7 ਵਿਧਾਨ ਸਭਾ ਹਲਕਿਆਂ ‘ਤੇ ਜ਼ਿਮਨੀ ਚੋਣ ਦੀ ਤਲਵਾਰ ਲਟਕੀ–5 ਆਪ ਵਿਧਾਇਕਾਂ ਦੀ ਖੁੱਸ ਸਕਦੀ ਹੈ ਵਿਧਾਇਕੀ ! -ਝਾੜੂ ਛੱਡ ਕੇ ‘ਪੰਜੇ’ ਹੱਥੀਂ ਚੜ੍ਹਣ ਵਾਲੇ 2 ਆਪ ਵਿਧਾਇਕ ਅੱਜ ਹੋਣਗੇ ਪੇਸ਼

ਚੰਡੀਗੜ੍ਹ, 21 ਮਈ
ਲੋਕ ਸਭਾ ਚੋਣਾਂ ਦੇ ਭਲਕੇ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਪੰਜਾਬ ਦੇ 7  ਦੇ ਕਰੀਬ ਵਿਧਾਨ ਸਭਾ ਹਲਕਿਆਂ ਲਈ ਜ਼ਿਮਨੀ ਚੋਣਾਂ ਦਾ ਬਿਗਲ ਵੱਜ ਸਕਦਾ ਹੈ। ਸੱਤਾਧਿਰ ਕਾਂਗਰਸ ਸੂਬੇ ਦੀਆਂ 13 ਸੀਟਾਂ ਉਤੇ ਆਉਣ ਵਾਲੇ ਨਤੀਜਿਆਂ ਨੂੰ ਵੇਖ ਕੇ ਲੱਗਦੇ ਹੱਥ ਜ਼ਿਮਨੀ ਚੋਣਾਂ ਕਰਾਉਣ ਦੀ ਵੀ ਘੌਲ੍ਹ ਨਹੀਂ ਕਰੇਗੀ। ਇਸ ਦੇ ਲਈ ਕਾਂਗਰਸ ਨੇ ਹੁਣੇ ਤੋਂ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜਿਹੜੇ 7 ਵਿਧਾਨ ਸਭਾ ਹਲਕਿਆਂ ‘ਤੇ ਮੁੜ ਚੋਣਾਂ ਹੋਣ ਦੀ ਤਲਵਾਰ ਲਟਕ ਰਹੀ ਹੈ ਉਨ੍ਹਾਂ ਵਿਚ ਮਾਨਸਾ, ਰੋਪੜ, ਭੁਲੱਥ, ਦਾਖਾ, ਜੈਤੋਂ ਤੋਂ ਇਲਾਵਾ ਜੇਕਰ ਫਿਰੋਜ਼ਪੁਰ ਲੋਕ ਸਭਾ ਸੀਟ ਤੋਂ ਜਲਾਲਾਬਾਦ ਦੇ ਵਿਧਾਇਕ ਸੁਖਬੀਰ ਸਿੰਘ ਬਾਦਲ ਜਿੱਤ ਜਾਂਦੇ ਹਨ ਤਾਂ ਜਲਾਲਾਬਾਦ ਵਿਧਾਨ ਸਭਾ ਹਲਕੇ ਲਈ ਵੀ ਜ਼ਿਮਨੀ ਚੋਣ ਹੋ ਸਕਦੀ ਹੈ। ਹੁਸ਼ਿਆਰਪੁਰ ਲੋਕ ਸਭਾ ਸੀਟ ਲਈ ਚੋਣ ਲੜ ਰਹੇ 2 ਮੌਜ਼ੂਦਾ ਵਿਧਾਇਕਾਂ ਸੋਮ ਪ੍ਰਕਾਸ਼ (ਅਕਾਲੀ-ਭਾਜਪਾ) ਅਤੇ ਰਾਜ ਕੁਮਾਰ ਚੱਬੇਵਾਲ ਵਿਚੋਂ ਜੇਕਰ ਕੋਈ ਇੱਕ ਜਿੱਤ ਗਿਆ ਤਾਂ ਇੱਥੇ ਵੀ ਇੱਕ ਹਲਕੇ ਲਈ ਜ਼ਿਮਨੀ ਚੋਣ ਹੋ ਸਕਦੀ ਹੈ। ਮੁਕਾਬਲਾ ਦੋਵਾਂ ਵਿਚਕਾਰ ਸਖ਼ਤ ਬਣਿਆ ਹੋਇਆ।
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਣਾਂ ਦੌਰਾਨ ਕੇਜਰੀਵਾਲ ਦਾ ਝਾੜੂ ਛੱਡ ਕੇ ਕਾਂਗਰਸ ਦੇ ‘ਪੰਜੇ’ ਹੱਥ ਚੜ੍ਹਣ ਵਾਲੇ ਦੋ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਸਪੀਕਰ ਨੇ ਅੱਜ ਮੰਗਲਵਾਰ ਸਵੇਰੇ ਆਪਣਾ ਪੱਖ ਰੱਖਣ ਲਈ ਬੁਲਾਇਆ ਹੈ। ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਅਤੇ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਵਿਧਾਇਕ ਪਦ ਤੋਂ ਅਸਤੀਫੇ ਦੇ ਦਿੱਤੇ ਸਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਨਾਜਰ ਸਿੰਘ ਨੂੰ ਸਵੇਰੇ 11 ਵਜੇ ਅਤੇ ਅਮਰਜੀਤ ਸੰਦੋਆ ਨੂੰ 12 ਵਜੇ ਸਪੀਕਰ ਵਲੋਂ ਬੁਲਾਇਆ ਗਿਆ ਹੈ। ਦੋਵਾਂ ਦਾ ਪੱਖ ਸੁਣਨ ਤੋਂ ਬਾਅਦ ਸਪੀਕਰ ਵਲੋਂ ਅਸਤੀਫੇ ਮਨਜ਼ੂਰ ਕਰਨ ਸਬੰਧੀ ਅੰਤਿਮ ਫੈਸਲਾ ਲਿਆ ਜਾਵੇਗਾ।  

ਉਕਤ ਦੋਵੇਂ ਵਿਧਾਇਕਾਂ ਦੇ ਇਲਾਵਾ ਭੁਲੱਥ ਹਲਕੇ ਤੋਂ ਵਿਧਾਇਕ ਅਤੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਵੀ ਵਿਧਾਨ ਸਭਾ ਦੇ ਸਪੀਕਰ ਵਲੋਂ ਕਲ੍ਹ ਮੰਗਲਵਾਰ ਨੂੰ ਪੇਸ਼ ਹੋਣ ਲਈ ਨੋਟਿਸ ਭੇਜਿਆ ਹੋਇਆ ਸੀ ਪ੍ਰੰਤੂ ਖਹਿਰਾ ਦਾ ਕਹਿਣਾ ਹੈ ਕਿ ਉਹ ਅੱਜ  ਪੇਸ਼ ਨਹੀਂ ਹੋ ਸਕਣਗੇ। ਇਸ ਸਬੰਧੀ ਸਪੀਕਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਬਠਿੰਡਾ ਲੋਕ ਸਭਾ ਚੋਣ ‘ਚ ਰੁੱਝੇ ਹੋਣ ਕਾਰਨ ਕੁੱਝ ਸਮੇਂ ਦੀ ਮੋਹਲਤ ਦਿੱਤੀ ਜਾਵੇ। ਇੱਥੇ ਇਹ ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਨੇ ਵੀ ਲੋਕ ਸਭਾ ਚੋਣਾਂ ਦੌਰਾਨ ਆਪਣੇ ਵਿਧਾਇਕ ਪਦ ਦੇ ਅਹੁਦੇ ਤੋਂ ਅਸਤੀਫਾ ਸਪੀਕਰ ਨੂੰ ਭੇਜਿਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਉਨ੍ਹਾਂ ਖਿਲਾਫ਼ ਆਦਮੀ ਪਾਰਟੀ ਨੇ ਦਲ ਬਦਲੂ ਕਾਨੂੰਨ ਤਹਿਤ ਕਾਰਵਾਈ ਕਰਨ ਲਈ ਵਿਧਾਨ ਸਭਾ ਦੇ ਸਪੀਕਰ ਨੂੰ ਸ਼ਿਕਾਇਤ ਦਿੱਤੀ ਸੀ। ਆਮ ਆਦਮੀ ਪਾਰਟੀ ਨੇ ਖਹਿਰਾ ਨੂੰ ਵਿਧਾਇਕ ਪਦ ਦੇ ਅਹੁਦੇ ਤੋਂ ਬਰਖਾਸਤ ਕਰਨ ਕਰਨ ਦੀ ਮੰਗ ਕੀਤੀ ਸੀ। 


