1974 ਦੇ ਦੁਵੱਲੇ ਪ੍ਰੋਟੋਕਾਲ ਮੁਤਾਬਕ 13 ਅਕਤੂਬਰ ਨੂੰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਇਆ ਜਾਵੇਗਾ ਨਗਰ ਕੀਰਤਨ : ਦਿੱਲੀ ਗੁਰਦੁਆਰਾ ਕਮੇਟੀ

Punjab Update

ਨਵੀਂ ਦਿੱਲੀ, 11 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਤਖਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕ ਕਮੇਟੀ ਦੇ ਨਾਲ ਮਿਲ ਕੇ ਭਾਰਤ ਅਤੇ ਪਾਕਿਸਤਾਨ ਦਰਮਿਆਨ 1974 ਦੇ ਤੈਅ ਹੋਏ ਪ੍ਰੋਟੋਕਾਲ ਅਨੁਸਾਰ ਦਿੱਲੀ ਤੋਂ ਸ੍ਰੀ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ 13 ਅਕਤੂਬਰ ਤੋਂ ਸਜਾਇਆ ਜਾਵੇਗਾ। ਇਹ ਪ੍ਰਗਟਾਵਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸz ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਹੋਰ ਅਹੁਦੇਦਾਰਾਂ ਨੇ ਕੀਤਾ ਹੈ।

            ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਸਿਰਸਾ ਤੇ ਸ੍ਰੀ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੀਆਂ ਸੰਗਤਾਂ ਵੱਲੋਂ ਸਜਾਏ ਜਾ ਰਹੇ  ਨਗਰ ਕੀਰਤਨ ਲਈ ਲੋੜੀਂਦੀਆਂ ਮਨਜ਼ੂਰੀ ਲੈਣ ਵਾਸਤੇ ਭਾਰਤ ਸਰਕਾਰ  ਅਤੇ ਦਿੱਲੀ ਸਰਕਾਰ ਦੇ  ਗ੍ਰਹਿ ਮਾਮਲਿਆਂ ਸਮੇਤ ਵੱਖ ਵੱਖ ਵਿਭਾਗਾਂ ਕੋਲੋਂ ਮਨਜ਼ੂਰੀ ਪ੍ਰਾਪਤ ਕਰ ਲਈ ਹੈ। ਉਹਨਾਂ ਦੱਸਿਆ ਕਿ ਭਾਰਤ ਤੋਂ ਪਾਕਿਸਤਾਨ ਵਿਚ ਨਗਰ ਕੀਰਤਨ ਲਿਜਾਣ ਦਾ ਮਾਮਲਾ ਕਿਉਂਕਿ ਦੋ ਦੇਸ਼ਾਂ ਦੇ ਵਿਚਕਾਰ ਦਾ ਮਾਮਲਾ ਹੈ, ਇਸ ਲਈ ਪਾਕਿਸਤਾਨ  ਸਰਕਾਰ ਤੋਂ ਪ੍ਰਵਾਨਗੀ ਭਾਰਤ ਸਰਕਾਰ ਵੱਲੋਂ ਲੈ ਕੇ ਦਿੱਤੀ ਜਾਵੇਗੀ।

            ਇਸ ਮਾਮਲੇ ਵਿਚ ਪਰਮਜੀਤ ਸਿੰਘ ਸਰਨਾ ਤੇ ਹਰਵਿੰੰਦਰ ਸਿੰਘ ਸਰਨਾ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਮੁੱਢੋਂ ਹੀ ਰੱਦ ਕਰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਕੌਮਾਂਤਰੀ ਪੱਧਰ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਨਗਰ ਕੀਰਤਨ ਸਜਾਉਣ ਲਈ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਵਾਨਗੀ ਦੀ ਕੋਈ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਨਾ ਭਰਾ ਦਿੱਲੀ ਦੀਆਂ ਸੰਗਤਾਂ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਦੇ ਰਾਹ ਵਿਚ ਵਾਰ ਵਾਰ ਰੋੜੇ ਅਟਕਾਉਣ  ਅਤੇ ਇਸਨੂੰ ਰੋਕਣ ਦਾ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਦੀ ਇੱਛਾ ਹੈ ਕਿ ਉਹਨਾਂ ਵੱਲੋਂ ਨਗਰ ਕੀਰਤਨ ਦੇ ਨਾਮ ‘ਤੇ ਮਾਇਆ ਇਕੱਤਰ ਕਰ ਲਈ ਜਾਵੇ ਜਦਕਿ ਦਿੱਲੀ ਦੀਆਂ ਸੰਗਤਾਂ ਦੇ ਨਗਰ ਕੀਰਤਨ ਦੇ  ਰਾਹ ਵਿਚ ਰੁਕਾਵਟਾਂ ਪਾਈਆਂ ਜਾਣ।  ਉਹਨਾਂ ਦੱਸਿਆ ਕਿ ਪਾਕਿਸਤਾਨ ਵਿਚ ਉਥੋਂ ਦੇ ਵਸਨੀਕ ਮੁਹੰਮਦ ਅਸਲਮ ਖਾਨ ਨੇ  ਦੇਸ਼ ਦੀ ਪ੍ਰਸਿੱਧ ਅਖਬਾਰ ਵਿਚ ਲਿਖੇ ਆਪਣੇ ਲੇਖ ਵਿਚ ਵੀ ਸਰਨਾ ਭਰਾਵਾਂ ਦਾ  ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ  ਆਪਣੇ ਲਿਖੇ ਲੇਖ ਵਿਚ ਦੱਸਿਆ ਹੈ ਕਿ ਪਾਕਿਸਤਾਨ ਵਿਚ  ਕਾਰ ਸੇਵਾ ਦੇ ਨਾਮ ‘ਤੇ  ਵੱਡੇ ਘੁਟਾਲੇ ਹੋ ਰਹੇ ਹਨ। ਉਹਨਾਂ ਇਸ ਅਖਬਾਰ ਦੀ ਕਾਪੀ ਵੀ ਮੌਕੇ ‘ਤੇ ਵਿਖਾਈ।

