ਕੋਵਿਡ-19 ਦੀ ਸਾਵਧਾਨੀਆਂ ਪ੍ਰਤੀ ਸੁਚੇਤ ਰਹਿ ਕੇ 99 ਫੀਸਦੀ ਹੋ ਸਕਦਾ ਕੰਟਰੋਲ-ਡਿਪਟੀ ਕਮਿਸ਼ਨਰ
*ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ
*ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਨੇ ਲਾਈਵ ਪ੍ਰੋਗਰਾਮ ਦੌਰਾਨ ਲੋਕਾਂ ਦੇ ਸਵਾਲਾਂ ਦੇ ਦਿੱਤੇ ਜਵਾਬ
ਸੰਗਰੂਰ, 17 ਸਤੰਬਰ:
ਕੋਰੋਨਾ ਮਹਾਂਮਾਰੀ ਦੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰੇਕ ਜ਼ਿਲਾ ਵਾਸੀਆ ਨੂੰ ਸਾਵਧਾਨੀਆਂ ਅਪਨਾਉਣ ’ਤੇ ਜ਼ੋਰ ਦੇਣਾ ਚਾਹੀਦਾ ਹੈ। ਜੇਕਰ ਲੋਕ ਬਾਹਰ ਨਿਕਲਣ ਵੇਲੇ ਮਾਸਕ ਦੀ ਵਰਤੋਂ, ਸਾਮਾਜਿਕ ਦੂਰੀ ਅਤੇ ਹੱਥ ਸਾਫ਼ ਰੱਖਣ ਲਈ ਸਾਬਣ ਜਾਂ ਸੈਨੀਟਾਈਜ਼ਰ ਦੀ ਵਰਤੋਂ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾ ਲੈਣ ਤਾਂ 99 ਫ਼ੀਸਦੀ ਕੋਰੋਨਾ ਮਹਾਂਮਾਰੀ ’ਤੇ ਕੰਟਰੋਲ ਹੋ ਸਕਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਮਿਸ਼ਨ ਫਤਿਹ ਮੁਹਿੰਮ ਨੂੰ ਸਪਰਪਿਤ ਆਪਣੇ ਹਫ਼ਤਾਵਾਰੀ ਫੇਸਬੁੱਕ ਪੇਜ਼ ਲਾਈਵ ਪ੍ਰੋਗਰਾਮ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਦਿਨੀ ਲੋੜਵੰਦ ਲੋਕਾਂ ਨੂੰ ਮਾਸਕ ਵੰਡਣ ਵੇਲੇ ਉਨਾਂ ਖੁਦ ਮਹਿਸੂਸ ਕੀਤਾ ਲੋਕ ਮਾਸਕ ਦੀ ਮਹੱਤਤਾ ਤੋਂ ਭਲੀ ਭਾਂਤ ਜਾਣੂ ਹਨ, ਬਾਵਜੂਦ ਮਾਸਕ ਦੀ ਵਰਤੋਂ ਨਹੀ ਕਰਦੇ। ਉਨਾਂ ਕਿਹਾ ਕਿ ਸਿਹਤ ਵਿਭਾਗ ਦੇ ਮਾਹਿਰਾਂ ਮੁਤਾਬਿਕ ਕੋਵਿਡ-19 ਦੇ ਲੱਛਣਾਂ ਦੀ ਸੂਰਤ ’ਚ ਤੁਰੰਤ ਟੈਸਟ ਕਰਵਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਵੱਖ ਵੱਖ ਥਾਂਵਾਂ ਤੇ ਮਾਸਕ ਵੰਡਣ ਮੌਕੇ ਉਨਾਂ ਨੂੰ 90 ਫੀਸਦੀ ਕੱਪੜਾ ਵਪਾਰੀਆਂ ਨੇ ਕੱਪੜੇ ਖਰੀਦਣ ਲਈ ਆਉਣ ਵਾਲੇ ਗ੍ਰਾਹਕ ਨੰੂ ਮੁਫ਼ਤ ਮਾਸਕ ਦੇਣ ਦਾ ਭਰੋਸਾ ਦਿੱਤਾ ਹੈ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਔਖੇ ਸਮੇਂ ਦੌਰਾਨ ਕੋਵਿਡ-19 ਦੀਆਂ ਸਾਵਧਾਨੀਆਂ ਨੂੰ ਧਿਆਨ ’ਚ ਰੱਖ ਕੇ ਰੋਜ਼ਾਨਾ ਦੇ ਕੰਮਾਂ ਨੂੰ ਨਜਿੱਠਿਆ ਜਾਵੇ।
ਸ੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲੇ ਅੰਦਰ ਬੀਤੇ ਦਿਨ ਤੱਕ 62 ਹਜ਼ਾਰ 439 ਕੋਵਿਡ-19 ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਹਨ, ਜਿਸਦੇ ਵਿੱਚੋਂ 58 ਹਜ਼ਾਰ 610 ਸੈਂਪਲ ਨੈਗਟਿਵ ਅਤੇ 2929 ਪਾਜ਼ਟਿਵ ਪਾਏ ਗਏ ਹਨ। ਉਨਾਂ ਦੱਸਿਆ ਕਿ 900 ਨਤੀਜ਼ੇ ਦੀ ਰਿਪੋਰਟ ਆਉਣੀ ਬਾਕੀ ਹੈ। ਉਨਾਂ ਜ਼ਿਲਾ ਵਾਸੀਆ ਨੂੰ ਮੁੜ ਦੁਹਰਾਇਆ ਕਿ ਕੋਰੋਨਾ ਮਹਾਂਮਾਰੀ ਨੂੰ ਗੰਭੀਰਤਾ ਨਾਲ ਲੈਣ ਅਤੇ ਸਮੇਂ ਨਾਲ ਟੈਸਟ ਕਰਵਾਉਣਾ ਯਕੀਨੀ ਬਣਾਉਣ, ਤਾਂ ਜੋ ਇਸਦੀ ਚੇਨ ਨੂੰ ਤੋੜਿਆ ਜਾ ਸਕੇ। ਉਨਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਕੋਵਿਡ-19 ਨੂੰ ਹਰਾਇਆ ਜਾ ਸਕਦਾ ਹੈ।
ਉਨਾਂ ਕਿਹਾ ਕਿਸਾਨਾਂ ਨੂੰ ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਵੀ ਕੀਤੀ। ਉਨਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਪ੍ਰਕਾਸ਼ ਪੂਰਬ ’ਤੇ ਹਰੇਕ ਪਿੰਡ ਪੱਧਰ ’ਤੇ 400 ਬੂਟੇ ਲਗਾਉਣ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਿਆ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਵੀ ਜ਼ਿਲਾ ਸੰਗਰੂਰ ਨੂੰ ਹਰਿਆ ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਮਿਸ਼ਨ ਫਤਿਹ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਨੇ ਲਾਈਵ ਪ੍ਰੋਗਰਾਮ ਦੌਰਾਨ ਜ਼ਿਲਾ ਵਾਸੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।