ਇੱਥੇ ਇਹ ਦੱਸਣਯੋਗ ਹੈ ਕਿ ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ ਅਤੇ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੀਆਂ ਟਿਕਟਾਂ ਉਤੇ ਵਿਧਾਇਕ ਬਣੇ ਸਨ। ਜਿੱਤਣ ਤੋਂ ਲਗਭਗ ਇੱਕ ਸਾਲ ਬਾਅਦ ਹੀ ਆਪ ਦੇ ਅੱਧੀ ਦਰਜਨ ਬਾਗੀ ਵਿਧਾਇਕਾਂ ਨੇ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਵਾਲਿਆਂ ਖਿਲਾਫ਼ ਬਗਾਵਤ ਦਾ ਝੰਡਾ ਚੁੱਕਦਿਆਂ ਵੱਖਰਾ ਧੜ੍ਹਾ ਬਣਾ ਲਿਆ ਸੀ। ਇਸ ਧੜ੍ਹੇ ਵਿਚ ਭੁਲੱਥ ਹਲਕੇ  ਤੋਂ ਸੁਖਪਾਲ ਖਹਿਰਾ, ਮਾਨਸਾ ਹਲਕੇ ਤੋਂ ਨਾਜਰ ਸਿੰਘ ਮਾਨਸ਼ਾਹੀਆ, ਖਰੜ ਹਲਕੇ ਤੋਂ ਕੁੰਵਰ ਸਿੰਘ ਸੰਧੂ, ਮੌੜ ਹਲਕੇ ਤੋਂ ਜਗਦੇਵ ਸਿੰਘ, ਜੈਤੋਂ ਹਲਕੇ ਤੋਂ ਮਾਸਟਰ ਬਲਦੇਵ ਸਿੰਘ, ਭਦੌੜ ਹਲਕੇ ਤੋਂ ਪਿਰਮਲ ਸਿੰਘ ਅਤੇ ਰਾਏਕੋਟ ਹਲਕੇ ਤੋਂ ਜਗਤਾਰ ਸਿੰਘ ਜੱਗਾ ਦੇ ਨਾਮ ਸ਼ਾਮਲ ਸਨ। ਇੱਕ ਸਾਲ ਦੇ ਕਰੀਬ ਇਨ੍ਹਾਂ ਵਿਧਾਇਕਾਂ ਦਾ ਧੜ੍ਹਾ ਕਾਇਮ ਰਿਹਾ ਪ੍ਰੰਤੂ ਲੋਕ ਸਭਾ ਚੋਣਾਂ ਦੇ ਨੇੜੇ ਆਉਂਦੇ ਹੀ ਇਨ੍ਹਾਂ ਵਿਚ ਆਪਸੀ ਫੁੱਟ ਸਾਹਮਣੇ ਆਉਣ ਲੱਗੀ। ਧੜ੍ਹੇ ਦੀ ਅਗਵਾਈ ਕਰ ਰਹੇ ਸੁਖਪਾਲ ਸਿੰਘ ਖਹਿਰਾ ਵਲੋਂ ਆਪ ਤੋਂ ਅਸਤੀਫਾ ਦੇ ਕੇ ਪੰਜਾਬੀ ਏਕਤਾ ਪਾਰਟੀ ਬਣਾ ਲਈ ਗਈ ਅਤੇ ਧੜ੍ਹੇ ਵਿਚ ਸ਼ਾਮਲ ਆਪ ਵਿਧਾਇਕਾਂ ਨੇ ਖਹਿਰਾ ਨੂੰ ਬਾਹਰੋਂ ਬਾਹਰ ਸਮਰੱਥਨ ਦੇਣ ਦਾ ਫੈਸਲਾ ਕੀਤਾ। ਪ੍ਰੰਤੂ ਹੌਲੀ ਹੌਲੀ ਇਨ੍ਹਾਂ ਵਿਚੋਂ ਕਈ ਵਿਧਾਇਕਾਂ ਨੇ ਖਹਿਰਾ ਨੂੰ ਛੱਡ ਕੇ ਸੱਤਾਧਿਰ ਕਾਂਗਰਸ ਦੀ ਅਗਵਾਈ ਕਬੂਲਣ ਦਾ ਫੈਸਲਾ ਕਰ ਲਿਆ। 
ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਦੇ ਭਵਿੱਖ ਬਾਰੇ ਅੰਤਿਮ ਫੈਸਲਾ ਵਿਧਾਨ ਸਭਾ ਦੇ ਸਪੀਕਰ ਵਲੋਂ ਲਿਆ ਜਾਣਾ ਹੈ।  ਆਪ ਵਿਧਾਇਕ ਐਚਐਸ ਫੂਲਕਾ, ਨਾਜਰ ਸਿੰਘ ਮਾਨਸ਼ਾਹੀਆ, ਅਮਰਜੀਤ ਸਿੰਘ ਸੰਦੋਆ, ਸੁਖਪਾਲ ਸਿੰਘ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਵਿਧਾਇਕੀ ਬਾਰੇ ਫੈਸਲਾ ਹੁਣ ਵਿਧਾਨ ਸਭਾ ਦੇ ਸਪੀਕਰ ਵਲੋਂ ਲਿਆ ਜਾਣਾ ਬਾਕੀ ਹੈ।  


5 ਆਪ ਵਿਧਾਇਕਾਂ ਦੀ ਖੁੱਸੇਗੀ ਵਿਧਾਇਕੀ 
