07 April 2021 04:20 am

26 ਤੇ 27 ਦਸੰਬਰ ਨੂੰ ਪੰਜਾਬ ਵਿੱਚੋਂ 30 ਹਜ਼ਾਰ ਕਿਸਾਨ ਦਿੱਲੀ ਪਹੁੰਚਣਗੇ ,ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਲਈ ਮੁਹਿੰਮ ਸ਼ੁਰੂ, ਸੁਪਰੀਮ ਕੋਰਟ ਮੋਦੀ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਕਹੇ-ਉਗਰਾਹਾਂ

- Posted on 18 December 2020

 ਨਵੀਂ ਦਿੱਲੀ/ਚੰਡੀਗੜ੍ਹ18 ਦਸੰਬਰ:

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅੱਜ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਲੋਕਾਂ ਦੀ ਕੁਰਬਾਨੀ ਅਜਾਈਂ ਨਹੀਂ ਜਾਣ ਦਿੱਤੀ ਜਾਵੇਗੀ। ਇਹ ਕੁਰਬਾਨੀ ਦਿੱਲੀ ਮੋਰਚੇ ‘ਚ ਡਟੇ ਲੋਕਾਂ ਦੇ ਰੋਹ ਨੂੰ ਹੋਰ ਜ਼ਰ੍ਹਬਾਂ ਦੇ ਰਹੀ ਹੈ ਅਤੇ ਲੋਕ ਸਿਦਕਦਿਲੀ ਨਾਲ ਇਨ੍ਹਾਂ ਕੁਰਬਾਨੀਆਂ ਨੂੰ ਸਹਿਣ ਕਰਨਗੇ । ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਟਿਕਰੀ ਬਾਡਰ ‘ਤੇ ਕਿਸਾਨਾਂ ਮਜਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ  ਇਨ੍ਹਾਂ ਸ਼ਹੀਦਾਂ ਨੂੰ ਸਿਜਦਾ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 20 ਦਸੰਬਰ ਨੂੰ ਪੰਜਾਬ ਦੇ ਪਿੰਡ ਪਿੰਡ ਅੰਦਰ ਸ਼ਰਧਾਂਜਲੀ ਇਕੱਤਰਤਾਵਾਂ ਅਤੇ ਕੇਂਦਰ ਸਰਕਾਰ ਵਿਰੁੱਧ ਰੋਸ ਮਾਰਚ ਕੀਤੇ ਜਾਣਗੇ। ਲੋਕ- ਮਨਾਂ ਅੰਦਰ ਇਹਨਾ ਸ਼ਹੀਦਾਂ ਦੀ ਯਾਦ ਨੂੰ ਹੋਰ ਡੂੰਘਾ ਕਰਨ ਲਈ ਇਹ ਸਿਲਸਿਲਾ 21, 22 ਤੇ 23 ਦਸੰਬਰ ਨੂੰ ਵੀ ਜਾਰੀ ਰਹੇਗਾ। ਲਗਭਗ 1500 ਪਿੰਡਾਂ ਵਿੱਚ ਅਜਿਹੇ ਸ਼ਰਧਾਂਜਲੀ ਮਾਰਚ ਕਰਨ ਉਪਰੰਤ 24 ਦਸੰਬਰ ਨੂੰ ਹੋਰ ਵਿਸ਼ਾਲ ਬਲਾਕ ਪੱਧਰੇ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ। ਦਿੱਲੀ ਮੋਰਚੇ ਨੂੰ ਹੋਰ ਸਿਖਰਾਂ ‘ਤੇ ਪਹੁੰਚਾਉਣ ਲਈ ਮੋਰਚੇ ਦੇ ਸ਼ੁਰੂ ਹੋਣ ਤੋਂ ਪੂਰੇ ਇੱਕ ਮਹੀਨੇ ਬਾਅਦ ਭਾਵ 26 ਦਸੰਬਰ ਨੂੰ ਖਨੌਰੀ ਬਾਰਡਰ ਤੋਂ ਤੇ 27 ਦਸੰਬਰ ਨੂੰ ਡੱਬਵਾਲੀ ਬਾਰਡਰ ਤੋਂ 15,15 ਹਜ਼ਾਰ ਦੇ ਜੱਥੇ ਦਿੱਲੀ ਵੱਲ ਰਵਾਨਾ ਕੀਤੇ ਜਾਣਗੇ। ਪੰਜਾਬ ਅੰਦਰ ਦਿੱਲੀ ਮੋਰਚੇ ਦੀ ਤਕੜਾਈ ਲਈ ਆਗੂਆਂ ਦੀ ਇੱਕ ਛੋਟੀ ਪਰਤ ‘ਤੇ ਅਧਾਰਿਤ ਦਿੱਲੀ ਚੱਲੋ ਮੁਹਿੰਮ ਕਮੇਟੀ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਜਥੇਬੰਦ ਕੀਤੀ ਜਾ ਰਹੀ ਹੈ ਜੋ ਦਿੱਲੀ ਜਾਣ ਦੀ ਸਰਗਰਮੀ ਜਥੇਬੰਦ ਕਰਨ ਦੇ ਨਾਲ ਨਾਲ ਪੰਜਾਬ ਅੰਦਰ ਚੱਲ ਰਹੇ ਮੋਰਚਿਆਂ ਨੂੰ ਹੋਰ ਤਕੜਾਈ ਦੇਣ ‘ਚ ਜੁਟੇਗੀ।

