550 ਸਾਲਾ ਪ੍ਰਕਾਸ਼ ਪੁਰਬ: ਸਿੱਖ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੇ 16 ਪੁਰਾਤਨ ਤੇ ਦੁਰਲੱਭ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰਨਗੀਆਂ

-ਕਰਤਾਰਪੁਰ ਲਾਂਘੇ ਕਰਕੇ ਡੇਰਾ ਬਾਬਾ ਨਾਨਕ ਗੇਟ ਵੇਅ ਆਫ਼ ਇੰਡੀਆ ਬਣਿਆ-ਰੰਧਾਵਾ

ਪਟਿਆਲਾ, 21 ਅਕਤੂਬਰ

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਸਮਾਗਮਾਂ ਦੀ ਲੜੀ ਹੇਠ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ, ਗੁਰੂ ਗ੍ਰੰਥ ਸਾਹਿਬ ਦੇ 16 ਉਨ੍ਹਾਂ ਪਵਿੱਤਰ ਪੁਰਾਤਨ ਅਤੇ ਦੁਰਲੱਭ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰ ਸਕਣਗੀਆਂ, ਜਿਹੜੇ ਕਿ ਸੋਨੇ, ਹੀਰੇ ਤੇ ਲਾਲਾਂ ਦੀ ਸਿਆਹੀ ਨਾਲ ਤਿਆਰ ਕੀਤੇ ਗਏ ਹਨ।

ਇਨ੍ਹਾਂ ਸਰੂਪਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਬੱਸ ਰਾਹੀਂ ਰਵਾਨਾ ਕਰਨ ਸਮੇਂ ਪੰਜਾਬ ਦੇ ਜੇਲ੍ਹਾਂ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਅਤੇ ਸਰਬੱਤ ਦੇ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ.ਐਸ. ਉਬਰਾਏ ਨੇ ਖ਼ੁਦ ਸੇਵਾ ਕਰਦਿਆਂ ਪੂਰਨ ਮਰਿਆਦਾ ਨਾਲ ਇਹ ਸਰੂਪ ਬੱਸ ‘ਚ ਸੁਸ਼ੋਭਿਤ ਕੀਤੇ।  

ਗੁਰੂ ਗ੍ਰੰਥ ਸਾਹਿਬ ਦੇ ਇਹ ਦੁਰਲੱਭ ਸਰੂਪ ਜੋ ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਸੁਸ਼ੋਭਿਤ ਸਨ, ਨੂੰ ਸੰਗਤਾਂ ਦੇ ਦਰਸ਼ਨਾਂ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ. ਸਿੰਘ ਓਬਰਾਏ ਵੱਲੋਂ 62 ਲੱਖ ਦੀ ਲਾਗਤ ਨਾਲ ਤਿਆਰ ਕਰਵਾਈ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਵਿਸ਼ੇਸ਼ ਬੱਸ ਰਾਹੀਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਸਮੇਤ ਪੂਰੇ ਪੰਜਾਬ, ਚੰਡੀਗੜ੍ਹ ਤੇ ਦੇਸ਼ ਭਰ ‘ਚ ਲਿਜਾਇਆ ਜਾਵੇਗਾ। ਇਸ ਮੌਕੇ ਸ. ਰੰਧਾਵਾ ਅਤੇ ਸ੍ਰੀ ਸੁਰੇਸ਼ ਕੁਮਾਰ ਨੇ 21 ਤੋਂ 24 ਅਕਤੂਬਰ ਤੱਕ ਚੱਲਣ ਵਾਲੇ ਇੱਕ ਵਿਸ਼ਾਲ ਪੁਸਤਕ ਮੇਲੇ ਦੀ ਵੀ ਸ਼ੁਰੂਆਤ ਕਰਵਾਈ ਅਤੇ ‘ਕਲਿ ਤਾਰਣ ਗੁਰੂ ਨਾਨਕ ਆਇਆ’ ਵਿਸ਼ੇ ‘ਤੇ ਇੱਕ ਵਿਸ਼ੇਸ਼ ਚਰਚਾ ਵੀ ਕੀਤੀ ਗਈ।

