15 ਦਸੰਬਰ ਨੂੰ ਸਰਕਾਰੀ ਬਹੁਤਕਨੀਕੀ ਕਾਲਜ ਛੇਹਰਟਾ ਵਿਖੇ ਲਗੇਗਾ ਸਵੈ-ਰੋਜ਼ਗਾਰ ਕਮ ਪਲੇਸਮੈਂਟ ਕੈਂਪ
ਅੰਮ੍ਰਿਤਸਰ 13 ਦਸੰਬਰ
ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਅਧੀਨ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ 15 ਦਸੰਬਰ 2020 ਨੂੰ ਸਰਕਾਰੀ ਬਹੁਤਕਨੀਕੀ ਕਾਲਜ ਛੇਹਰਟਾ , ਅੰਮ੍ਰਿਤਸਰ ਵਿਖੇ ਸਵੈ-ਰੋਜ਼ਗਾਰ ਕਮ ਪਲੇਸਮੈਂਟ ਕੈਂਪ ਲਗਵਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਰਣਬੀਰ ਸਿੰਘ ਮੂਧਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਦਸੰਬਰ ਨੂੰ ਸਰਕਾਰੀ ਪੋਲੀਟੈਕਨਿਕ ਕਾਲਜ ਛੇਹਰਟਾ ਵਿੱਚ ਲੱਗਣ ਵਾਲੇ ਇਸ ਮੇਲੇ ਵਿੱਚ ਜਿਲੇ ਦੇ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਵਾਸਤੇ ਵੱਖ-ਵੱਖ ਬੈਂਕਾਂ ਵਲੋਂ ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਸਕੀਮ, ਪ੍ਰਧਾਨ ਮੰਤਰੀ ਮੁਧਰਾ ਯੋਜਨਾ ਅਤੇ ਸਟੈਂਡ ਅੱਪ ਇੰਡੀਆ ਸਕੀਮ ਅਧੀਨ ਲੋਨ ਮੁਹੱਈਆ ਕਰਵਾਏ ਜਾਣਗੇ। ਇਨਾਂ ਮੇਲਿਆਂ ਵਿੱਚ ਅੰਮ੍ਰਿਤਸਰ ਜਿਲੇ ਦੇ ਸਾਰੇ ਸਰਕਾਰੀ/ਪ੍ਰਾਈਵੇਟ ਬੈਂਕਾਂ ਅਤੇ ਸਵੈ ਰੋਜ਼ਗਾਰ ਨਾਲ ਸਬੰਧਿਤ ਵਿਭਾਗਾਂ ਵਲੋਂ ਹਿੱਸਾ ਲਿਆ ਜਾਵੇਗਾ। ਉਨਾਂ ਦੱਸਿਆ ਕਿ ਇਸ ਮੇਲੇ ਵਿੱਚ ਖਾਸ ਤੌਰ ਤੇ ਪਲੇਸਮੈਂਟ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਨੌਕਰੀਆਂ ਦੇ ਚਾਹਵਾਨ ਨੌਜਵਾਨਾਂ ਨੂੰ ਮੌਕੇ ਤੇ ਇੰਟਰਵਿਊ ਕਰਨ ਵਾਸਤੇ ਪ੍ਰਮੁੱਖ ਪ੍ਰਾਈਵੇਟ ਕੰਪਨੀਆਂ ਐਸ.ਬੀ.ਆਈ ਲਾਈਫ ਇੰਸ਼ੋਰੈਸ਼, ਮੈਕਸ ਲਾਈਫ ਇੰਸ਼ੋਰੈਂਸ, ਔਕਟੂਪਸ, ਅਜਾਈਲ ਹਰਬਲ, ਪੁਖਰਾਜ ਅਤੇ ਐਂਨ.ਆਈ.ਆਈ.ਟੀ ਵਲੋਂ ਭਾਗ ਲਿਆ ਜਾਵੇਗਾ। ਉਨਾਂ ਨੇ ਜਿਲੇ ਦੇ ਨੌਜਵਾਨਾਂ ਇਸ ਮੇਲੇ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਨ ਦੀ ਅਪੀਲ ਕੀਤੀ।
ਡਿਪਟੀ ਡਾਇਰੈਕਟਰ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਵਿਕਰਮਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਕਤੂਬਰ ਅਤੇ ਨਵੰਬਰ ਮਹੀਨੇ ਦੌਰਾਨ ਲਗਭਗ 4123 ਪ੍ਰਾਰਥੀਆਂ ਨੂੰ ਆਪਣੇ ਰੋਜ਼ਗਾਰ ਵਾਸਤੇ ਕਰਜੇ ਮੁਹੱਈਆ ਕਰਵਾਏ ਜਾ ਚੁੱਕੇ ਹਨ ਅਤੇ ਦਸੰਬਰ ਮਹੀਨੇ ਦੇ ਅੰਤ ਤੱਕ 7800 ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਵਾਸਤੇ ਲੋਨ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਗਿਆ ਹੈ।