1. ਦਾਖਾ ਹਲਕੇ ਤੋਂ ਆਪ ਵਿਧਾਇਕ ਐਚ.ਐਸ. ਫੂਲਕਾ 
2. ਮਾਨਸਾ ਹਲਕੇ ਤੋ ਆਪ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ
3. ਰੋਪੜ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ
4. ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ
5. ਮਾਸਟਰ ਬਲਦੇਵ ਸਿੰਘ ਵੀ ਜੈਤੋਂ ਹਲਕੇ ਤੋਂ ਆਪ ਦੇ  ਬਾਗੀ ਵਿਧਾਇਕ ਹਨ ਪ੍ਰੰਤੂ ਉਨ੍ਹਾਂ ਖਿਲਾਫ਼ ਕਾਰਵਾਈ ਕਰਾਉਣ ਲਈ ਆਮ ਆਦਮੀ ਪਾਰਟੀ ਅਜੇ ਵਿਚਾਰ ਕਰ ਰਹੀ ਹੈ। ਉਨ੍ਹਾਂ ਦੇ ਅਸਤੀਫੇ ਬਾਰੇ ਭੰਬਲਭੂਸਾ ਬਣਿਆ ਹੋਇਆ ਹੈ। ਚਰਚਾ ਹੈ ਕਿ ਉਨ੍ਹਾਂ ਨੇ ਵੀ ਆਪਣਾ ਅਸਤੀਫਾ ਭੇਜਿਆ ਹੋਇਆ ਹੈ। 


ਆਪ ਦੀ ਕੋਰ ਕਮੇਟੀ ਲਵੇਗੀ ਬਾਗੀਆਂ ਖਿਲਾਫ਼ ਫੈਸਲਾ
ਭਰੋਸੇਯੋਗ ਹਲਕਿਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੀ ਸੂਬਾ ਕੋਰ ਕਮੇਟੀ ਦੀ ਅਹਿਮ ਮੀਟਿੰਗ ਇਸੇ ਹਫ਼ਤੇ ਚੋਣ ਨਤੀਜੇ ਆਉਣ ਤੋਂ ਬਾਅਦ ਹੋਵੇਗੀ। ਇਸ ਮੀਟਿੰਗ ਵਿਚ ਪਾਰਟੀ ਨਾਲ ਬੇਵਫ਼ਾਈ ਕਰਨ ਵਾਲਿਆਂ ਖਿਲਾਫ਼ ਕਾਰਵਾਈ ਸਬੰਧੀ ਰਣਨੀਤੀ ਉਲੀਕੀ ਜਾਵੇਗੀ। ਕੋਰ ਕਮੇਟੀ ਦੀ ਮੀਟਿੰਗ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਹੇਠ ਚੰਡੀਗੜ੍ਹ ‘ਚ ਹੋਵੇਗੀ। ਮੀਟਿੰਗ ਵਿਚ ਪਾਰਟੀ ਨੂੰ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ 2 ਵਿਧਾਇਕਾਂ ਅਤੇ ਵੱਖਰੀ ਪਾਰਟੀ ਬਣਾਉਣ ਵਾਲੇ ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਦੀ ਵਿਧਾਨ ਸਭਾ ਦੀ ਮੈਂਬਰੀ ਰੱਦ ਕਰਾਉਣ ਦੇ ਇਲਾਵਾ ਪਾਰਟੀ ਤੋਂ ਬਾਗੀ ਹੋ ਕੇ ਖਹਿਰਾ ਦੀ ਪਾਰਟੀ ਤੋਂ ਫਰੀਦਕੋਟ ਤੋਂ ਲੋਕ ਸਭਾ ਦੀ ਚੋਣ ਲੜਣ ਵਾਲੇ ਆਪ ਵਿਧਾਇਕ ਮਾਸਟਰ ਬਲਦੇਵ ਸਿੰਘ ਜੈਤੋਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ।

Read more