ਆਪਣੇ ਸੰਬੋਧਨ ‘ਚ ਕੈਬਨਿਟ ਮੰਤਰੀ ਸ. ਰੰਧਾਵਾ ਨੇ ਦੱਸਿਆ ਕਿ ਭਾਰਤ-ਪਾਕਿ ਦੀਆਂ ਸਰਹੱਦਾਂ ‘ਤੇ ਤਣਾਅ ਦਾ ਸ੍ਰੀ ਕਰਤਾਰਪੁਰ ਲਾਂਘੇ ‘ਤੇ ਕੋਈ ਅਸਰ ਨਹੀਂ ਅਤੇ ਸਭ ਤਿਆਰੀਆਂ ਸਮੇਂ ਸਿਰ ਮੁਕੰਮਲ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਲਾਂਘਾ ਕ੍ਰਾਂਤੀਕਾਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਮੁਤਾਬਕ ਇਕ ਨਵੇਂ ਯੁਗ ਦੀ ਸ਼ੁਰੂਆਤ ਕਰੇਗਾ ਅਤੇ ਇਹ ਗੇਟ ਵੇਅ ਆਫ਼ ਇੰਡੀਆ ਬਣ ਗਿਆ ਹੈ।

ਸ. ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਸਾਹਿਬ ਦੇ ਫਲਸਫ਼ੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਨੂੰ ਦੁਨੀਆਂ ਭਰ ‘ਚ ਪੁੱਜਦਾ ਕਰਨ ਲਈ ਗੰਭੀਰ ਉਪਰਾਲੇ ਕਰ ਰਹੀ ਹੈ ਤਾਂ ਕਿ ਇਹ ਯਤਨ ਅਗਲੇ 100 ਸਾਲਾਂ ਤੱਕ ਵੀ ਯਾਦ ਰੱਖੇ ਜਾਣ। ਸ. ਰੰਧਾਵਾ ਨੇ ਨੌਜਵਾਨਾਂ ਦੀ ਬਿਹਤਰ ਪੜ੍ਹਾਈ ‘ਤੇ ਜੋਰ ਦਿੰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਖੇ ਕਿਰਤ ਕਰੋ ਦੇ ਸਿਧਾਂਤ ‘ਤੇ ਹੁਨਰ ਵਿਕਾਸ ਕੇਂਦਰ ਸਥਾਪਤ ਕੀਤਾ ਜਾ ਰਿਹਾ ਹੈ ਜਦੋਂਕਿ ਪੰਜਾਬੀ ਯੂਨੀਵਰਸਿਟੀ ‘ਚ ਸ੍ਰੀ ਗੁਰੂ ਨਾਨਕ ਭਵਨ ਅਤੇ ਸ੍ਰੀ ਗੁਰੂ ਨਾਨਕ ਚੇਅਰ ਵੀ ਸਥਾਪਤ ਕੀਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਰਾਵੀ ਦਰਿਆ ਨੂੰ ਪਵਿੱਤਰ ਦਸਦਿਆਂ ਇਸ ਦੀ ਗੁਰੂ ਨਾਨਕ ਦੇਵ ਜੀ, ਬਾਦਸ਼ਾਹ ਅਕਬਰ, ਮਹਾਰਾਜਾ ਰਣਜੀਤ ਸਿੰਘ, ਆਜ਼ਾਦੀ ਦੇ ਸੰਘਰਸ਼ ਨਾਲ ਸਾਂਝ ਦਾ ਜਿਕਰ ਕੀਤਾ ਤੇ ਗੁਰੂ ਸਾਹਿਬ ਦੇ ਸੰਦੇਸ਼ ਮੁਤਾਬਕ ਰਾਵੀ ਦੇ ਪਾਣੀ ਸਮੇਤ ਸਾਰੇ ਕੁਦਰਤੀ ਵਸੀਲੇ ਅਗਲੀਆਂ ਪੀੜ੍ਹੀਆਂ ਵਾਸਤੇ ਸੰਭਾਲਣ ਸਮੇਤ ਦੁੱਧ ਅਤੇ ਪੁੱਤਰ ਸੰਭਾਲਣ ਲਈ ਸਾਂਝੇ ਯਤਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸ਼ਹੀਦ ਲਛਮਣ ਸਿੰਘ ਅਤੇ ਕਰਤਾਰਪੁਰ ਲਾਂਘੇ ਲਈ ਅਰਦਾਸ ਕਰਨ ਵਾਲੇ ਭਾਈ ਕੁਲਦੀਪ ਸਿੰਘ ਵਡਾਲਾ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੇਰਾ ਬਾਬਾ ਨਾਨਕ ਦੇ ਵਿਕਾਸ ਲਈ ਕੀਤੇ ਯਤਨਾਂ ਬਾਰੇ ਵੀ ਦੱਸਿਆ।

ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ 3000 ਕਰੋੜ ਰੁਪਏ ਦੇ ਉਲੀਕੇ ਪ੍ਰਾਜੈਕਟਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਰਕਾਰ ਗੁਰੂ ਨਾਨਕ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਪੰਜਾਬ, ਦੇਸ਼ ਹੀ ਨਹੀਂ ਬਲਕਿ ਕੁਲ ਦੁਨੀਆਂ ‘ਚ ਪਹੁੰਚਾਉਣ ਲਈ ਉਪਰਾਲੇ ਕਰ ਰਹੀ ਹੈ। ਸ੍ਰੀ ਸੁਰੇਸ਼ ਕੁਮਾਰ ਨੇ ਆਪਣਾ ਵਿਰਸਾ ਸੰਭਾਲਣ ਅਤੇ ਅਗਲੀਆਂ ਪੀੜ੍ਹੀਆਂ ਲਈ ਕੁਦਰਤੀ ਸਰੋਤ ਸੰਭਾਲਣ ‘ਤੇ ਜ਼ੋਰ ਦਿੰਦਿਆਂ ਗਰੀਬਾਂ ਤੇ ਪਛੜਿਆਂ ਦੀ ਭਲਾਈ ਕਰਨ ਲਈ ਗੁਰੂ ਨਾਨਕ ਦੇ ਸੰਦੇਸ਼ ਨੂੰ ਅਸਲੀ ਅਰਥਾਂ ‘ਚ ਲਾਗੂ ਕਰਨ ਲਈ ਆਖਿਆ।

ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਬੱਸ ਦਾ ਪਹਿਲਾ ਪੜਾਅ ਪਟਿਆਲਾ ਸ਼ਹਿਰ ਹੋਵੇਗਾ ਅਤੇ ਉਪਰੰਤ ਇਹ ਬੱਸ ਨਿਰਧਾਰਤ ਕੀਤੇ ਰੂਟ ਅਨੁਸਾਰ ਪਟਿਆਲਾ, ਪਿੰਡਾਂ ਸ਼ਹਿਰਾਂ ਤੇ ਕਸਬਿਆਂ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਪਹੁੰਚੇਗੀ।ਇਸ ਉਪਰੰਤ ਪੰਜਾਬ ਅੰਦਰਲੇ ਤਿੰਨ ਤਖ਼ਤ ਸਾਹਿਬਾਨ ਤੋਂ ਹੁੰਦੀ ਹੋਈ ਪੰਜਾਬ ਤੋਂ ਬਾਹਰ ਦੋ ਤਖ਼ਤ ਸਾਹਿਬਾਨ ਤੱਕ ਪਹੁੰਚੇਗੀ। ਉਨ੍ਹਾਂ ਨੇ ਸਮੂਹ ਸੰਗਤਾਂ ਨੂੰ ਇਨ੍ਹਾਂ ਸਰੂਪਾਂ ਦੇ ਦਰਸ਼ਨ ਦਿਦਾਰੇ ਕਰਨ ਦੀ ਅਪੀਲ ਕੀਤੀ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐਸ.ਪੀ.ਸਿੰਘ ਓਬਰਾਏ ਨੇ ਕਿਹਾ ਕਿ ਉਹ ਭਵਿੱਖ ‘ਚ ਹੋਰ ਵੀ ਉਪਰਾਲੇ ਸੰਗਤਾਂ ਦੀ ਸੇਵਾ ਲਈ ਕਰਦੇ ਰਹਿਣਗੇ।

