ਮੌੜ ਬੰਬ ਧਮਾਕਾ: ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸੀਨੀਅਰ ਮੈਂਬਰ ਡਾ. ਨਾਨਕ ਸਿੰਘ ਨੇ ਧਮਾਕੇ ਵਾਲੀ ਥਾਂ ਦਾ ਕੀਤਾ ਦੌਰਾ

ਬਠਿੰਡਾ, ਜ਼ਿਲ੍ਹੇ ਦੀ ਮੌੜ ਮੰਡੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹੋਏ ਬੰਬ ਧਮਾਕੇ ਦੀ ਜਾਂਚ ਲਈ ਅਦਾਲਤ ਦੇ ਆਦੇਸ਼ਾਂ ਬਾਅਦ ਬਣੀ ਨਵੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਸੀਨੀਅਰ ਮੈਂਬਰ ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਅੱਜ ਮੌੜ ਮੰਡੀ ਦਾ ਦੌਰਾ ਕੀਤਾ। ਉਨ੍ਹਾਂ ਜਿੱਥੇ ਬੰਬ ਧਮਾਕੇ ਵਾਲੀ ਜਗ੍ਹਾ ਦਾ ਮੁਆਇਨਾ ਕੀਤਾ, ਉਥੇ ਹੀ ਪੀੜਤ ਪਰਿਵਾਰਾਂ ਨਾਲ ਗੱਲਬਾਤ ਕਰ ਕੇ ਘਟਨਾ ਸਬੰਧੀ ਵੇਰਵੇ ਇਕੱਤਰ ਕੀਤੇ। ਉਨ੍ਹਾਂ ਮੌੜ ਬੰਬ ਕਾਂਡ ਇਨਸਾਫ਼ ਕਮੇਟੀ ਦੇ ਆਗੂਆਂ ਤੋਂ ਇਲਾਵਾ ਘਟਨਾ ਦੇ ਚਸਮਦੀਦ ਗਵਾਹਾਂ ਨਾਲ ਵੀ ਗੱਲਬਾਤ ਕੀਤੀ। ਐਸਐਸਪੀ ਸਭ ਤੋਂ ਪਹਿਲਾਂ ਥਾਣਾ ਮੌੜ ਮੰਡੀ ਪੁੱਜੇ ਤੇ ਉਥੋਂ ਥਾਣਾ ਮੁਖੀ ਸਮੇਤ ਉਸ ਜਗ੍ਹਾ ਪੁੱਜੇ ਜਿੱਥੇ ਕੂਕਰ ਬੰਬ ਨਾਲ ਧਮਾਕਾ ਕੀਤਾ ਗਿਆ ਸੀ। ਪੀੜਤ ਪਰਿਵਾਰਾਂ ਨੇ ਐਸਐਸਪੀ ਕੋਲ ਇਹ ਰੋਸ ਜ਼ਾਹਿਰ ਕੀਤਾ ਕਿ ਬੰਬ ਧਮਾਕੇ ਵਿਚ ਨਾਮਜ਼ਦ ਕੀਤੇ ਗਏ ਡੇਰਾ ਪ੍ਰੇਮੀਆਂ ਨੂੰ ਵੀ ਪੁਲਿਸ ਅਜੇ ਤਕ ਗਿ੍ਰਫ਼ਤਾਰ ਨਹੀਂ ਕਰ ਸਕੀ। ਪੀੜਤਾਂ ਦਾ ਕਹਿਣਾ ਸੀ ਕਿ ਪੁਲਿਸ ਚਾਹੇ ਤਾਂ ਵੱਡੇ ਵੱਡੇ ਅਪਰਾਧੀਆਂ ਨੂੰ ਮਿੰਟਾਂ ਵਿਚ ਗਿ੍ਰਫ਼ਤਾਰ ਕਰ ਲੈਂਦੀ ਹੈ ਪਰ ਇਸ ਮਾਮਲੇ ਵਿਚ ਨਾਮਜ਼ਦ ਕੀਤੇ ਗਏ ਤਿੰਨ ਡੇਰਾ ਪ੍ਰੇਮੀਆਂ ਨੂੰ ਕਿਉਂ ਗਿ੍ਰਫ਼ਤਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਜਾਂਚ ਟੀਮ ਦੇ ਸੀਨੀਅਰ ਮੈਂਬਰ ਐਸਐਸਪੀ ਤੋਂ ਮੰਗ ਕੀਤੀ ਕਿ ਨਾਮਜ਼ਦ ਕੀਤੇ ਗਏ ਤਿੰਨ੍ਹਾਂ ਡੇਰਾ ਪ੍ਰੇਮੀਆਂ ਨੂੰ ਜਲਦੀ ਗਿ੍ਰਫ਼ਤਾਰ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਉਕਤ ਡੇਰਾ ਪ੍ਰੇਮੀਆਂ ਦੀ ਗਿ੍ਰਫ਼ਤਾਰੀ ਬਾਅਦ ਬੰਬ ਧਮਾਕੇ ਦੀ ਘਟਨਾ ਤੋਂ ਪਰਦਾ ਉੱਠ ਜਾਵੇਗਾ।

ਜ਼ਿਕਰਯੋਗ ਹੈ ਕਿ ਪੰਜਾਬ ਹਰਿਆਣਾ ਹਾਈਕੋਰਟ ਨੇ 18 ਅਕਤੂਬਰ ਨੂੰ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤਾ ਸੀ ਪਹਿਲਾਂ ਜਾਂਚ ਕਰ ਰਹੀ ਐਸਆਈਟੀ ਨੂੰ ਭੰਗ ਕਰਕੇ ਨਵੇਂ ਸਿਰੇ ਤੋਂ ਜਾਂਚ ਟੀਮ ਦਾ ਗਠਨ ਕੀਤਾ ਜਾਵੇ। ਇਸ ਆਦੇਸ਼ ਦੇ ਇਕ ਮਹੀਨੇ ਬਾਅਦ ਪੰਜਾਬ ਸਰਕਾਰ ਨੇ ਏਡੀਜੀਪੀ ਕਾਨੂੰਨ ਵਿਵਸਥਾ ਈਸ਼ਵਰ ਸਿੰਘ ਦੀ ਅਗਵਾਈ ਹੇਠ ਐਸਆਈਟੀ ਬਣਾ ਦਿੱਤੀ ਗਈ ਸੀ ਜਿਸ ਵਿਚ ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ। 

Read more