ਪੀ.ਐਸ.ਐਮ.ਐਸ.ਯੂ ਵੱਲੋਂ ਦਿੱਤੀ ਹੜਤਾਲ ਦੀ ਕਾਲ ਦੇ ਹੱਕ ਵਿੱਚ ਡਟੇ ਸਕੱਤਰੇਤ ਦੇ ਮੁਲਾਜ਼ਮ-ਆਉਣ ਵਾਲੇ ਸਮੇਂ ਵਿੱਚ ਕਰ ਸਕਦੇ ਹਨ ਵੱਡਾ ਐਕਸ਼ਨ

PUNJABUPDATE.COM

ਚੰਡੀਗੜ੍ਹ, 12 ਫਰਵਰੀ

   ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਬੈਠਦੇ ਸਮੂਹ ਦਫਤਰਾਂ ਦੀ ਸਾਂਝੀ ਐਕਸ਼ਨ ਕਮੇਟੀ, ਜਿਸ ਵਿੱਚ ਸਕੱਤਰੇਤ ਦੀ ਬਿਲਡਿੰਗ ਵਿੱਚ ਬੈਠਦੇ ਸਮੂਹ ਦਫਤਰਾਂ ਦੀਆਂ ਐਸੋਸੀਏਸ਼ਨਾਂ ਦੇ ਨੁਮਾਂਇੰਦੇ ਹਾਜ਼ਰ ਸਨ, ਵੱਲੋਂ ਸਰਕਾਰ ਵੱਲੋਂ ਦਿੱਤੀ 6% ਡੀ.ਏ ਦੀ ਕਿਸ਼ਤ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋਏ ਦੱਸਿਆ ਕਿ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ 4 ਕਿਸ਼ਤਾਂ (5ਵੀਂ ਜਨਵਰੀ 2019 ਵਿੱਚ ਡਿਊ ਹੈ) ਅਤੇ 22 ਮਹੀਨਿਆਂ ਦੇ ਏਰੀਅਰ ਬਾਰੇ ਸਰਕਾਰ ਵੱਲੋਂ ਚੁੱਪੀ ਧਾਰੀ ਹੋਈ ਹੈ ਅਤੇ ਸਰਕਾਰ ਦੀ ਨੀਯਤ ਹੁਣ ਮੁਲਾਜ਼ਮਾਂ ਦੇ ਬਾਕੀ ਲਾਭ ਦੱਬਣ ਦੀ ਜਾਪਦੀ ਹੈ।  ਇਸ ਤੋਂ ਇਲਾਵਾ ਮੁਲਾਜ਼ਮਾਂ ਦੀਆਂ ਹੋਰ ਵਿੱਤੀ ਅਤੇ ਗ਼ੈਰ ਵਿੱਤੀ ਮੰਗਾਂ ਸਬੰਧੀ ਵੀ ਸਰਕਾਰ ਸੁਹਿਰਦ ਨਹੀਂ ਜਾਪਦੀ। 

