3582 ਭਰਤੀ ਅਧੀਨ ਨਿਯੁਕਤ ਅੰਗਹੀਣ ਅਧਿਆਪਕਾਂ ਦੀ ਆਪਣੇ ਘਰਾਂ ਦੇ ਨਜ਼ਦੀਕ ਬਦਲੀ ਕਰਨ ਨੂੰ ਸੋਨੀ ਵਲੋਂ ਪ੍ਰਵਾਨਗੀ

ਚੰਡੀਗੜ, 12 ਫ਼ਰਵਰੀ:

ਸਿੱਖਿਆ ਮੰਤਰੀ ਪੰਜਾਬ ਸ਼੍ਰੀ ਓਮ ਪ੍ਰਕਾਸ਼ ਸੋਨੀ ਨੇ ਅੱਜ ਇਕ ਅਹਿਮ ਫ਼ੈਸਲਾ ਲੈਂਦੇ ਹੋਏ 3582 ਭਰਤੀ ਅਧੀਨ ਨਿਯੁਕਤ ਅੰਗਹੀਣ ਅਧਿਆਪਕਾਂ ਦੀ ਆਪਣੇ ਘਰਾਂ ਦੇ ਨਜ਼ਦੀਕ ਬਦਲੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ। 3582 ਭਰਤੀ ਅਧੀਨ ਨਿਯੁਕਤ ਹੋਏ ਅਧਿਆਪਕਾਂ ਨੂੰ ਸੂਬਾ ਸਰਕਾਰ ਨੇ ਸਰਹੱਦੀ ਖੇਤਰ ਵਿੱਚ ਸਿੱਖਿਆ ਤੰਤਰ ਨੁੰ ਮਜਬੂਤ ਕਰਨ ਦੇ ਮਕਸਦ ਨਾਲ ਨੌਕਰੀ ਦੇ ਮੁੱਢਲੇ ਤਿੰਨ ਸਾਲ ਸਰਹੱਦੀ ਜ਼ਿਲਿਆਂ ਵਿੱਚ ਨੌਕਰੀ ਕਰਨ ਲਈ ਪਾਬੰਦ ਕੀਤਾ ਸੀ।

ਅੱਜ ਇਥੇ 3582 ਅਧਿਆਪਕ ਯੂਨੀਅਨ ਅਤੇ ਸਿੱਖਿਆ ਵਿਭਾਗ ਦੀਆਂ ਵੱਖ- ਵੱਖ ਸੁਸਾਇਟੀਆਂ ਅਧੀਨ ਕਲ਼ੈਰੀਕਲ ਨੌਕਰੀ ਕਰ ਰਹੇ ਮੁਲਾਜਮਾਂ ਦੀ ਜਥੇਬੰਦੀਆਂ ਦੇ ਆਗੂਆਂ ਵਲੋਂ ਸਿੱਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨਾਲ ਮੁਲਾਕਾਤ ਕੀਤੀ ਗਈ।

ਇਸ ਮੁਲਾਕਾਤ ਦੌਰਾਨ ਇਨਾਂ ਯੂਨੀਅਨ ਆਗੂਆਂ ਨੇ ਸਰਕਾਰ ਵੱਲੋਂ ਸਕੂਲ ਸਿੱਖਿਆ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ 3582 ਭਰਤੀ ਅਧੀਨ ਨਿਯੁਕਤ ਅਧਿਆਪਕਾਂ ਵਿੱਚ ਕੁਝ ਅੰਗਹੀਣ, ਵਿਧਵਾਵਾਂ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਹਨ ਜਿਸ ਕਾਰਨ ਉਨਾਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਵਿੱਚ ਦਿੱਕਤ ਆ ਰਹੀ ਹੈ।

ਸਿੱਖਿਆ ਮੰਤਰੀ ਨੇ ਇਨ੍ਹਾਂ ਦੀ ਸਾਰੀਆਂ ਮੰਗਾਂ ਸੁਨਣ ਉਪਰੰਤ ਮੀਟਿੰਗ ਵਿੱਚ ਮੌਜੂਦ ਸਕੱਤਰ, ਸਕੂਲ ਸਿੱਖਿਆ, ਕ੍ਰਿਸ਼ਨ ਕੁਮਾਰ ਨੂੰ ਹਦਾਇਤ ਕੀਤੀ ਕਿ ਉਹ 3582 ਭਰਤੀ ਅਧੀਨ ਨਿਯੁਕਤ ਅੰਗਹੀਣ, ਵਿਧਵਾਂਵਾ ਅਤੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਅਧਿਆਪਕਾਂ ਦੀਆਂ 15 ਮਾਰਚ ਤੋਂ ਬਾਅਦ ਉਨਾਂ ਦੇ ਘਰਾਂ ਦੇ ਨਜ਼ਦੀਕ ਬਦਲੀਆਂ ਕਰ ਦੇਣ।

ਮੀਟਿੰਗ ਵਿੱਚ ਹਾਜਰ ਵੱਖ-ਵੱਖ ਸੁਸਾਇਟੀਆਂ ਅਧੀਨ ਕਲ਼ੈਰੀਕਲ ਨੌਕਰੀਆਂ ਕਰ ਰਹੇ ਮੁਲਾਜਮਾਂ ਦੀ ਜਥੇਬੰਦੀ ਦੇ ਆਗੂਆਂ ਨੇ ਸਿੱਖਿਆ ਮੰਤਰੀ ਸ਼੍ਰੀ ਓਮ ਪ੍ਰਕਾਸ਼ ਸੋਨੀ ਨੂੰ ਬੇਨਤੀ ਕੀਤੀ ਕਿ ਜਿਵੇਂ ਐਸ.ਐਸ.ਏ/ਰਮਸਾ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਸੂਬਾ ਸਰਕਾਰ ਵੱਲੋਂ ਸ਼ਰਤਾਂ ਅਨੁਸਾਰ ਪੱਕਾ ਕੀਤਾ ਗਿਆ ਹੈ ਉਸੇ ਤਰਜ ‘ਤੇ ਉਨਾਂ ਦੀਆਂ ਸੇਵਾਂਵਾਂ ਵੀ ਰੈਗੂਲਰ ਕੀਤੀਆ ਜਾਣ। ਜਿਸ ਤੇ ਸਹਿਮਤੀ ਪ੍ਰਗਟਾਉਦਿਆਂ ਸਿੱਖਿਆ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਬਾਬਤ ਏਜੰਡਾ ਤਿਆਰ ਕਰ ਕੇ ਕੈਬਿਨਟ ਦੀ ਪ੍ਰਵਾਨਗੀ ਹਿੱਤ ਭੇਜਣ।

ਸ਼੍ਰੀ ਸੋਨੀ ਇਸ ਮੌਕੇ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਨਾਲ ਹੀ ਅਧਿਆਪਕਾਂ ਦੀ ਭਲਾਈ ਲਈ ਵੀ ਵਚਨਬੱਧ ਹੈ। ਉਨਾਂ ਕਿਹਾ ਕਿ ਸੂਬੇ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਕਈ ਅਧਿਆਪਕ ਵਰਗ ਨੂੰ ਲਾਭ ਪਹੁੰਚਾਉਣ ਵਾਲੇ ਅਤੇ ਸਿੱਖਿਆ ਤੰਤਰ ਦੇ ਹੱਕ ਦੇ ਫ਼ੈਸਲੇ ਲੈ ਗਏ ਹਨ। 

Read more