ਗੁਰਦੁਆਰਾ ਮਜਨੂੰ ਕਾ ਟਿੱਲਾ ‘ਤੇ ਐਫ.ਆਈ.ਆਰ ਦਰਜ ਕਰਨ ਨਾਲ ਕੇਜਰੀਵਾਲ ਸਰਕਾਰ ਦਾ ਰੱਤੀ ਭਰ ਵੀ ਸੰਬੰਧ ਨਹੀਂ-ਭਗਵੰਤ ਮਾਨ

ਚੰਡੀਗੜ੍ਹ, 4 ਅਪ੍ਰੈਲ 2020: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੇ ਗੁਰਦੁਆਰਾ ਸ਼੍ਰੀ ਮਜਨੂੰ ਕਾ ਟਿੱਲਾ ਦੀ ਪ੍ਰਬੰਧਕੀ ਕਮੇਟੀ ‘ਤੇ ਦਿੱਲੀ ਪੁਲਿਸ ਵੱਲੋਂ ਕੀਤੀ ਗਈ ਐਫ.ਆਈ.ਆਰ ਨੂੰ ਲੈ ਕੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਕੇਜਰੀਵਾਲ ਸਰਕਾਰ ‘ਤੇ ਲਗਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਮਨਘੜਤ, ਝੂਠੇ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰੇ ਦਿੰਦੇ ਹੋਏ ਸਿਰੇ ਤੋਂ ਖ਼ਾਰਜ ਕਰ ਦਿੱਤਾ ਹੈ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਸਪਸ਼ਟ ਕੀਤਾ ਹੈ ਕਿ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ‘ਚ ਕਾਫ਼ੀ ਲੋਕਾਂ ਨੂੰ ਠਹਿਰਾਉਣ ਨੂੰ ਲੈ ਕੇ ਪ੍ਰਬੰਧਕੀ ਕਮੇਟੀ ‘ਤੇ ਦਰਜ ਕੀਤੇ ਮੁਕੱਦਮੇ ਨਾਲ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਦੂਰ-ਨੇੜੇ ਦਾ ਵੀ ਕੋਈ ਵਾਸਤਾ ਨਹੀਂ ਹੈ, ਕਿਉਂਕਿ ਦਿੱਲੀ ਪੁਲਸ ਸਿੱਧਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ, ਜਿਸ ਦੇ ਮੰਤਰੀ ਅਮਿਤ ਸ਼ਾਹ ਹਨ।

ਭਗਵੰਤ ਮਾਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਕਿ ਉਹ (ਮਾਨ) ਨਹੀਂ ਚਾਹੁੰਦੇ ਸਨ ਕਿ ਅਜਿਹੇ ਮੌਕੇ ਕੋਈ ਸਿਆਸੀ ਬਿਆਨ, ਆਲੋਚਨਾ ਜਾਂ ਕਿਸੇ ਦੀ ਨਿੰਦਿਆ ਕੀਤੀ ਜਾਵੇ, ਕਿਉਂਕਿ ਪੂਰੀ ਮਨੁੱਖਤਾ ਕੋਰੋਨਾਵਾਇਰਸ ਵਰਗੀ ਮਹਾਂਮਾਰੀ ਨਾਲ ਜੂਝ ਰਹੀ ਹੈ ਅਤੇ ਇਸ ਔਖੀ ਘੜੀ ‘ਚ ਪਾਰਟੀਬਾਜੀ ਤੋਂ ਉੱਤੇ ਉੱਠ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ, ਪਰੰਤੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ‘ਤੇ ਜੋ ਝੂਠੇ ਅਤੇ ਮਨਘੜਤ ਇਲਜ਼ਾਮ ਲਗਾਏ ਜਾ ਰਹੇ ਹਨ, ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਸ ਦਾ ਮੋੜਵਾਂ ਜਵਾਬ ਜ਼ਰੂਰੀ ਸੀ।

ਮਾਨ ਨੇ ਕਿਹਾ ਕਿ ਦਿੱਲੀ ਦੀ ਪੁਲਸ ਕੇਜਰੀਵਾਲ ਸਰਕਾਰ ਦੇ ਅਧੀਨ ਨਹੀਂ ਅਤੇ ਦਿੱਲੀ ਪੁਲਸ ਨੂੰ ਸਿੱਧਾ ਅਮਿਤ ਸ਼ਾਹ ਕੰਟਰੋਲ ਕਰਦੇ ਹਨ। ਜੇਕਰ ਦਿੱਲੀ ਸਰਕਾਰ ਦੇ ਕਹਿਣ ‘ਤੇ ਦਿੱਲੀ ਪੁਲਸ ਐਫਆਈਆਰ ਦਰਜ ਕਰਦੀ ਹੁੰਦੀ ਤਾਂ ਦਿੱਲੀ ਦੇ ਸਾਰੇ ਭ੍ਰਿਸ਼ਟ ਅਫ਼ਸਰਾਂ ‘ਤੇ ਮਾਮਲੇ ਦਰਜ ਹੁੰਦੇ।

ਭਗਵੰਤ ਮਾਨ ਨੇ ਦੱਸਿਆ ਕਿ ਕੇਜਰੀਵਾਲ ਸਰਕਾਰ ਨੇ ਤਾਂ ਗੁਰਦੁਆਰਾ ਸ੍ਰੀ ਮਜਨੂੰ ਕਾ ਟਿੱਲਾ ਬਾਰੇ ਐਫਆਈਆਰ ਦਰਜ ਕਰਨ ਵਾਲੇ ਸੰਬੰਧਿਤ ਐਸ.ਐਚ.ਓ ਨੂੰ ਮੁਅੱਤਲ (ਸਸਪੈਂਡ) ਕਰਨ ਤੇ ਉਸ ਉੱਪਰ ਬਣਦੀ ਕਾਰਵਾਈ ਲਈ ਦਿੱਲੀ ਦੇ ਉਪ ਰਾਜਪਾਲ ਨੂੰ ਲਿਖਿਆ ਹੈ।

