ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ ਤੋਂ ਕੋਵਿਡ ਦੇ ਲਏ 106 ਨਮੂਨੇ
*ਮਿਸ਼ਨ ਫਤਹਿ ਤਹਿਤ 71 ਰੈਪਿਡ ਐਂਟੀਜਨ ਟੈਸਟ ਕਰ ਕੇ ਮੌਕੇ ਤੇ ਰਿਪੋਰਟ ਮੁਹੱਈਆ ਕਰਵਾਈ
*ਕੋਰੋਨਾ ਟੈਸਟ ਦੀ ਪ੍ਰਕਿਰਿਆ ਬਿਲਕੁੱਲ ਸੁਖਾਲੀ, ਕੋਈ ਤਕਲੀਫ਼ ਨਹੀ ਹੁੰਦੀ-ਡਾ. ਗੀਤਾ
ਸੰਦੌੜ/ਸੰਗਰੂਰ, 28 ਸਤੰਬਰ:
ਡਿਪਟੀ ਕਮਿਸਨਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ ਰਾਜ ਕੁਮਾਰ ਦੇ ਦਿਸਾ ਨਿਰਦੇਸਾਂ ਤੇ ਬਲਾਕ ਫਤਿਹਗੜ੍ਹ ਪੰਜਗਰਾਈਆਂ ਅਧੀਨ ਵੱਖ-ਵੱਖ ਪਿੰਡਾਂ ਵਿੱਚੋਂ ਕੋਵਿਡ -19 ਦੇ 106 ਨਮੂਨੇ ਲਏ ਗਏ ਜਿਸ ਵਿੱਚੋਂ 71 ਰੈਪਿਡ ਐਂਟੀਜਨ ਟੈਸਟ ਦੇ ਨਮੂਨੇ ਲੈ ਕੇ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾ ਨੇ ਕਿਹਾ ਕਿ ਬਲਾਕ ਅਧੀਨ ਪਿੰਡ ਤੱਖੜ ਕਲਾਂ, ਫਤਿਹਗੜ੍ਹ ਪੰਜਗਰਾਈਆਂ, ਕੁੱਪ ਕਲਾਂ, ਅਬਦੁੱਲਾਪੁਰ ਅਤੇ ਕੁਠਾਲਾ ਵਿਖੇ ਕੋਵਿਡ 19 ਦੇ 106 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 71 ਰੈਪਿਡ ਐਂਟੀਜਨ ਟੈਸਟ ਲਏ ਗਏ ਜੋ ਕੀ ਸਾਰੇ ਨੈਗੇਟਿਵ ਆਏ। ਉਨ੍ਹਾਂ ਪਿੰਡ ਵਾਸੀਆ ਨੂੰ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੈਸਟ ਅਤੇ ਇਲਾਜ ਦੀਆਂ ਸੇਵਾਵਾਂ ਮੁਫਤ ਦਿੱਤੀਆ ਜਾ ਰਹੀਆ ਹਨ। ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੌਖੀ ਹੈ ਅਤੇ ਵਿਅਕਤੀ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਨਹੀਂ ਹੁੰਦੀ। ਇਸ ਵਿੱਚ ਕੁਝ ਸਕਿੰਟਾਂ ਦਾ ਹੀ ਸਮਾਂ ਲੱਗਦਾ ਹੈ।
ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸੇਸ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਬਲਾਕ ਨੋਡਲ ਅਫਸਰ ਡਾ.ਰੀਤੂ ਸੇਠੀ , ਬਲਾਕ ਐਜੂਕੇਟਰ ਸੋਨਦੀਪ ਸੰਧੂ ਸਿਹਤ ਇੰਸਪੈਕਟਰ ਗੁਰਮੀਤ ਸਿੰਘ, ਨਿਰਭੈ ਸਿੰਘ, ਗੁਲਜਾਰ ਖਾਨ, ਡਾ. ਇਰਫਾਨ, ਰਾਜੇਸ ਰਿਖੀ, ਬੀ. ਐਸ.ਏ. ਮਨਦੀਪ ਸਿੰਘ ਆਦਿ ਹਾਜਰ ਸਨ।