ਮਾਣੂੰਕੇ ਵੱਲੋਂ ਉਠਾਏ ਆਵਾਰਾ ਕੁੱਤਿਆਂ ਦੇ ਮੁੱਦੇ ‘ਤੇ ਗੰਭੀਰ ਹੋਈ ਸਰਕਾਰ

ਚੰਡੀਗੜ੍ਹ, 5 ਅਗਸਤ 2019

ਪੰਜਾਬ ‘ਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਨਾਲ ਨਿਪਟਣ ਲਈ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ‘ਚ ਲਗਭਗ ਡੇਢ-ਦਹਾਕੇ ਬਾਅਦ ਸਦਨ ‘ਚ ਸੱਤਾਧਾਰੀ ਬੈਂਚਾਂ ਨੇ ਗੰਭੀਰਤਾ ਦਿਖਾਈ ਹੈ।

ਸਿਫ਼ਰ ਕਾਲ ਉਪਰੰਤ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਵੱਲੋਂ ਆਵਾਰਾ ਕੁੱਤਿਆਂ ਦੀ ਬੇਹੱਦ ਵਧੀ ਸਮੱਸਿਆ ਬਾਰੇ ਲਿਆਂਦੇ ਧਿਆਨ ਦਿਵਾਊ ਮਤੇ ‘ਤੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਨਹੀਂ ਸਗੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੇ ਹੱਲ ਲਈ ਉਚੇਚੇ ਕਦਮ ਉਠਾਉਣ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਗੰਭੀਰ ਸਮੱਸਿਆ ਮੰਨਿਆ। ਜਦਕਿ ਮੰਤਰੀ ਬਾਜਵਾ ਨੇ ਇਸ ਲਈ ਕੇਂਦਰ ਸਰਕਾਰ ਨੂੰ ਵੀ ਜ਼ਿੰਮੇਵਾਰ ਦੱਸਿਆ। ਜਦਕਿ ਸਾਬਕਾ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮਰੇ ਹੋਏ ਪਸ਼ੂਆਂ ਦੇ ਨਿਪਟਾਰੇ ਲਈ ਹੱਡਾਰੋੜੀਆਂ ‘ਚ ਬਿਜਲਈ ਭੱਠੀਆਂ ਲਗਾਉਣ ਦੀ ਸਲਾਹ ਦਿੱਤੀ, ਕਿਉਂਕਿ ਹੱਡਾਰੋੜੀ ਦੇ ਕੁੱਤਿਆਂ ਦੇ ਝੁੰਡ ‘ਆਦਮਖ਼ੋਰ’ ਬਣ ਰਹੇ ਹਨ।