ਪ੍ਰੋਫੈਸਰ ਅਤੇ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਡਾ. ਸਰਬਜਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਵੱਲੋਂ ਡੂੰਘੀ ਖੋਜ ਕਰਨ ਉਪਰੰਤ ਕੁਝ ਨਾਨਕ ਨਾਮ ਲੇਵਾ ਸਿੱਖ ਘਰਾਣਿਆਂ ਰਾਹੀਂ ਪੀੜ੍ਹੀ ਦਰ ਪੀੜ੍ਹੀ ਸਾਂਭੇ ਗਏ ਇਨ੍ਹਾਂ ਸਰੂਪਾਂ ਨੂੰ ਇਕੱਤਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੱਥ ਲਿਖਤ ਦੁਰਲੱਭ ਸਰੂਪਾਂ ਦੇ ਦਰਸ਼ਨ ਆਮ ਲੋਕਾਂ ਤੇ ਸ਼ਰਧਾਲੂਆਂ ਨੂੰ ਕਰਵਾਉਣ ਲਈ ਯੂਨੀਵਰਸਿਟੀ ਦੇ ਖੋਜਾਰਥੀ ਪੂਰਨ ਮਰਿਆਦਾ ਨਾਲ ਇਸ ਬੱਸ ਦੀ ਸਾਂਭ ਸੰਭਾਲ ਕਰਨਗੇ। ਇਸ ਬੱਸ ‘ਤੇ ਲੱਗਾ ਡੀਜ਼ੀਟਲ ਡਿਸਪਲੇਅ ਬੋਰਡ ਸਰੂਪਾਂ ਬਾਰੇ ਪੰਜਾਬੀ, ਅੰਗਰੇਜ਼ੀ ਸਮੇਤ ਬਾਹਰਲੇ ਸੂਬਿਆਂ ਦੇ ਸਫ਼ਰ ਦੌਰਾਨ ਉੱਥੋਂ ਦੀਆਂ ਸਥਾਨਕ ਭਾਸ਼ਾਵਾਂ ‘ਚ ਜਾਣਕਾਰੀ ਦੇਵੇਗਾ।

