨੂੰ ਦੇਸ਼ ਦੇ ਸੁਨਹਿਰੇ ਪਿਛੋਕੜ ਅਤੇ ਬਰਤਾਨਵੀ ਸਾਮਰਾਜਵਾਦ ਖਿਲਾਫ਼ ਲੜਨ ਵਾਲੇ ਹਜ਼ਾਰਾਂ ਬਹਾਦਰ ਦੇਸ਼ ਭਗਤਾਂ ਦੀ ਕੁਰਬਾਨੀ ਤੋਂ ਜਾਣੂੰ ਕਰਵਾਏਗਾ। ਇਸ ਮੌਕੇ ’ਤੇ ਉਨਾਂ ਨੇ ਰਿਮੋਟ ਕੰਟਰੋਲ ਰਾਹੀਂ ਜਲੰਧਰ ਦੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ/ਨੀਂਹ ਪੱਥਰ ਰੱਖਿਆ। ਜ਼ਿਕਰਯੋਗ ਹੈ ਕਿ ਅੱਜ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਪੰਜਾਬ ਭਰ ਵਿੱਚ 450 ਕਰੋੜ ਦੇ ਵਿਕਾਸ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਲੋਕ ਅਰਪਣ ਕੀਤਾ ਗਿਆ। 

ਇਸ ਮੌਕੇ ’ਤੇ 20 ਕਰੋੜ ਦੇ ਜੰਗ-ਏ-ਆਜ਼ਾਦੀ ਸਮਾਰਕ ਦੇ ਤੀਜੇ ਪੜਾਅ ਨੂੰ ਲੋਕ ਅਰਪਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੇ ਮਹਾਨ ਇਤਿਹਾਸ ਤੋਂ ਜਾਣੂੰ ਕਰਵਾਉਣਾ ਸਮੇਂ ਦੀ ਲੋੜ ਹੈ। ਉਨਾਂ ਕਿਹਾ ਕਿ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਉਜਾਗਰ ਕਰਕੇ ਹੀ ਉਨਾਂ ਨੂੰ ਦੇਸ਼ ਦੀ ਸੇਵਾ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਨਾਂ ਨੇ ਅੰਡੇਮਾਨ ਦੀ ਸੈਲੂਲਰ ਜੇਲ ਵਿੱਚ ਅਪਣੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਯਾਤਰਾ ਨੇ ਉਨਾਂ ਨੂੰ ਇਨਾਂ ਮਹਾਨ ਦੇਸ਼ ਭਗਤਾਂ ਦੀ ਯਾਦ ਵਿੱਚ ਸਮਾਰਕ ਉਸਾਰਨ ਲਈ ਪ੍ਰੇਰਿਆ। ਉਨਾਂ ਕਿਹਾ ਕਿ ਇਸ ਸਮਾਰਕ ਦਾ ਪਹਿਲਾ ਤੇ ਦੂਜਾ ਪੜਾਅ 290 ਕਰੋੜ ਦੀ ਲਾਗਤ ਨਾਲ ਪੂਰਾ ਹੋਇਆ ਹੈ। 

ਇਸ ਮੌਕੇ ’ਤੇ ਪੰਜਾਬ ਸਰਕਾਰ ਵਲੋਂ ਪ੍ਰਵਾਸੀ ਭਾਰਤੀ ਨੌਜਵਾਨਾਂ ਲਈ ਸ਼ੁਰੂ ਕੀਤੀ ਗਈ ‘ਅਪਣੀਆਂ ਜੜਾਂ ਨਾਲ ਜੁੜੋ’ ਮੁਹਿੰਮ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਮੁੱਖ ਮੰਤਵ ਪੰਜਾਬ ਬਾਰੇ  ਵਿਦੇਸ਼ਾਂ ਵਿੱਚ ਬੈਠੇ ਕੁਝ ਲੋਕਾਂ ਵਲੋਂ ਅਪਣੇ ਸੌੜੇ ਹਿੱਤਾਂ ਲਈ ਫੈਲਾਏ ਜਾ ਰਹੇ ਭਰਮ ਨੂੰ ਦੂਰ ਕਰਨਾ ਹੈ। ਉਨਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਪੰਜਾਬ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਜੰਗ-ਏ-ਆਜ਼ਾਦੀ ਸਮਾਰਕ , ਵਿਰਾਸਤ-ੲਂੇ- ਖਾਲਸਾ, ਪਾਰਟੀਸ਼ੀਅਨ ਮਿਊਜ਼ੀਅਮ ਅੰਮਿ੍ਰਤਸਰ ਅਤੇ ਹੋਰ ਥਾਵਾਂ ’ਤੇ ਆ ਕੇ ਆਪਣੇ ਮਹਾਨ ਵਿਰਸੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ। ਉਨਾਂ ਨੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜੰਗ-ਏ-ਆਜ਼ਾਦੀ ਸਮਾਰਕ ਵਿੱਚ ਲਿਆਉਣ ਤਾਂ ਜੋ ਉਨਾਂ ਨੂੰ ਦੇਸ਼ ਦੇ ਇਸ ਮਹਾਨ ਵਿਰਸੇ ਬਾਰੇ ਜਾਣਕਾਰੀ ਮਿਲ ਸਕੇ। 

