ਫ਼ਰੀਦਕੋਟ ਹਿਰਾਸਤੀ ਮੌਤ ਤੇ ਆਤਮ ਹੱਤਿਆ ਕਾਂਡ ‘ਤੇ ‘ਆਪ’ ਨੇ ਘੇਰੀ ਕੈਪਟਨ ਸਰਕਾਰ

ਪੰਜਾਬ ਜਲ ਰਿਹਾ ਹੈ, ਰਾਜਾ ਬੰਸਰੀ ਵਜਾ ਰਿਹਾ ਹੈ=ਭਗਵੰਤ ਮਾਨ 

ਚੰਡੀਗੜ੍ਹ, 22 ਮਈ 2019

    ਫ਼ਰੀਦਕੋਟ ‘ਚ ਨੌਜਵਾਨ ਦੀ ਹਿਰਾਸਤੀ ਮੌਤ ਅਤੇ ਪੁਲਸ ਇੰਸਪੈਕਟਰ ਆਤਮ-ਹੱਤਿਆ ਕਾਂਡ ‘ਤੇ ਗਹਿਰਾ ਅਫ਼ਸੋਸ ਜ਼ਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ ਹੈ। 

    ‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਅਤੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਫ਼ਰੀਦਕੋਟ ਦੀ ਦਿਲ ਦਹਿਲਾਉਣ ਵਾਲੀ ਘਟਨਾ ਤੋਂ ਬੇਖ਼ਬਰ ਮੁੱਖ ਮੰਤਰੀ ਆਪਣੀ ਪਾਕਿਸਤਾਨੀ ਮਹਿਲਾ ਮਿੱਤਰ ਦਾ ਪੰਜ ਤਾਰਾ ਹੋਟਲ ‘ਚ ਜਨਮ ਦਿਨ ਮਨਾਉਣ ਦੀਆਂ ਤਿਆਰੀਆਂ ‘ਚ ਰੁੱਝੇ ਹੋਏ ਹਨ। 

    ਭਗਵੰਤ ਮਾਨ ਨੇ ਕਿਹਾ ਕਿ ਘਟਨਾ ਦੇ 24 ਘੰਟਿਆਂ ਬਾਅਦ ਵੀ ਮੁੱਖ ਮੰਤਰੀ, ਜਿੰਨਾ ਕੋਲ ਗ੍ਰਹਿ ਮੰਤਰਾਲੇ ਵਿਭਾਗ ਵੀ ਹੈ, ਨੇ ਅਜੇ ਤੱਕ ਕੋਈ ਪ੍ਰਤੀਕਰਮ ਜਾ ਬਣਦਾ ਕਦਮ ਨਹੀਂ ਉਠਾਇਆ। 

    ਭਗਵੰਤ ਮਾਨ ਨੇ ਵਿਸ਼ਵ ਪ੍ਰਸਿੱਧ ਕਹਾਵਤ, ‘ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾ ਰਿਹਾ ਸੀ’ ਦੇ ਹਵਾਲੇ ਨਾਲ ਕੈਪਟਨ ਅਮਰਿੰਦਰ ਸਿੰਘ ‘ਤੇ ਦੋਸ਼ ਲਗਾਇਆ ਕਿ ਇੱਕ ਪਾਸੇ ਸੂਬੇ ‘ਚ ਕਾਨੂੰਨ ਵਿਵਸਥਾ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸਿਆਸੀ ਦਖ਼ਲਅੰਦਾਜ਼ੀ ਕਾਰਨ ਪੁਲਸ ਤੰਤਰ ਜਾ ਬੇਕਾਬੂ ਹੈ ਜਾ ਫਿਰ ਦਬਾਅ ਥੱਲੇ ਕੰਮ ਕਰ ਰਿਹਾ ਹੈ। ਹਰ ਰੋਜ਼ ਨੌਜਵਾਨ ਨਸ਼ੇ ਦੀ ਉਵਰਡੋਜ਼ ਨਾਲ ਮਰ ਰਹੇ ਹਨ। ਕਰਜ਼ ਦੇ ਭੰਨੇ ਕਿਸਾਨ ਤੇ ਮਜ਼ਦੂਰ ਆਤਮ ਹੱਤਿਆਵਾਂ ਕਰ ਰਹੇ ਹਨ। ਬੇਰੁਜ਼ਗਾਰ ਅਤੇ ਮੁਲਾਜ਼ਮ ਸੰਗਠਨ ਸੜਕਾਂ ‘ਤੇ ਹਨ ਜਦਕਿ ਗ਼ਰੀਬ ਦਲਿਤ ਹਾਸ਼ੀਏ ‘ਤੇ ਸੁੱਟ ਦਿੱਤੇ ਗਏ ਹਨ, ਪਰੰਤੂ ‘ਮਹਾਰਾਜੇ’ ਨੂੰ ਰੋਮ ਦੇ ਰਾਜੇ ਨੀਰੇ ਵਾਂਗ ਇਨ੍ਹਾਂ ਤ੍ਰਾਸਦੀਆਂ ਦੀ ਕੋਈ ਪ੍ਰਵਾਹ ਨਹੀਂ। 

    ਮਾਨ ਨੇ ਕਿਹਾ ਕਿ ਸੂਬੇ ਦੇ ਅਜਿਹੇ ਬਦਤਰ ਹਲਾਤਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਕਿਸ ਮੂੰਹ ਆਪਣੀ ਪਾਕਿਸਤਾਨੀ ਮਹਿਲਾ ਮਿੱਤਰ ਦਾ ਜਨਮ ਦਿਨ ਐਨੀ ਧੂਮਧਾਮ ਨਾਲ ਕਿਵੇਂ ਮਨਾ ਸਕਦੇ ਹਨ। 

    ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਇਸ ਸਰਕਾਰ ਤੋਂ ਕੋਈ ਆਸ-ਉਮੀਦ ਨਹੀਂ ਰੱਖਣੀ ਚਾਹੀਦੀ, ਇਸ ਲਈ ਅਜਿਹੀਆਂ ਬੇਇਨਸਾਫ਼ੀਆਂ ਅਤੇ ਧੱਕੇਸ਼ਾਹੀਆਂ ਖ਼ਿਲਾਫ਼ ਖ਼ੁਦ ਹੀ ਲੜਨਾ ਪਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਫ਼ਰੀਦਕੋਟ ਕਾਂਡ ਦੇ ਉੱਚ ਪੁਲਸ ਅਧਿਕਾਰੀਆਂ ਨੂੰ ਚਿਤਾਵਨੀ ਭਰੇ ਲਹਿਜ਼ੇ ਨਾਲ ਗੱਲ ਕਰਕੇ ਪੀੜਤ ਪਰਿਵਾਰਾਂ ਲਈ ਇਨਸਾਫ਼ ਅਤੇ ਇਸ ਮਾਮਲੇ ‘ਚ ਸ਼ਾਮਲ ਹੋਰਨਾਂ ਲੋਕਾਂ ਅਤੇ ਪੁਲਿਸ ਅਧਿਕਾਰੀਆਂ-ਕਰਮਚਾਰੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਮੰਗੀ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸਰਕਾਰ ਵਿਰੁੱਧ ਫ਼ੈਸਲਾਕੁਨ ਮੋਰਚਾ ਖੋਲਿਆਂ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਦੀ ਫ਼ਰੀਦਕੋਟ ਲੀਡਰਸ਼ਿਪ ਪੀੜਤ ਪਰਿਵਾਰ ਨਾਲ ਡਟ ਕੇ ਖੜੀ ਹੈ। 

Read more