 ਉਹਨਾਂ ਦੱਸਿਆ ਕਿ ਦੋਵਾਂ ਦੇਸ਼ਾਂ ਦਰਮਿਆਨ 1974 ਦੇ ਪ੍ਰੋਟੋਕੋਲ ਅਨੁਸਾਰ ਇਹ ਨਗਰ ਕੀਰਤਨ ਸਜਾਏ ਜਾਂਦੇ ਹਨ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਪ੍ਰਵਾਨਗੀ ਲੋੜੀਂਦੀ ਹੁੰਦੀ ਹੈ। ਉਹਨਾਂ ਕਿਹਾ ਕਿ ਭਾਰਤ ਤੋਂ ਨਗਰ ਕੀਰਤਨ ਸਜਾਉਣ ਲਈ ਭਾਰਤ ਸਰਕਾਰ ਹੀ ਪਾਕਿਸਤਾਨ ਤੋਂ ਪ੍ਰਵਾਨਗੀ ਲੈ ਕੇ ਦਿੰਦੀ ਹੈ ਅਤੇ ਜੇਕਰ ਪਾਕਿਸਤਾਨ ਤੋਂ ਭਾਰਤ ਤੱਕ ਨਗਰ ਕੀਰਤਨ ਸਜਾਇਆ ਜਾਣਾ ਹੈ ਤਾਂ ਇਹ ਪ੍ਰਵਾਨਗੀ ਪਾਕਿਸਤਾਨੀ ਸਰਕਾਰ ਹੀ ਭਾਰਤ ਤੋਂ ਲੈ ਕੇ ਪ੍ਰਬੰਧਕਾਂ ਨੂੰ ਦਿੰਦੀ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਤੋਂ ਪਰਤੇ ਸਰਨਾ ਭਰਾਵਾਂ ਵੱਲੋਂ ਸੰਗਤ ਨੁੂੰ ਗੁੰਮਰਾਹ ਕਰਨ ਲਈ ਜੋ ਬਿਆਨਬਾਜ਼ੀ ਕੀਤੀ ਹੈ, ਉਹ ਬੇਹੱਦ ਮੰਦਭਾਗੀ ਹੈ। ਉਹਨਾਂ ਦੱਸਿਆ ਕਿ ਜੋ ਨਗਰ ਕੀਰਤਨ ਸਰਨਾ ਭਰਾਵਾਂ ਵੱਲੋ ਸਜਾਇਆ ਜਾ ਰਿਹਾ ਹੈ, ਉਸ ਵਾਸਤੇ ਲੋੜੀਂਦੀਆਂ ਪ੍ਰਵਾਨਗੀਆਂ ਲੈਣ ਵਾਸਤੇ ਹਾਲੇ ਤੱਕ ਸਰਨਾ ਭਰਾਵਾਂ ਨੇ ਭਾਰਤ ਸਰਕਾਰ ਕੋਲ ਕੋਈ ਅਰਜ਼ੀ ਨਹੀਂ ਦਿੱਤੀ ਜਦਕਿ ਸਾਲ 2004 ਵਿਚ ਜਦੋਂ ਉਹਨਾਂ ਪਾਕਿਸਤਾਨ ਤੱਕ ਨਗਰ ਕੀਰਤਨ ਸਜਾਇਆ ਸੀ ਤਾਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲਈਆਂ ਗਈਆਂ ਸਨ।