ਇਸ ਤੋਂ ਪਹਿਲਾਂ ਅਪਣੇ ਸੰਬੋਧਨ ਵਿੱਚ ਜੰਗ-ਏ-ਆਜ਼ਾਦੀ ਫਾਊਂਡੇਸ਼ਨ ਦੇ ਮੁਖੀ ਡਾ.ਬਰਜਿੰਦਰ ਸਿੰਘ ਹਮਦਰਦ ਨੇ ਇਸ ਸਮਾਰਕ ਨੂੰ ਤੀਰਥ ਅਸਥਾਨ ਵਜੋਂ ਵਿਕਸਤ ਕਰਨ ਦੀ ਵਕਾਲਤ ਕਰਦਿਆਂ ਇਸ ਵੱਕਾਰੀ ਸਮਾਰਕ ਨੂੰ ਬਣਾਉਣ ਦੀ ਯਾਤਰਾ ਬਾਰੇ ਦੱਸਿਆ। ਉਨਾਂ ਕਿਹਾ ਕਿ ਹੁਣ ਤੱਕ 6.50 ਲੱਖ ਲੋਕ ਇਸ ਸਮਾਰਕ ਵਿੱਚ ਆ ਚੁੱਕੇ ਹਨ। 

ਇਸ ਮੌਕੇ ’ਤੇ ਸ੍ਰ.ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਲੋਂ ਇਸ ਸਮਾਰਕ ਨੂੰ ਮੁਕੰਮਲ ਕਰਨ ਵਿੱਚ ਪਾਏ ਗਏ ਵਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨਾਂ ਦਾ ਧੰਨਵਾਦ ਕੀਤਾ । 

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ, ਮਾਰਕਫ਼ੈਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ, ਵਿਧਾਇਕ ਪਰਗਟ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਚੌਧਰੀ ਸੁਰਿੰਦਰ ਸਿੰਘ, ਰਜਿੰਦਰ ਬੇਰੀ, ਅਵਤਾਰ ਸਿੰਘ ਬਾਵਾ ਹੈਨਰੀ ਅਤੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਚੇਅਰਮੈਨ ਪਨਸਪ ਤੇਜਿੰਦਰ ਸਿੰਘ ਬਿੱਟੂ, ਮੇਅਰ ਜਗਦੀਸ਼ ਰਾਜ ਰਾਜਾ, ਚੇਅਰਮੈਨ ਇੰਪਰੂਵਮੈਂਟ ਟਰੱਸਟ ਦਲਜੀਤ ਸਿੰਘ ਆਹਲੂਵਾਲੀਆ, ਜਨਰਲ ਸਕੱਤਰ ਪੰਜਾਬ ਕਾਂਗਰਸ ਚੌਧਰੀ ਵਿਕਰਮਜੀਤ ਸਿੰਘ, ਪ੍ਰਮੁੱਖ ਸਕੱਤਰ ਸੱਭਿਆਚਾਰਕ ਮਾਮਲੇ ਹੁਸਨ ਲਾਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਿਪਾਲ ਸਿੰਘ, ਡਾਇਰੈਕਟਰ ਸਭਿਆਚਾਰਕ ਮਾਮਲੇ ਐਮ.ਐਸ.ਜੱਗੀ, ਮੰਡਲ ਕਮਿਸ਼ਨਰ ਬੀ.ਪੁਰੂਸਾਰਥਾ, ਆਈ.ਜੀ. ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ, ਐਸ.ਐਸ.ਪੀ.ਨਵਜੋਤ ਸਿੰਘ ਮਾਹਲ, ਨਗਰ ਨਿਗਮ ਕਮਿਸ਼ਨਰ ਦੀਪਰਵਾ ਲਾਕੜਾ, ਸਤਨਾਮ ਸਿੰਘ ਮਾਣਕ, ਲਖਵਿੰਦਰ ਸਿੰਘ ਜੌਹਲ, ਸੀ.ਈ.ਓ.ਸਮਾਰਟ ਸਿਟੀ ਜਤਿੰਦਰ ਜੋਰਵਾਲ, ਐਸ.ਡੀ.ਐਮ.ਪਰਮਵੀਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ। 

Read more