ਸੁਪਰੀਮ ਕੋਰਟ ਵੱਲੋਂ ਕਿਸਾਨ ਅੰਦੋਲਨ ਬਾਰੇ ਕੀਤੀਆਂ ਟਿੱਪਣੀਆਂ ‘ਤੇ ਪ੍ਰਤੀਕਰਮ ਦਿੰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਮੁਲਕ ਅੰਦਰ ਸੰਘਰਸ਼ ਕਰਨ ਦੇ ਹੱਕ ‘ਤੇ ਮੜ੍ਹੀਆਂ ਪਾਬੰਦੀਆਂ ਦੇ ਦਰਮਿਆਨ ਕਿਸਾਨਾਂ ਨੇ ਆਪਣਾ ਇਹ ਹੱਕ ਪੁਗਾਇਆ ਹੈ, ਜਿਸ ਨੂੰ ਸਰਬ ਉੱਚ ਅਦਾਲਤ ਨੇ ਵੀ ਪ੍ਰਵਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਮੇਟੀ ਬਣਾ ਕੇ ਮਸਲੇ ਬਾਰੇ ਚਰਚਾ ਕਰਨ ਦੀ ਜ਼ਰੂਰਤ ਤਾਂ ਹੀ ਪੈਦਾ ਹੁੰਦੀ ਜੇਕਰ ਸਮਾਜ ਦੇ ਕਿਸੇ ਹਿੱਸੇ ਵਿੱਚ ਇਨ੍ਹਾਂ ਕਾਨੂੰਨਾਂ ਬਾਰੇ ਕੋਈ ਵੱਖਰੀ ਰਾਏ ਮੌਜੂਦ ਹੋਵੇ। ਮੁਲਕ ਭਰ ਦੇ ਕਿਸਾਨ ਤਾਂ ਕਾਨੂੰਨਾਂ ਖ਼ਿਲਾਫ਼ ਲੱਖਾਂ ਦੀ ਤਾਦਾਦ ‘ਚ ਇਹਨਾਂ ਕਾਨੂੰਨਾਂ ਖਿਲਾਫ਼ ਸੜਕਾਂ ‘ਤੇ ਨਿੱਤਰ ਆਏ ਹਨ ਤੇ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ। ਮੁਲਕ ਦੇ ਬੁੱਧੀਜੀਵੀ ਤੇ ਹੋਰ ਜਮਹੂਰੀ ਹਿੱਸੇ ਵੀ ਇਨ੍ਹਾਂ ਕਾਨੂੰਨਾਂ ਨੂੰ ਸਮਾਜ ਵਿਰੋਧੀ ਤੇ ਕਿਸਾਨ ਵਿਰੋਧੀ ਕਰਾਰ ਦੇ ਰਹੇ ਹਨ ਤੇ ਇਨ੍ਹਾਂ ਨੂੰ ਫੌਰੀ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਹ ਸਮੂਹਿਕ ਲੋਕ- ਰਜ਼ਾ ਹੈ ਜਿਸ ਦਾ ਕੇਂਦਰ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਹੈ, ਤੇ ਮਾਣਯੋਗ ਅਦਾਲਤ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਨੂੰ ਇਸ ਲੋਕ- ਰਜ਼ਾ ਦਾ ਸਨਮਾਨ ਕਰਨ ਲਈ ਕਹੇ। ਉਨ੍ਹਾਂ ਕਿਹਾ ਕਿ ਅਜੇ ਇਹ ਸਰਵਉੱਚ ਅਦਾਲਤ ਵੱਲੋਂ ਦਿੱਤੇ ਗਏ ਸੁਝਾਅ ਹੀ ਹਨ, ਜਦੋਂ ਕਿ ਪੂਰੀ ਪੁਜੀਸ਼ਨ ਤਾਂ ਅਦਾਲਤ ਵੱਲੋਂ ਕੋਈ ਠੋਸ ਕਦਮ ਆਉਣ ਮਗਰੋਂ ਹੀ ਤੈਅ ਕੀਤੀ ਜਾ ਸਕੇਗੀ ਜਾਂ ਅਦਾਲਤ ਵੱਲੋਂ ਕਿਸਾਨ ਜਥੇਬੰਦੀਆਂ ਕੋਲ ਪਹੁੰਚ ਕਰਨ ਦੀ ਹਾਲਤ ‘ਚ ਕੁਝ ਜ਼ਿਆਦਾ ਕਿਹਾ ਜਾ ਸਕਦਾ ਹੈ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਟੇਕ ਸੰਘਰਸ਼ ਉੱਪਰ ਹੈ ਤੇ ਸੰਘਰਸ਼ ਦੇ ਜ਼ੋਰ ਹੀ ਹੱਕ ਹਾਸਲ ਕੀਤੇ ਜਾ ਸਕਦੇ ਹਨ। ਹੁਣ ਤੱਕ ਦਾ ਤਜਰਬਾ ਇਹੀ ਦੱਸਦਾ ਹੈ ਕਿ ਸੰਘਰਸ਼ ਦਾ ਹੱਕ ਤਿਆਗ ਦੇਣ ਮਗਰੋਂ ਸਰਕਾਰਾਂ ਨਾਲ ਨਾ ਕਿਸੇ ਗੱਲਬਾਤ ਦਾ ਕੋਈ ਅਰਥ ਹੁੰਦਾ ਹੈ ਤੇ ਨਾ ਕਿਸੇ ਅਰਜ਼ੀ/ਪੱਤਰ ਦੀ ਸੁਣਵਾਈ ਹੁੰਦੀ ਹੈ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਇਨ੍ਹਾਂ ਕਾਲੇ ਕਾਨੂੰਨਾਂ ਦੀ ਮੁਕੰਮਲ ਵਾਪਸੀ, ਸਭਨਾਂ ਫ਼ਸਲਾਂ ਦੀ ਸਭਨਾਂ ਸੂਬਿਆਂ ‘ਚ ਐੱਮ ਐੱਸ ਪੀ ਉੱਪਰ ਸਰਕਾਰੀ ਖ਼ਰੀਦ ਦਾ ਕਾਨੂੰਨੀ ਹੱਕ ਅਤੇ ਸਰਵਜਨਕ ਪੀ ਡੀ ਐਸ ਵਰਗੀਆਂ ਮੰਗਾਂ  ਲਾਗੂ ਕਰਵਾਉਣ ਲਈ ਡਟੇ ਰਹਿਣਗੇ।