            ਦੱਸਣਯੋਗ ਹੈ ਕਿ ਪਿਛਲੇ ਦਿਨੀ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਏ ਤੀਖ਼ੇ ਸੰਘਰਸ਼ ਉਪਰੰਤ ਸਰਕਾਰ ਵੱਲੋਂ ਜੱਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਹੜਤਾਲ ਨਾ ਕਰਨ ਲਈ ਬੇਨਤੀ ਕੀਤੀ ਕਿਉਂਜੋ ਸਰਕਾਰ ਮੁਲਾਜ਼ਮ ਨੂੰ ਡੀ.ਏ. ਅਤੇ ਹੋਰ ਲਾਭ ਦੇਣ ਦਾ ਮਨ ਬਣਾ ਚੁੱਕੀ ਹੈ।  ਪ੍ਰੰਤੂ, ਮਿਤੀ 08.02.2019 ਨੂੰ ਹੋਈ ਕੈਬਿਨਟ ਮੀਟਿੰਗ ਵਿੱਚ ਮੁਲਾਜ਼ਮਾਂ ਨੂੰ 16% ਦੀ ਬਜਾਏ ਕੇਵਲ 6% ਡੀ.ਏ. ਫਰਵਰੀ ਮਹੀਨੇ ਤੋਂ ਦੇਣ ਦਾ ਐਲਾਨ ਹੋਇਆ।  ਸਰਕਾਰ ਵੱਲੋਂ ਇਹ ਵੀ ਸਪਸ਼ਟ ਨਹੀਂ ਕੀਤਾ ਗਿਆ ਕਿ ਇਹ ਡੀ.ਏ. ਕਿਹੜੇ ਸਾਲ ਦਾ ਪੈਡਿੰਗ ਹੈ ਅਤੇ ਇਸਦੇ ਏਰੀਅਰ ਦੀ ਅਦਾਇਗੀ ਕਿਵੇਂ ਕੀਤੀ ਜਾਵੇਗੀ।  ਇਸ ਤੋਂ ਸਰਕਾਰ ਦੀ ਬਦਨੀਤੀ ਜਾਹਿਰ ਹੋ ਰਹੀ ਹੈ।  ਮਨਿਸਟੀਰੀਅਲ ਅਮਲੇ ਦੀ ਸੱਭ ਤੋਂ ਵੱਡੀ ਜੱਥੇਬੰਦੀ ਪੀ.ਐਸ.ਐਮ.ਐਸ.ਯੂ. ਪਹਿਲਾਂ ਹੀ ਮਿਤੀ 13.02.2019 ਤੋਂ ਮਿਤੀ 18.02.2019 ਤੱਕ ਸਮੂਚਾ ਕੰਮ ਕਾਜ ਠੱਪ ਕਰਨ ਦਾ ਨੋਟਿਸ ਸਰਕਾਰ ਨੂੰ ਦੇ ਚੁੱਕੀ ਹੈ ਅਤੇ ਹੁਣ ਪੰਜਾਬ ਸਿਵਲ ਸਕੱਤਰੇਤ ਦੀਆਂ ਸਾਰੀਆਂ ਜੱਥੇਬੰਦੀਆਂ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ (ਜਿਸ ਵਿੱਚ ਪੰਜਾਬ ਅਤੇ ਯੂ.ਟੀ. ਦੀਆਂ 22 ਜੱਥੇਬੰਦੀਆਂ ਸ਼ਾਮਿਲ ਹਨ) ਵੱਲੋਂ ਵੀ ਪੀ.ਐਸ.ਐਮ.ਐਸ.ਯੂ. ਦੇ ਇਨ੍ਹਾਂ ਐਕਸ਼ਨਾਂ ਦੀ ਹਮਾਇਤ ਕਰਦਿਆਂ ਭਵਿੱਖ ਵਿੱਚ ਸਕੱਤਰੇਤ ਵਿਖੇ ਵੱਡੇ ਐਕਸ਼ਨ ਕਰਨ ਦਾ ਫੈਸਲਾ ਲਿਆ ਹੈ।  ਮਿਤੀ 13.02.2019 ਅਤੇ 14.02.2019 ਨੂੰ ਕਾਲੇ ਬਿੱਲੇ ਲਗਾਕੇ ਰੋਸ ਪ੍ਰਗਟ ਕੀਤਾ ਜਾਵੇਗਾ ਅਤੇ ਜੇਕਰ ਸਰਕਾਰ ਵੱਲੋਂ ਜੱਥੇਬੰਦੀ ਨੂੰ ਗੱਲਬਾਤ ਲਈ ਨਾ ਬੁਲਾਇਆ ਗਿਆ ਤਾਂ ਮਿਤੀ 15.02.2019 ਪੰਜਾਬ ਸਿਵਲ ਸਕੱਤਰੇਤ ਵਿਖੇ ਹੜਤਾਲ ਕੀਤੀ ਜਾਵੇਗੀ।  ਜੁਆਇੰਟ ਐਕਸ਼ਨ ਕਮੇਟੀ ਵੱਲੋਂ ਕਿਹਾ ਗਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਜਿਵੇਂ ਕਿ ਜਿਵੇਂ ਕਿ ਪਿਛਲੇ 22 ਮਹੀਨਿਆਂ ਦੇ ਡੀ.