ਮਾਨ ਨੇ ਕਿਹਾ ਕਿ ਜਿਸ ਤਰ੍ਹਾਂ ਕੇਜਰੀਵਾਲ ਸਰਕਾਰ ਨੇ ਕੋਰੋਨਾਵਾਇਰਸ ਨਾਲ ਗਰਾਊਂਡ ਜ਼ੀਰੋ ‘ਤੇ ਸਿੱਧੀ ਲੜਾਈ ਲੜ ਰਹੇ ਡਾਕਟਰਾਂ, ਨਰਸਾਂ, ਸੰਬੰਧਿਤ ਪੈਰਾ ਮੈਡੀਕਲ ਤੇ ਚੌਥਾ ਦਰਜਾ ਸਟਾਫ਼ ਮੈਂਬਰਾਂ, ਪੁਲਸ ਮੁਲਾਜ਼ਮਾਂ ਅਤੇ ਸਾਫ਼ ਸਫ਼ਾਈ ਨਾਲ ਸੰਬੰਧਿਤ ਸੈਨੀਟੇਸ਼ਨ ਵਰਕਰਾਂ ਲਈ 1 ਕਰੋੜ ਰੁਪਏ ਦਾ ਬੀਮਾ ਕਵਰ ਐਲਾਨਿਆ ਹੈ ਅਤੇ ਹਰ ਰੋਜ਼ 10 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਸਮੇਤ ਵੱਡੀ ਗਿਣਤੀ ‘ਚ ਸੁਰੱਖਿਅਤ ਸਕੂਲਾਂ ਅਤੇ ਰੈਣ ਬਸੇਰਿਆਂ ਦਾ ਪ੍ਰਬੰਧ ਕੀਤਾ ਹੈ, ਉਸ ਸਰਕਾਰ ‘ਤੇ ਮਨਜਿੰਦਰ ਸਿੰਘ ਸਿਰਸਾ ਵਰਗੇ ਸਿਆਸੀ ਲੋਕਾਂ ਵੱਲੋਂ ਗ਼ਲਤ ਇਲਜ਼ਾਮ ਲਗਾਉਣੇ ਸ਼ੋਭਾ ਨਹੀਂ ਦਿੰਦੇ। ਇਸ ਤਰ੍ਹਾਂ ਕਰ ਕੇ ਇਹ (ਸਿਰਸਾ) ਬੰਦੇ ਆਪਣਾ ਹੀ ਨੁਕਸਾਨ ਕਰਾਉਣਗੇ।

ਭਗਵੰਤ ਮਾਨ ਨੇ ਸਿਰਸਾ ਨੂੰ ਸਲਾਹ ਦਿੱਤੀ ਕਿ ਜਿਸ ਭਾਜਪਾ ਦੀ ਟਿਕਟ ‘ਤੇ ਉਹ ਰਾਜੌਰੀ ਗਾਰਡਨ ਤੋਂ ਵਿਧਾਇਕ ਰਹੇ ਹਨ, ਉਸੇ ਭਾਜਪਾ ਦੀ ਕੇਂਦਰ ‘ਚ ਸਰਕਾਰ ਹੈ ਅਤੇ ਸਿਰਸਾ ਨੂੰ ਇੱਧਰ-ਉੱਧਰ ਇਲਜਾਮਬਾਜੀ ਕਰਨ ਦੀ ਥਾਂ ਸਿੱਧਾ ਆਪਣੇ ਆਕਾ ਅਮਿਤ ਸ਼ਾਹ ਕੋਲੋਂ ਜਵਾਬ ਮੰਗਣਾ ਚਾਹੀਦਾ ਹੈ ਕਿ ਉਨ੍ਹਾਂ (ਭਾਜਪਾ) ਨੇ ਸ੍ਰੀ ਮਜਨੂੰ ਕਾ ਟਿੱਲਾ ‘ਤੇ ਐਫਆਈਆਰ ਕਿਵੇਂ ਦਰਜ ਕਰਵਾ ਦਿੱਤੀ।

ਭਗਵੰਤ ਮਾਨ ਨੇ ਕਿਹਾ ਕਿ ਸਿਰਸਾ ਐਂਡ ਪਾਰਟੀ ਨੇ ਪਹਿਲਾਂ ਵੀ ਕੇਜਰੀਵਾਲ ਸਰਕਾਰ ‘ਤੇ ਸ੍ਰੀ ਰਵਿਦਾਸ ਮੰਦਿਰ ਢਾਹੁਣ ਦਾ ਝੂਠਾ ਅਤੇ ਘਟੀਆ ਦੋਸ਼ ਲਗਾਇਆ ਸੀ, ਜਦਕਿ ਉਸ ਲਈ ਵੀ ਜ਼ਿੰਮੇਵਾਰ ਕੇਂਦਰ ਦੀ ਭਾਜਪਾ ਸਰਕਾਰ ਹੀ ਸੀ, ਕਿਉਂਕਿ ਦਿੱਲੀ ਪੁਲਸ, ਡੀਡੀਏ ਅਤੇ ਐਮਸੀਡੀ ਸਿੱਧਾ ਕੇਂਦਰ ਸਰਕਾਰ ਦੇ ਕੰਟਰੋਲ ‘ਚ ਹਨ।

Read more