ਬੁੱਕ ਬੈਂਕ ਬਣ ਰਿਹਾ ਹੈ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪਹਿਲੀ ਪਸੰਦ

ਐੱਸ.ਏ.ਐੱਸ.ਨਗਰ 24 ਫ਼ਰਵਰੀ: ਬੋਰਡ ਦੀਆਂ ਪ੍ਰੀਖਿਆਵਾਂ ਸਿਰ ‘ਤੇ ਹਨ , ਸਰਕਾਰੀ ਸਕੂਲਾਂ ਦੇ ਅਧਿਆਪਕ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਵਿਦਿਆਰਥੀਆਂ ਨੂੰ ਇਮਤਿਹਾਨਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲਈ ਜਿੱਥੇ ਵਾਧੂ ਜਮਾਤਾਂ ਲਗਾ ਰਹੇ ਹਨ ਨਾਲ ਹੀ ਵਿਦਿਆਰਥੀਆਂ ਦਾ ਆਦਰਸ਼ ਚਰਿੱਤਰ ਨਿਰਮਾਣ ਕਰਨਾ ਵੀ ਆਪਣੀ ਜ਼ਿੰਮੇਵਾਰੀ ਸਮਝ ਰਹੇ ਹਨ। 

ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੀ ਸ਼ਖ਼ਸੀਅਤ ਵਿੱਚ ਆਪਣੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਕਰਨ ਦੇ ਗੁਣ ਪੈਦਾ ਕਰਨ ਦੀ ਸ਼ੁਰੂਆਤ ਇਸ ਵਰ੍ਹੇ ਕਿਤਾਬਾਂ ਦੀ ਸੰਭਾਲ ਤੋਂ ਕੀਤੀ ਜਾ ਰਹੀ ਹੈ। 

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਸਮੂਹ ਸਰਕਾਰੀ ਸਕੂਲਾਂ ਦੇ ਅਧਿਆਪਕ ਸ਼ੈਸ਼ਨ ਦੇ ਸ਼ੁਰੂ ਵਿੱਚ ਹੀ ਵਿਦਿਆਰਥੀਆਂ ਨੂੰ ਆਪਣੀਆਂ ਕਿਤਾਬਾਂ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕਰ ਰਹੇ ਹਨ ਤਾਂ ਕਿ ਵਿਭਾਗੀ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰੇ ਸਰਕਾਰੀ ਸਕੂਲਾਂ ਵਿੱਚ ਬੁੱਕ-ਬੈਂਕਾਂ ਦੀ ਸਥਾਪਨਾ ਕੀਤੀ ਜਾ ਸਕੇ।

ਬੁਲਾਰੇ ਅਨੁਸਾਰ ਇਸ ਤਹਿਤ ਸੂਬੇ ਦੇ ਸਮੂਹ ਸਕੂਲਾਂ ਨੇ ਬੁੱਕ-ਬੈਂਕਾਂ ਦੀ ਸਥਾਪਨਾ ਕਰ ਲਈ ਹੈ ਜਿਵੇਂ ਹੀ ਸਲਾਨਾ ਇਮਤਿਹਾਨ ਮੁੱਕਦੇ ਹਨ ,ਅਧਿਆਪਕਾਂ ਦੀ ਪ੍ਰੇਰਨਾ ਤਹਿਤ ਸਾਰੇ ਵਿਦਿਆਰਥੀ ਆਪਣੀਆਂ-ਆਪਣੀਆਂ ਕਿਤਾਬਾਂ ਸਕੂਲਾਂ ਵਿੱਚ ਸਥਾਪਿਤ ਬੁੱਕ-ਬੈਂਕਾਂ ਵਿੱਚ ਜਮ੍ਹਾਂ ਕਰਵਾਉਣ ਲਈ ਕਾਹਲੇ ਹਨ। 

