ਅਕਾਲੀ ਦਲ ਨੇ ਹਰਿਆਣਾ ‘ਚ ਭਾਜਪਾ ਨੂੰ ਭਾਜੀ ਮੋੜੀ–ਕਈ ਸੀਟਾਂ ‘ਤੇ ਭਾਜਪਾ ਦੇ ਰੁੱਸੇ ਲੀਡਰਾਂ ਵਲੋਂ ਸੁਖਬੀਰ ਦੇ ਸੰਪਰਕ ‘ਚ-ਭਾਜਪਾ ਆਗੂ ਨੂੰ ਸ਼ਾਮਲ ਕਰਕੇ ਉਮੀਦਵਾਰ ਐਲਾਨਿਆ
-ਹਰਿਆਣਾ ‘ਚ ਦੂਜੀਆਂ ਪਾਰਟੀਆਂ ਗਠਜੋੜ ਕਰਨ ਦੀ ਬਣਾਈ ਰਣਨੀਤੀ
-ਦਾਅਵੇਦਾਰੀ ਜਿਤਾਉਣ ਵਾਲੇ ਅਕਾਲੀ ਉਮੀਦਵਾਰਾਂ ਦੀ ਲਈ ਇੰਟਰਵਿਊ
PunjabUpdate.Com
ਚੰਡੀਗੜ੍ਹ, 1 ਅਕਤੂਬਰ
ਅਕਾਲੀ ਦਲ-ਭਾਜਪਾ ਦੇ ਨਹੁੰ ਮਾਸ ਦੇ ਰਿਸ਼ਤੇ ‘ਚ ਤਰੇੜਾਂ ਆਉਣਗੀਆਂ ਸ਼ੁਰੂ ਹੋ ਗਈਆਂ ਹਨ। ਇਸ ਦੀ ਸ਼ੁਰੂਆਤ ਭਾਵੇਂ ਹਰਿਆਣਾ ‘ਚ ਭਾਜਪਾ ਵਲੋਂ ਕੀਤੀ ਗਈ ਹੈ ਪ੍ਰੰਤੂ ਇਸ ਦਾ ਅਸਰ ਭਵਿੱਖ ‘ਚ ਪੰਜਾਬ ਅਤੇ ਦਿੱਲੀ ‘ਚ ਹੋਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ।
ਹਰਿਆਣਾ ‘ਚ ਭਾਜਪਾ ਵਲੋਂ ਗਠਜੋੜ ਧਰਮ ਦੇ ਉਲਟ ਅਕਾਲੀ ਵਿਧਾਇਕ ਨੂੰ ਭਾਜਪਾ ‘ਚ ਸ਼ਾਮਲ ਕੀਤੇ ਜਾਣ ਦੀ ਪਹਿਲਕਦਮੀ ਕੀਤੇ ਜਾਣ ਤੋਂ ਔਖੇ ਅਕਾਲੀ ਦਲ ਨੇ ਵੀ ਭਾਜੀ ਮੋੜਦਿਆਂ ਭਾਜਪਾ ਦੇ ਆਗੂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਕੇ ਟਿਕਟ ਦੇਣ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਕਾਲਾਂਵਾਲੀ ਹਲਕੇ ਤੋਂ ਭਾਜਪਾ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਦੇਸੂ ਜੋਧਾ ਨੂੰ ਸਿਰੋਪਾ ਦੇ ਕੇ ਪਾਰਟੀ ‘ਚ ਸ਼ਾਮਲ ਕਰਕੇ ਉਮੀਦਵਾਰ ਐਲਾਨਿਆ ਹੈ।
ਭਾਜਪਾ ਆਗੂ ਜੋਧਾ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਹਰਿਆਣਾ ਭਾਜਪਾ ਨੂੰ ਝਟਕਾ ਲੱਗਾ ਹੈ। ਭਰੋਸੇਯੋਗ ਅਕਾਲੀ ਹਲਕਿਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਦੋ ਦਰਜਨ ਦੇ ਕਰੀਬ ਟਿਕਟਾਂ ਨਾ ਮਿਲਣ ਕਾਰਨ ਨਾਰਾਜ਼ ਚੱਲ ਰਹੇ ਆਗੂ ਸੁਖਬੀਰ ਸਿੰਘ ਬਾਦਲ ਦੇ ਸੰਪਰਕ ਵਿਚ ਚੱਲ ਰਹੇ ਹਨ ਅਤੇ ਆਉਣ ਵਾਲੇ ਦਿਨਾਂ ‘ਚ ਅਕਾਲੀ ਦਲ ਹੋਰਨਾਂ ਹਮਖ਼ਿਆਲ ਪਾਰਟੀਆਂ ਨਾਲ ਮਿਲ ਕੇ ਭਾਜਪਾ ਨੂੰ ਕਈ ਝਟਕੇ ਦੇ ਸਕਦਾ ਹੈ।
ਹਰਿਆਣਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਲਗਾਤਾਰ ਵਧਾਉਣ ਦੀ ਨਵੀਂ ਰਣਨੀਤੀ ਉਲੀਕੀ ਹੈ।