ਸਰਬਜੀਤ ਕੌਰ ਮਾਣੂੰਕੇ ਨੇ ਸਰਕਾਰੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ 2018 ‘ਚ 1.13 ਲੱਖ ਲੋਕਾਂ ਨੂੰ ਆਵਾਰਾ ਕੁੱਤਿਆਂ ਨੇ ਵੱਢਿਆ ਹੈ, ਜਦਕਿ 2017 ‘ਚ ਇਹ ਅੰਕੜਾ 1.12 ਲੱਖ ਸੀ। ਇਨ੍ਹਾਂ ਲੋਕਾਂ ‘ਚ 50 ਫ਼ੀਸਦੀ ਬੱਚੇ ਸਨ। ਇਹ ਸਿਰਫ਼ ਉਹ ਮਾਮਲੇ ਹਨ, ਜਿਨ੍ਹਾਂ ਬਾਰੇ ਹਸਪਤਾਲਾਂ ਤੋਂ ਜਾਣਕਾਰੀ ਮਿਲੀ ਹੈ। ਮਾਹਿਰਾਂ ਅਨੁਸਾਰ ਅਸਲ ਅੰਕੜਾ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਪੰਜਾਬ ਵਿਚ ਹਰ ਰੋਜ਼ ਆਵਾਰਾ ਕੁੱਤਿਆਂ ਵੱਲੋਂ ਕੱਟਣ ਦੇ 300 ਮਾਮਲੇ ਸਾਹਮਣੇ ਆਉਂਦੇ ਹਨ। ਬੀਤੇ ਦੋ ਸਾਲਾਂ ਦੌਰਾਨ ਪੰਜਾਬ ਵਿਚ 2 ਲੱਖ ਤੋਂ ਵੱਧ ਵਿਅਕਤੀਆਂ ਨੂੰ ਕੁੱਤਿਆਂ ਨੇ ਕੱਟਿਆ ਹੈ। ਪੰਜਾਬ ਵਿਚ ਆਵਾਰਾ ਕੁੱਤਿਆਂ ਦੀ ਗਿਣਤੀ 5 ਲੱਖ ਤੋਂ ਉੱਪਰ ਦੱਸੀ ਜਾ ਰਹੀ ਹੈ ਸਾਲ 2012 ਵਿਚ ਇਹ ਗਿਣਤੀ 4 ਲੱਖ 77 ਹਜ਼ਾਰ ਸੀ। ਆਰਟੀਆਈ ਤਹਿਤ ਪ੍ਰਾਪਤ ਜਾਣਕਾਰੀ ਅਨੁਸਾਰ 2017 ਵਿਚ ਆਵਾਰਾ ਕੁੱਤਿਆਂ ਦੀ ਪੰਜ ਜ਼ਿਲਿਆਂ ਵਿਚ ਸਭ ਤੋਂ ਵੱਧ ਦਹਿਸ਼ਤ ਰਹੀ ਹੈ। ਲੁਧਿਆਣਾ ਵਿਚ 13000, ਪਟਿਆਲਾ ਵਿਚ 97000, ਜਲੰਧਰ ਵਿਚ 8100, ਹੁਸ਼ਿਆਰਪੁਰ ਵਿਚ 9700 ਤੇ ਕਪੂਰਥਲਾ ਵਿਚ 6700 ਵਿਅਕਤੀ ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ। 2016 ਵਿਚ ਅੰਮ੍ਰਿਤਸਰ ਵਿਚ 12000, ਮੁਹਾਲੀ ਵਿਚ 11000, ਲੁਧਿਆਣਾ ਵਿਚ 10771, ਗੁਰਦਾਸਪੁਰ ਵਿਚ 10252 ਤੇ ਜਲੰਧਰ ਵਿਚ 8000 ਵਿਅਕਤੀਆਂ ਨੂੰ ਆਵਾਰਾ ਕੁੱਤਿਆਂ ਨੇ ਕੱਟਿਆ, 2016 ਦੌਰਾਨ ਫ਼ਤਿਹਗੜ੍ਹ ਸਾਹਿਬ ਵਿਚ ਕੁੱਤਿਆਂ ਦੇ ਕੱਟਣ ਦੇ ਕੇਸਾਂ ਵਿਚ ਵਾਧਾ ਹੋਇਆ ਸੀ। ਬਰਨਾਲਾ ਵਿਚ 2016 ਦੇ ਮੁਕਾਬਲੇ ਅਗਲੇ ਸਾਲ ਪੰਜ ਗੁਣਾ ਕੇਸ ਵਧੇ ਤੇ ਸਾਲ 2016 ਵਿਚ 610 ਕੇਸਾਂ ਦੀ ਗਿਣਤੀ ਅਗਲੇ ਸਾਲ 3250 ਹੋ ਗਈ। ਰਿਹਾਇਸ਼ੀ ਖੇਤਰਾਂ ਵਿਚ ਘਰਾਂ ਨੂੰ ਚੈੱਕ ਕਰਨ ਲਈ ਸਰਕਾਰੀ ਛਾਪੇ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਕੁੱਝ ਲੋਕ ਸ਼ਿਕਾਰੀ ਕੁੱਤੇ ਜਿਵੇਂ ਪਿਟਬੁੱਲ ਆਦਿ ਨੂੰ ਪਾਲਤੂ ਜਾਨਵਰ ਰੱਖ ਲੈਂਦੇ ਹਨ। ਇਹ ਆਂਢ-ਗੁਆਂਢ ਦੇ ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਾ ਹਨ। ਅਜਿਹਿਆਂ ਘਰਾਂ ਨੂੰ ਰਿਪੋਰਟ ਕਰਨ ਲਈ ਇੱਕ ਰਾਜ ਵਿਆਪੀ ਹੈਲਪ ਲਾਈਨ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ ਅਤੇ ਡਿਫਾਲਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਬਿਨਾਂ ਕੁੱਤਿਆਂ ਬਾਰੇ ਭੜਕਾਊ ਤੇ ਅਸ਼ਲੀਲ ਗੀਤਾ ਗਾਉਣ ਵਾਲੇ ਗਾਇਕਾਂ ਅਤੇ ਕੁੱਤਿਆਂ ਦੀਆਂ ਹਿੰਸਕ ਖੇਡਾਂ ‘ਤੇ ਰੋਕ ਲਗਾਉਣ ਦੀ ਮੰਗ ਕੀਤੀ।

Read more