ਇਸ ਸਬੰਧੀ ਸਕੂਲ ਅਧਿਆਪਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸੈਸ਼ਨ ਦੇ ਆਰੰਭ ਵਿੱਚ ਹੀ ਵਿਦਿਆਰਥੀਆਂ ਨੂੰ ਨਵੀਆਂ ਕਿਤਾਬਾਂ ਸੰਭਾਲਣ ਲਈ ਪ੍ਰੇਰਿਤ ਕੀਤਾ ਸੀ , ਜਿਸ ਸਦਕਾ ਬਹੁਗਿਣਤੀ ਵਿਦਿਆਰਥੀਆਂ ਦੀ ਕਿਤਾਬਾਂ ਸਾਲ ਦੇ ਅਖ਼ੀਰ ਵਿੱਚ ਵੀ ਨਵੀਆਂ ਨਕੋਰ ਜਾਪਦੀਆਂ ਹਨ। ਹੁਣ ਵਿਭਾਗ ਦੁਆਰਾ ਬੁੱਕ-ਬੈਂਕ ਸਥਾਪਤ ਕਰਨ ਦੇ ਸਲਾਹੁਣਯੋਗ ਕਦਮ ਨਾਲ ਜਿੱਥੇ ਵਿਦਿਆਰਥੀਆਂ ਨੇ ਸਾਰਾ ਸਾਲ ਕਿਤਾਬਾਂ ਵੀ ਸੰਭਾਲੀਆਂ ਹਨ ਅਤੇ ਉਹਨਾਂ ਨੇ ਕਾਗ਼ਜ ਦੀ ਸੰਭਾਲ ਕਰਕੇ ਰੁੱਖਾਂ ਅਤੇ ਚੌਗਿਰਦੇ ਨੂੰ ਬਚਾਉਣਾ ਵੀ ਸਿੱਖਿਆ ਹੈ ਜੋ ਅੱਜ ਦੇ ਸਮੇਂ ਦੀ ਲੋੜ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਬੱਚਿਆਂ ਦੀ ਸ਼ਖ਼ਸੀਅਤ ਵਿੱਚ ਸ਼ੁਰੂ ਵਿੱਚ ਹੀ ਆਪਣੇ ਆਲੇ-ਦੁਆਲੇ ਨੂੰ ਸੰਭਾਲਣ ਦੀ ਜਾਚ ਆ ਜਾਵੇ ਤਾਂ ਉਹ ਇੱਕ ਚੰਗਾ ਨਾਗਰਿਕ ਬਣਨ ਦੇ ਕਾਬਿਲ ਬਣਦੇ ਹਨ।

ਇਸ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਵਿਭਾਗ ਦੀ ਇਸ ਪਹਿਲਕਦਮੀ ਸਦਕਾ ਵਿਦਿਆਰਥੀਆਂ ਵਿੱਚ ਆਪਣੀਆਂ ਕਿਤਾਬਾਂ ਸਾਰਾ ਸਾਲ ਸੰਭਾਲ ਕੇ ਰੱਖਣ ਦਾ ਗੁਣ ਪੈਦਾ ਹੋਇਆ ਹੈ। ਉਹਨਾਂ ਅਨੁਸਾਰ ਪਹਿਲਾਂ ਉਹ ਹਰ ਸਮੇਂ ਆਪਣੇ ਬੱਚਿਆਂ ਨੂੰ ਕਾਪੀਆਂ ਦੇ ਕਾਗਜ਼ ਨਾ ਫਾੜਨ ਅਤੇ ਕਿਤਾਬਾਂ ਸੰਭਾਲਣ ਦੀ ਨਸੀਹਤ ਦਿੰਦੇ ਰਹਿੰਦੇ ਸਨ । ਹੁਣ ਸਕੂਲੀ ਅਧਿਆਪਕਾਂ ਦੀ ਦਿੱਤੀ ਪ੍ਰੇਰਨਾ ਨੇ ਸਾਡੇ ਬੱਚਿਆਂ ਵਿੱਚ ਸਿਰਫ਼ ਕਿਤਾਬਾਂ ਸੰਭਾਲਣ ਦਾ ਹੀ ਨਹੀਂ ਸਗੋਂ ਆਪਣੇ ਆਲੇ-ਦੁਆਲੇ ਦੀ ਸਾਂਭ-ਸੰਭਾਲ ਕਰਨ ਦਾ ਗੁਣ ਵੀ ਪੈਦਾ ਕੀਤਾ ਹੈ। ਇਸ ਲਈ ਉਹ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੇ ਧੰਨਵਾਦੀ ਹਨ।

Read more