ਅੱਜ ਦਿੱਲੀ ਦੇ ਟਿੱਕਰੀ ਬਾਰਡਰ ‘ਤੇ ਲੱਗੇ ਮੋਰਚੇ ਦੀਆਂ ਸੱਤ ਵੱਖ ਵੱਖ ਸਟੇਜਾਂ ਉੱਪਰ ਕਿਸਾਨਾਂ ਨੇ ਮੋਦੀ ਹਕੂਮਤ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਦਿੱਲੀ ਦੇ ਰੋਹਤਕ ਬਾਈਪਾਸ ਉਪਰ ਡਟਿਆ ਇਹ ਕਾਫ਼ਲਾ ਪੰਜਾਬ ਤੋਂ ਆ ਰਹੀਆਂ ਟਰਾਲੀਆਂ ਦੇ ਜੁੜਨ ਨਾਲ ਦਿਨੋਂ ਦਿਨ ਹੋਰ ਲੰਮਾ ਹੁੰਦਾ ਜਾ ਰਿਹਾ ਹੈ ਜੋ ਪਿਛਲੇ ਕੁਝ ਦਿਨਾਂ ਚ ਹੀ ਕਈ ਕਿਲੋਮੀਟਰ ਤੱਕ ਹੋਰ ਫੈਲ ਗਿਆ ਹੈ। ਪੰਜਾਬ ਤੋਂ ਪਹੁੰਚ ਰਹੇ ਕਿਸਾਨਾਂ ਦੇ ਕਾਫ਼ਲੇ ਸੰਘਰਸ਼ ਦੇ ਹੋਰ ਡੂੰਘਾ ਤੇ ਵਿਸ਼ਾਲ ਹੋ ਜਾਣ ਦਾ ਐਲਾਨ ਬਣ ਰਹੇ ਹਨ।

Read more

Punjabupdate is the free media platform established with a view to uphold what the fourth estate stands for without making any tall claims. Our practice so far has been to be non-conformist rather than flowing with the tide. We know this is not the easy path but then it has always been so. It is credibility and independence that are dear to us and epitomise our core values. We will question what is wrong and espouse what we feel is the right cause, at the same time fully conscious that both are relative terms but we will go by the interpretations are rooted in the collective consciousness of the people. At the same time, we will not stake any claim to be moralists as that can the most difficult test to pass and we admit it.
Copyright 2020 © punjabupdate.com
--> 30000-farmers-from-punjab-to-reach-delhi-on-december-26-and-27-campaign-to-pay-homage-to-martyrs-of-kisan-morcha-begins-supreme-court-urges-modi-government-to-repeal-law.htmlx