11 May 2021

ਨਗਰ ਕੌਂਸਲਾਂ ਦੀਆਂ ਹੋਣ ਵਾਲੀਆਂ ਚੋਣਾਂ ‘ਚ ਵੀ 50 ਫੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ-ਪਰਨੀਤ ਕੌਰ

ਪਟਿਆਲਾ, 25 ਅਗਸਤ: ਪਟਿਆਲਾ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਕਿਹਾ ਹੈ ਕਿ ਪੰਜਾਬ ਦੇ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਦੀਆਂ ਔਰਤਾਂ ਨੂੰ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਵਿੱਚ 50 ਫੀਸਦੀ ਰਾਖਵਾਕਰਨ ਦਾ ਇਤਿਹਾਸਕ ਫੈਸਲਾ ਕਰਕੇ ਸਮਾਜ ਦੀ ਅੱਧੀ ਆਬਾਦੀ ਨੂੰ ਬਰਾਬਰ ਦਾ ਹੱਕ ਪ੍ਰਦਾਨ ਕੀਤਾ ਹੈ।

ਪਰਨੀਤ ਕੌਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਰਾਜਪੁਰਾ, ਸਨੌਰ, ਨਾਭਾ, ਸਮਾਣਾ ਤੇ ਪਾਤੜਾਂ ਦੀਆਂ ਹੋਣ ਵਾਲੀਆਂ ਆਗਾਮੀ ਚੋਣਾਂ ਵਿੱਚ ਵੀ 50 ਫੀਸਦੀ ਮਹਿਲਾਵਾਂ ਨੂੰ ਚੁਣੇ ਜਾਣ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਇਹ ਚੋਣਾਂ ਹੋਣਗੀਆਂ ਉਸ ਸਮੇਂ ਮਹਿਲਾਵਾਂ ਨੂੰ 50 ਫੀਸਦੀ ਸੀਟਾਂ ਦਿੱਤੀਆਂ ਜਾਣਗੀਆਂ।

ਲੋਕ ਸਭਾ ਮੈਂਬਰ ਨੇ ਪਿਛਲੇ ਸਮੇਂ ਦੌਰਾਨ ਹੋਈਆਂ ਚੋਣਾਂ ਦੌਰਾਨ ਨਗਰ ਨਿਗਮ ਪਟਿਆਲਾ ਅਤੇ ਨਗਰ ਪੰਚਾਇਤ ਘਨੌਰ, ਘੱਗਾ ਅਤੇ ਭਾਦਸੋਂ ਦੀਆਂ ਚੁਣੀਆਂ ਜਾ ਚੁੱਕੀਆਂ 50 ਫੀਸਦੀ ਮਹਿਲਾ ਕੌਂਸਲਰਾਂ ਸਮੇਤ ਜ਼ਿਲ੍ਹੇ ਦੀਆਂ ਮਹਿਲਾ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਸਮੇਤ ਹੋਰ ਮੈਬਰਾਂ ਅਤੇ ਬਲਾਕ ਸੰਮਤੀ ਦੀਆਂ ਚੇਅਰਪਰਸਨ ਮਹਿਲਾਵਾਂ ਤੇ ਮੈਂਬਰਾਂ ਮਹਿਲਾਵਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਉਹ ਆਪਣੇ ਇਲਾਕੇ ਦੇ ਵਿਕਾਸ ‘ਚ ਅਹਿਮ ਯੋਗਦਾਨ ਪਾ ਰਹੀਆਂ ਹਨ।

ਇਸੇ ਦੌਰਾਨ ਸਥਾਨਕ ਸਰਕਾਰਾਂ ਵਿਭਾਗ ਦੇ ਪਟਿਆਲਾ ਖੇਤਰੀ ਡਿਪਟੀ ਡਾਇਰੈਕਟਰ ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਰਾਜਪੁਰਾ ਨਗਰ ਕੌਂਸਲ ਵਿਖੇ ਕੁਲ 31 ਵਾਰਡ ਹਨ, ਜਿਨ੍ਹਾਂ ‘ਚੋਂ 15 ਵਾਰਡ ਮਹਿਲਾਵਾਂ ਲਈ ਰਾਖਵੇਂ ਹਨ। ਨਗਰ ਕੌਂਸਲ ਨਾਭਾ ਵਿਖੇ ਕੁਲ 23 ਵਾਰਡਾਂ ਵਿੱਚੋਂ 11 ਵਾਰਡ, ਸਮਾਣਾ ਦੀਆਂ ਕੁਲ 21 ਵਾਰਡਾਂ ਵਿੱਚੋਂ 10, ਇਸੇ ਤਰ੍ਹਾਂ ਨਗਰ ਕੌਂਸਲ ਸਨੌਰ ਵਿਖੇ ਕੁਲ 15 ਵਾਰਡ ਹਨ ਅਤੇ ਇਨ੍ਹਾਂ ਵਿੱਚੋਂ ਵੀ 7 ਮਹਿਲਾਵਾਂ ਲਈ ਰਾਖਵੇਂ ਹਨ। ਜਦੋਂਕਿ ਨਗਰ ਕੌਂਸਲ ਪਾਤੜਾਂ ਦੀ ਨਵੀਂ ਵਾਰਡਬੰਦੀ ਦਾ ਨੋਟੀਫਿਕੇਸ਼ਨ ਅਜੇ ਹੋਣਾ ਬਾਕੀ ਹੈ, ਜਿਸ ਨਾਲ ਇੱਥੇ 17 ਵਾਰਡ ਬਣਨਗੇ ਅਤੇ ਇੱਥੇ ਵੀ 8 ਵਾਰਡ ਮਹਿਲਾਵਾਂ ਲਈ ਰਾਖਵੇਂ ਹੋਣਗੇ।

Spread the love

Read more

© Copyright 2021, Punjabupdate.com