ਅਕਾਲੀ ਹਲਕਿਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਸੁਖਬੀਰ ਬਾਦਲ ਨੇ ਹਰਿਆਣਾ ਚੋਣਾਂ ਨੂੰ ਲੈ ਕੇ ਹਰਿਆਣਾਂ ਦੇ ਵੱਡੀ ਗਿਣਤੀ ਲੀਡਰਾਂ ਨਾਲ ਲਗਾਤਾਰ 7 ਘੰਟੇ ਕਈ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਹਲਕਿਆਂ ਤੋਂ ਟਿਕਟਾਂ ਲਈ ਦਾਅਵੇਦਾਰੀ ਜਿਤਾਉਣ ਵਾਲੇ ਆਗੂਆਂ ਦੀ ਇੱਕ-ਇੱਕ ਕਰਕੇ ਇੰਟਰਵਿਊ ਲਈ ਅਤੇ ਉਨ੍ਹਾਂ ਦੀਆਂ ਦਲੀਲਾਂ ਸੁਣੀਆਂ। ਸੁਖਬੀਰ ਨੇ ਹਰਿਆਣਾ ਦੇ ਅਕਾਲੀ ਆਗੂਆਂ ਦੀ ਫੀਡਬੈਕ ਉਤੇ ਭਾਜਪਾ ਨੂੰ ਛੱਡ ਕੇ ਹਮਖ਼ਿਆਲ ਪਾਰਟੀਆਂ ਨਾਲ ਮਿਲ ਕੇ ਚੋਣਾਂ ਲੜਨ ਦਾ ਵੀ ਫੈਸਲਾ ਲਿਆ ਹੈ ਜਿਸ ਸਬੰਧੀ ਰਸਮੀ ਐਲਾਨ ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਵਲੋਂ ਕੀਤੀ ਜਾ ਸਕਦਾ ਹੈ। ਇਸ ਸਬੰਧੀ ਅਕਾਲੀ ਦਲ ਦੀ ਹਰਿਆਣਾ ਇਕਾਈ ਦੇ ਇੰਚਾਰਜ ਤੇ ਸੀਨੀਅਰ ਅਕਾਲੀ ਆਗੂ ਬਲਵਿੰਦਰ ਭੂੰਦੜ ਨੇ ਕਿਹਾ ਕਿ ਹਰਿਆਣਾ ਭਾਜਪਾ ਤੋਂ ਬਾਅਦ ਭਾਜਪਾ ਹਾਈਕਮਾਨ ਨਾਲ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਕੋਈ ਵੀ ਗੱਲ ਸਿਰ੍ਹੇ ਨਹੀਂ ਚੜ੍ਹੀ ਹੈ। ਸ਼੍ਰੋਮਣੀ ਅਕਾਲੀ ਦਲ=ਭਾਜਪਾ ਗਠਜੋੜ ਪੰਜਾਬ ਦੇ ਵਿੱਚ ਕੀ ਅਸਰ ਰਹੇਗਾ, ਇਸ ਬਾਰੇ ਭੂੰਦੜ ਨੇ ਗੱਲ ਸਮੇਂ ‘ਤੇ ਸੁੱਟ ਦਿੱਤੀ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਭੂੰਦੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੱਲ੍ਹ ਜਾਂ ਪਰਸੋਂ ਤੱਕ ਆਪਣੇ ਉਮੀਦਵਾਰ ਐਲਾਨ ਦੇਵੇਗਾ। ਇਸ ਦੇ ਨਾਲ ਇਹ ਵੀ ਖ਼ੁਲਾਸਾ ਕੀਤਾ ਜਾਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਸ ਦੇ ਗੱਠਜੋੜ ਨਾਲ ਚੋਣ ਲੜੇਗੀ।
ਜਾਣਕਾਰੀ ਮੁਤਾਬਕ ਅਕਾਲੀ ਲੀਡਰਸ਼ਿਪ ਦੀ ਅੱਜ ਇੱਥੇ ਹੋਈ ਮੀਟਿੰਗ ਵਿੱਚ ਦਾਅਵੇਦਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਉਮੀਦਵਾਰਾਂ ਦੇ ਨਾਂਆਂ ਦੀ ਸੂਚੀ ਤਿਆਰ ਕਰ ਲਈ ਗਈ ਹੈ। ਨਾਵਾਂ ਦੇ ਫਾਈਨਲਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਇੱਕ ਜਾਂ ਦੋ ਦਿਨਾਂ ਵਿੱਚ ਉਮੀਦਵਾਰਾਂ ਦਾ ਐਲਾਨ ਕਰੇਗਾ। ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਨ੍ਹਾਂ ਦਾ ਉਦੇਸ਼ ਹਰਿਆਣਾ ਤੋਂ ਕਾਂਗਰਸ ਨੂੰ ਦੂਰ ਕਰਨਾ ਹੈ ਅਤੇ ਵਿਕਾਸ ਕਰਨਾ ਹੈ। ਇਸ ਦੇ ਲਈ ਸਥਾਨਕ ਪਾਰਟੀਆਂ ਨਾਲ ਗੱਠਜੋੜ ਕੀਤਾ ਜਾ ਸਕਦਾ ਹੈ।
ਮੀਟਿੰਗ ਵਿੱਚ ਸ਼੍ਰੋਣੀ ਅਕਾਲੀ ਦਲ ਦੇ ਹਰਿਆਣਾ ਇੰਚਾਰਜ ਬਲਵਿੰਦਰ ਸਿੰਘ ਭੂੰਦੜ ,ਅਕਾਲੀ ਆਗੂ ਦਲਜੀਤ ਚੀਮਾ, ਬੀਬੀ ਜਗੀਰ ਕੌਰ ਅਤੇ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਾਂ ਪਾਈਆਂ ਜਾਣਗੀਆਂ। ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।