ਏ ਏਰੀਅਰ, 2017 ਤੋਂ ਪੈਂਡਿੰਗ 4 ਡੀ.ਏ, ਪੇਅ ਕਮਿਸ਼ਨ, 15.01.2015 ਤੋਂ ਬਾਅਦ ਭਰਤੀ ਕਰਮਚਾਰੀਆਂ ਨੂੰ ਪੰਜਾਬ ਰਾਜ ਦੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਸਕੇਲ ਦੇਣਾ, ਪੁਰਾਣੀ ਪੈਂਨਸ਼ਨ ਸਕੀਮ ਲਾਗੂ ਕਰਨਾ, ਪ੍ਰੋਬੇਸ਼ਨ ਸਮੇਂ ਨੂੰ ਕੁਆਲੀਫਾਈਂਗ ਸਰਵਿਸ ਵਿੱਚ ਗਿਣਨਾ, ਆਉਟ ਸੋਰਸ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਖਾਲੀ ਪਈਆਂ ਅਸਾਮੀਆਂ ਭਰਨਾ, ਸਿੱਖਿਆ ਵਿਭਾਗ ਦੇ ਕਲੈਰੀਕਲ ਅਮਲੇ ਦੀਆਂ ਦੂਰ-ਦੁਰਾਡੇ ਕੀਤੀਆਂ ਬਦਲੀਆਂ ਰੱਦ ਕਰਨਾ ਆਦਿ ਸਬੰਧੀ ਸਰਕਾਰ ਆਪਣਾ ਪੱਖ ਸਪਸ਼ਟ ਕਰੇ।  ਇਸ ਮੌਕੇ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਐਨ.ਪੀ ਸਿੰਘ, ਜਨਰਲ ਸਕੱਤਰ ਗੁਰਿੰਦਰ ਸਿੰਘ ਭਾਟੀਆ, ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਤੋਂ ਜਗਦੀਪ ਕਪਿਲ ਕੋਆਰਡੀਨੇਟਰ, ਮਨਜਿੰਦਰ ਕੌਰ ਮੀਤ ਪ੍ਰਧਾਨ (ਮਹਿਲਾ),ਸੁਖਜੀਤ ਕੌਰ ਜੁਆਇੰਟ ਪ੍ਰੇੱਸ ਸਕੱਤਰ, ਗੁਰਪ੍ਰੀਤ ਸਿੰਘ ਜਨਰਲ ਸਕੱਤਰ, ਸੁਸ਼ੀਲ ਕੁਮਾਰ ਸੰਯੁਕਤ ਜਨਰਲ ਸਕੱਤਰ, ਨੀਰਜ ਕੁਮਾਰ ਪ੍ਰੈੱਸ ਸਕੱਤਰ, ਮਿਥੁਨ ਚਾਵਲਾ ਵਿੱਤ ਸਕੱਤਰ, ਪ੍ਰਵੀਨ ਕੁਮਾਰ ਸੰਯੁਕਤ ਵਿੱਤ ਸਕੱਤਰ, ਅਮਰਵੀਰ ਸਿੰਘ ਗਿੱਲ ਸੰਯੁਕਤ ਦਫਤਰ ਸਕੱਤਰ, ਦਲਜੀਤ ਸਿੰਘ, ਵਿੱਤੀ ਕਮਿਸ਼ਨਰ ਸਕੱਤਰੇਤ ਦੇ ਮੁਲਾਜ਼ਮ ਆਗੂ ਭੁਪਿੰਦਰ ਸਿੰਘ, ਜਸਵਿੰਦਰ ਸਿਘ ਗੋਲਡੀ, ਕੁਲਵੰਤ ਸਿੰਘ, ਦਰਜਾ-4 ਐਸੋਸੀਏਸ਼ਨ ਦੇ ਪ੍ਰਧਾਨ ਸ. ਬਲਰਾਜ ਸਿੰਘ ਦਾਊਂ, ਜਸਵੀਰ ਸਿੰਘ ਪ੍ਰਾਹੁਣਚਾਰੀ ਵਿਭਾਗ ਤੋਂ ਮਹੇਸ਼ ਚੰਦਰ, ਰਿਟਾਇਰੀ ਮੁਲਾਜ਼ਮ ਆਗੂ ਪ੍ਰੇਮ ਦਾਸ ਅਤੇ ਦਰਸ਼ਨ ਸਿੰਘ ਪਤਲੀ, ਡਰਾਈਵਰ ਐਸੋਸੀਏਸ਼ਨ ਤੋਂ ਮੋਹਨ ਸਿੰਘ, ਨਿੱਜੀ ਸਟਾਫ ਐਸੋਸੀਏਸ਼ਨ ਤੋਂ ਮਲਕੀਤ ਸਿੰਘ ਔਜਲਾ, ਸੁਦੇਸ਼ ਕੁਮਾਰੀ, ਜਸਵੀਰ ਕੌਰ, ਆਦਿ ਨੇ ਭਾਗ ਲਿਆ।

 

Read more