ਇਸ ਤੋਂ ਪਹਿਲਾਂ ਕਲਿ ਤਾਰਣ ਗੁਰੂ ਨਾਨਕ ਆਇਆ ‘ਤੇ ਕਰਵਾਈ ਵਿਚਾਰ ਚਰਚਾ ‘ਚ ਅਜੀਤ ਪ੍ਰਕਾਸ਼ਨ ਸਮੂਹ ਤੇ ਕਾਰਜਕਾਰੀ ਸੰਪਾਦਕ ਸ੍ਰੀ ਸਤਨਾਮ ਸਿੰਘ ਮਾਣਕ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮੁੱਖ ਸੁਰ ਭਾਸ਼ਣ ਦਿੱਤਾ। ਸਮਾਗਮ ਦੌਰਾਨ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਲੋਕ ਕਾਵਿ ਰੂਪਾਂ ਨੂੰ ਸੰਗੀਤਕ ਧੁੰਨਾਂ ਰਾਹੀਂ ਕਲਾਕਾਰ ਯਾਕੂਬ ਗਿੱਲ ਨੇ ਗਾਇਆ। ਦੌਰਾਨ ਇਸ ਮੌਕੇ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਨੌਜਵਾਨ ਸਿਮਰਨਪ੍ਰੀਤ ਸਿੰਘ ਵੱਲੋਂ ਲੱਖ ਲਿਖਤ ਪੋਥੀਆਂ ਵੀ ਪ੍ਰਦਰਸ਼ਤ ਕੀਤੀਆਂ ਗਈਆਂ। ਇਸ ਦੌਰਾਨ ਕੈਬਨਿਟ ਮੰਤਰੀ ਸ. ਰੰਧਾਵਾ, ਸ੍ਰੀ ਸੁਰੇਸ਼ ਕੁਮਾਰ ਤੇ ਹੋਰਨਾਂ ਦਾ ਸਨਮਾਨ ਕੀਤਾ ਗਿਆ। ਡਾ. ਉਬਰਾਏ ਵੱਲੋਂ ਤਿਆਰ ਕਰਵਾਈ ਬੱਸ ਦੀਆਂ ਚਾਬੀਆਂ ਸ. ਰੰਧਾਵਾ ਅਤੇ ਸ੍ਰੀ ਸੁਰੇਸ਼ ਕੁਮਾਰ ਨੇ ਡਾ. ਬੀ.ਐਸ. ਘੁੰਮਣ ਨੂੰ ਸੌਂਪੀਆਂ।

ਇਸ ਮੌਕੇ ਡਾ. ਅਮਰਜੀਤ ਸਿੰਘ ਗਰੇਵਾਲ, ਰਜਿਸਟਰਾਰ ਡਾ. ਐਮ.ਐਸ. ਨਿੱਜਰ, ਡੀਨ ਡਾ. ਜੀ.ਐਸ ਬੱਤਰਾ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਡੀ.ਐਮ. ਸ੍ਰੀ ਰਵਿੰਦਰ ਸਿੰਘ ਅਰੋੜਾ, ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਡੀ.ਐਸ.ਪੀ. ਸੌਰਵ ਜਿੰਦਲ, ਗੁਰੂ ਗੋਬਿੰਦ ਸਿੰਘ ਚੇਅਰ ਦੇ ਪ੍ਰੋਫੈਸਰ ਇੰਚਾਰਜ ਡਾ. ਗੁਰਮੀਤ ਸਿੰਘ ਸਿੱਧੂ, ਡਾ. ਪਰਮਵੀਰ ਸਿੰਘ, ਡਾ. ਮੁਹੰਮਦ ਹਬੀਬ ਸਮੇਤ ਵਿਭਾਗ ਦੇ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਅਤੇ ਵੱਡੀ ਗਿਣਤੀ ਹੋਰ ਪਤਵੰਤੇ ਮੌਜੂਦ ਵੀ ਸਨ।

ਨੰ: ਲਸਪ (ਪ੍ਰੈ.ਰੀ.)-2019/981

ਫੋਟੋ ਕੈਪਸ਼ਨ- ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਪੁਰਾਤਨ ਸਰੂਪਾਂ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਸਿੱਖ ਸੰਗਤਾਂ ਦੇ ਦਰਸ਼ਨਾਂ ਲਈ ਇੱਕ ਵਿਸ਼ੇਸ਼ ਬੱਸ ਰਾਹੀਂ ਰਵਾਨਾ ਕਰਨ ਸਮੇਂ ਪੰਜਾਬ ਦੇ ਜੇਲ੍ਹਾਂ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਅਤੇ ਸਰਬੱਤ ਦੇ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ.ਐਸ. ਉਬਰਾਏ ਇਹ ਸਰੂਪ ਬੱਸ ‘ਚ ਸੁਸ਼ੋਭਿਤ ਕਰਨ ਸਮੇਂ।

Read more