            ਸ੍ਰੀ ਸਿਰਸਾ ਨੇ  ਇਹ ਵੀ ਖੁਲਾਸਾ ਕੀਤਾ ਕਿ ਸਾਲ 2004 ਵਿਚ ਸਜਾਏ ਗਏ ਨਗਰ ਕੀਰਤਨ ਦੌਰਾਨ ਇਕੱਤਰ ਹੋਈ ਰਾਸ਼ੀ ਦਿੱਲੀ ਗੁਰਦੁਆਰਾ ਕਮੇਟੀ ਦੇ ਖ਼ਜ਼ਾਨੇ ਵਿਚ ਜਮਾਂ ਨਹੀਂ ਕਰਵਾਈ ਗਈ ਅਤੇ ਇਸ ਵਾਰ ਵੀ ਉਹ 1500 ਵਿਅਕਤੀਆਂ ਤੋਂ 5000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਉਗਰਾਹੀ ਕਰ ਰਹੇ ਹਨ ਜਦਕਿ  ਸਰਕਾਰੀ ਫੀਸ ਸਿਰਫ 200 ਰੁਪਏ ਪ੍ਰਤੀ ਵਿਅਕਤੀ ਹੈ ਜੋ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਨਗਰ ਕੀਰਤਨ ਵਿਚ ਜਾਣ ਵਾਲੇ 550 ਸ਼ਰਧਾਲੂਆਂ ਤੋਂ ਲਈ ਗਈ ਹੈ।

            ਸ੍ਰੀ ਸਿਰਸਾ ਤੇ ਹੋਰਨਾਂ ਮੈਂਬਰਾਂ ਨੇ ਵਾਰ ਵਾਰ ਦੁਹਰਾਇਆ ਕਿ ਉਹ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ‘ਤੇ ਕਿਸੇ ਤਰਾਂ ਵੀ ਵਿਵਾਦ ਵਿਚ ਨਹੀਂ ਪੈਣਾ  ਚਾਹੁੰਦੇ ਸਨ ਪਰ ਸਰਨਾ ਭਰਾਵਾਂ ਨੇ ਕੂੜ ਪ੍ਰਚਾਰ ਕਰ ਕੇ ਉਹਨਾਂ ਨੂੰ ਇਹ ਜਵਾਬ ਦੇਣ ਲਈ ਮਜਬੂਰ ਕੀਤਾ ਹੈ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਵੱਲੋਂ ਗੁਰੂ ਘਰ ਕੰਗਾਲ ਹੋਣ ਬਾਰੇ ਦਿੱਤਾ ਬਿਆਨ ਨਾ ਸਿਰਫ ਮੰਦਭਾਗਾ ਹੈ ਬਲਕਿ ਇਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ ਕਿਉਂਕਿ ਗੁਰੂ ਘਰ ਕਦੇ ਕੰਗਾਲ ਨਹੀਂ ਹੋ ਸਕਦੇ।

            ਸ੍ਰੀ ਸਿਰਸਾ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਰੂਹਾਨੀ ਪ੍ਰਕਾਸ਼ ਪ੍ਰੋਗਰਾਮਾਂ ਦਾ ਸੱਦਾ ਸਰਨਾ ਭਰਾਵਾਂ ਨੂੰ ਵੀ ਭੇਜਿਆ ਗਿਆ ਸੀ ਅਤੇ ਹੁਣ ਵੀ ਉਹ ਬੇਨਤੀ ਕਰਦੇ ਹਨ ਕਿ ਸੰਗਤ ਵੱਲੋਂ ਸਜਾਏ ਜਾ ਰਹੇ ਨਗਰ ਕੀਰਤਨ ਵਿਚ  ਉਹ ਸ਼ਾਮਲ ਹੋਣ।  ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਰਨਾ ਭਰਾ ਨਗਰ ਕੀਰਤਨ ਦੇ ਨਾਮ ‘ਤੇ ਸਿਰਫ ਸਿਆਸਤ ਕਰ ਰਹੇ ਹਨ  ਅਤੇ ਹੁਣ ਤੱਕ ਮਨਜ਼ੂਰੀਆਂ ਵਾਸਤੇ ਅਪਲਾਈ ਨਾ ਕਰਨਾ, ਨਗਰ ਕੀਰਤਨ ਸਜਾਉਣ ਦੇ ਇਰਾਦਿਆਂ ‘ਤੇ ਸਵਾਲੀਆ ਨਿਸ਼ਾਨ  ਲਗਾਉਂਦਾ ਹੈ।

            ਉਹਨਾਂ ਨੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕੀਤੀ ਕਿ ਉਹ ਰਾਜਨੀਤੀ ਕਰਨ ਨਾਲੋਂ ਆਪਣੇ ਸਵੈ ਮਾਣ ‘ਤੇ ਕਾਇਮ ਰਹਿਣ । ਉਹਨਾਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਕਮੇਟੀ ਕਿਸੇ ਵੀ ਸ਼ਰਧਾਲੂ ਨੂੰ ਮੱਥਾ ਟੇਕਣ ਤੋਂ ਨਹੀਂ ਰੋਕ ਸਕਦੀ। ਉਹਨਾਂ ਕਿਹਾ ਕਿ ਜੋ ਨਗਰ ਕੀਰਤਨ 13 ਅਕਤੂਬਰ ਤੋਂ ਸ਼ੁਰੂ ਹੋਵੇਗਾ ਉਹ 17 ਅਕਤੁੂਬਰ ਨੂੰ ਪਾਕਿਸਤਾਨ ਵਿਚ ਪ੍ਰਵੇਸ਼ ਕਰੇਗਾ ਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਜਾ ਕੇ ਸੰਪੰਨ ਹੋਵੇਗਾ।

Read more